Close
Menu

‘ਆਪ’ ਦੇ ਅਸੂਲਾਂ ’ਤੇ ਖੜ੍ਹੇ ਆਗੂ ਮੇਰੇ ਸੰਪਰਕ ’ਚ: ਯੋਗੇਂਦਰ ਯਾਦਵ

-- 02 August,2015

ਚੰਡੀਗੜ੍ਹ, ਸਵਰਾਜ ਅਭਿਆਨ ਦੇ ਮੋਢੀ ਯੋਗੇਂਦਰ ਯਾਦਵ ਨੇ ਅੱਜ ਖ਼ੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਵਿਚਲੇ ਪਾਰਟੀ ਦੇ ਸਿਧਾਂਤਾਂ ’ਤੇ ਖੜ੍ਹੇ ਪ੍ਰਮੁੱਖ ਆਗੂ ਅੱਜ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਕੁਝ ਸਮੇਂ ਬਾਅਦ ਹੀ ਸਭ ਕੁਝ ਸਾਹਮਣੇ ਆ ਜਾਵੇਗਾ।
ਸ੍ਰੀ ਯਾਦਵ ਨੇ ਅੱਜ ਸਵਰਾਜ ਅਭਿਆਨ ਦੇ ਸਕੱਤਰ ਰਾਜੀਵ ਗੋਦਾਰਾ, ਹਰਿਆਣਾ ਇਕਾਈ ਦੇ ਕਨਵੀਨਰ ਪਰਮਜੀਤ ਸਿੰਘ, ਪ੍ਰਚਾਰ ਕਮੇਟੀ ਦੀ ਮੁਖੀ ਸ਼ਾਲਿਨੀ ਅਤੇ ਸਲਾਹਕਾਰ ਕਮੇਟੀ ਦੇ ਮੈਂਬਰ ਆਨੰਦ ਪ੍ਰਕਾਸ਼ ਆਦਿ ਸਮੇਤ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਵਿਚਲੇ ਪ੍ਰਮੁੱਖ ਸਿਧਾਂਤਕਾਰੀ ਆਗੂ ਅੱਜ ਵੀ ਉਨ੍ਹਾਂ ਨੂੰ ਫੋਨ ਕਰਕੇ ਦੱਸਦੇ ਹਨ ਕਿ ਪਾਰਟੀ ਵਿੱਚ ਉਨ੍ਹਾਂ ਦਾ ਦਮ ਘੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਪਾਰਟੀ ਵਿੱਚੋਂ ਨਹੀਂ ਨਿਕਲੇ ਸਗੋਂ ‘ਆਪ’ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜ਼ਿੱਦ ਕਰਕੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਿਆ ਹੈ।
ਸ੍ਰੀ ਯਾਦਵ ਨੇ  ਕਿਹਾ ਕਿ ਜਿਵੇਂ ਉਨ੍ਹਾਂ ਨੂੰ ਸੱਚ ਬੋਲਣ ਦੀ ਸਜ਼ਾ ਮਿਲੀ ਹੈ, ਇਸੇ ਤਰ੍ਹਾਂ ਸੱਚ ਬੋਲਣ ’ਤੇ ਪਟਿਆਲਾ ਤੋਂ ‘ਆਪ’ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੇ ਜਿਥੇ ਪੁਤਲੇ ਸੜਵਾਏ ਗਏ ਹਨ ਉਥੇ ਉਨ੍ਹਾਂ ਦੇ ਵਿਰੋਧੀਆਂ ਨੂੰ ਬਰਾਬਰ ਖੜ੍ਹਾ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ੲਿਸ ਲੲੀ ਸੱਚ ਬੋਲਣ ਵਾਲੇ ਲੲੀ ਹੁਣ ‘ਆਪ’ ਵਿੱਚ ਕੋਈ ਥਾਂ ਨਹੀਂ ਰਹੀ। ੳੁਨ੍ਹਾਂ ਕਿਹਾ ਕਿ ‘ਆਪ’ ਵਿੱਚੋਂ ਕੱਢੇ ਗੲੇ ਡਾ. ਦਲਜੀਤ ਸਿੰਘ ਅੰਮ੍ਰਿਤਸਰ ਨੇ ਜੈ ਕਿਸਾਨ ਅੰਦੋਲਨ ਨੂੰ ਲਿਖਤੀ ਹਮਾਇਤ ਦੇ ਦਿੱਤੀ ਹੈ।
ਉਨ੍ਹਾਂ ਦੋਸ਼ ਲਾੲਿਅਾ ਕਿ ਦੇਸ਼ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਂਗ ਹੁਣ ਕੇਜਰੀਵਾਲ ਵੀ ਪੰਜਾਬ ਦੀ ਸਿਆਸਤ ਨੂੰ ਦਿੱਲੀ ਤੋਂ ਚਲਾਉਣ ਦੀ ਭੁੱਲ ਕਰ ਰਹੇ ਹਨ, ਇਸੇ ਲਈ ‘ਆਪ’ ਦੀ ਪੰਜਾਬ ਇਕਾਈ ਵਿੱਚ ਨਿੱਤ-ਦਿਨ ਫੁੱਟ ਦੀਆਂ ਸੁਰਾਂ ਉਠ ਰਹੀਆਂ ਹਨ। ਸ੍ਰੀ ਯਾਦਵ ਨੇ ਦੋਸ਼ ਲਾਇਆ ਕਿ ਮੋਦੀ ਦੀ ਭਾਰਤ ਸਰਕਾਰ ਨੈਸ਼ਨਲ ਹਾਈਵੇਅ ਅਥਾਰਟੀ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਨਵੇਂ ਕਾਨੂੰਨਾਂ ਦੀ ਥਾਂ ਪੁਰਾਣੀਆਂ ਦਰਾਂ ’ਤੇ ਹੜੱਪ ਕੇ ਧੋਖਾ ਕਰ ਰਹੀ ਹੈ। ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਸਰਕਾਰਾਂ ਵੀ ਪੁਰਾਣੇ ਨਿਯਮਾਂ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਵੱਡਾ ਧ੍ਰੋਹ ਕਮਾ ਰਹੇ ਹਨ। ਉਨ੍ਹਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਖੁੱਲ੍ਹੇ ਪੱਤਰ ਭੇਜ ਕੇ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਉਪਰ ਜਵਾਬ ਮੰਗੇ ਹਨ। ਉਨ੍ਹਾਂ ਕਿਹਾ ਕਿ ਸਵਰਾਜ ਅਭਿਆਨ ਫਿਲਹਾਲ ਕੋਈ ਸਿਆਸੀ ਪਾਰਟੀ ਨਹੀਂ ਹੈ ਅਤੇ ਅਗਲੇ ਦਿਨੀਂ ਸਿਆਸੀ ਪਾਰਟੀ ਬਣਾਉਣ ਲਈ ਫੈਸਲਾ ਕਰਨ ਉਪਰੰਤ ਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜਨ ਉਪਰ ਕੋਈ ਵਿਚਾਰ ਕੀਤਾ ਜਾਵੇਗਾ। ਸਵਰਾਜ ਅਭਿਆਨ ਵੱਲੋਂ 1 ਅਗਸਤ ਨੂੰ ਪਿੰਡ ਠੀਕਰੀਵਾਲਾ (ਪੰਜਾਬ) ਤੋਂ ਜੈ ਕਿਸਾਨ ਅੰਦੋਲਨ ਤਹਿਤ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਹ ਮਾਰਚ ਦੇਸ਼ ਭਰ ਦੀ ਮਿੱਟੀ ਦੇ ਕੁੱਜੇ ਲੈ ਕੇ 10 ਅਗਸਤ ਨੂੰ ਦਿੱਲੀ ਸੰਸਦ ਭਵਨ ਮੂਹਰੇ ਪੁੱਜੇਗਾ, ਜਿਥੇ ਕੌਮੀ ਪੱਧਰ ਦੀ ਰੈਲੀ ਕੀਤੀ ਜਾਵੇਗੀ। ਪੰਜਾਬ ਵਿੱਚ ‘ਜੈ ਕਿਸਾਨ ਅੰਦੋਲਨ’ ਨੂੰ ਕਿੰਨਾ ਕੁ ਹੁੰਗਾਰਾ ਮਿਲਦਾ ਹੈ, ੲਿਸ ਦਾ ਅੰਦਾਜ਼ਾ ਬਹੁਤ ਛੇਤੀ ਲੱਗ ਜਾਵੇਗਾ।

ਦਿੱਲੀ ਦੇ ਰੇਸ ਕਲੱਬ ਵਿਰੁੱਧ ਮੋਰਚੇ ਦਾ ਅੈਲਾਨ

ਸ੍ਰੀ ਯਾਦਵ ਨੇ ਦੱਸਿਆ ਕਿ ਉਨ੍ਹਾਂ ਭਾਰਤ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ ਦੇ ਮੂਹਰੇ ਰੇਸ ਕੋਰਸ ਸਥਿਤ ਰੇਸ ਕਲੱਬ ਵਾਲੀ ਥਾਂ ਉਪਰ ਦੇਸ਼ ਦੇ ਸ਼ਹੀਦ ਕਿਸਾਨਾਂ ਦਾ ਸਮਾਰਕ ਬਣਾਉਣ ਦਾ ਨੋਟਿਸ ਦਿੱਤਾ ਹੈ ਅਤੇ ਜੇ ਇਹ ਮੰਗ ਨਾ ਮੰਨੀ ਤਾਂ 9 ਅਗਸਤ ਤੋਂ ਬਾਅਦ ਸਵਰਾਜ ਅਭਿਆਨ ਵੱਲੋਂ ਦਿੱਲੀ ਵਿਖੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੇਸ ਕਲੱਬ ਦੀ ਲੀਜ਼ 1998 ਵਿੱਚ ਖ਼ਤਮ ਹੋ ਚੁੱਕੀ ਹੈ, ਜਿਸ ਕਾਰਨ ਪ੍ਰਧਾਨ ਮੰਤਰੀ ਦੀ ਕੋਠੀ ਮੂਹਰੇ ਕਿਸਾਨਾਂ ਦੀ ਯਾਦਗਾਰ ਬਣਾਉਣੀ ਚਾਹੀਦੀ ਹੈ।

Facebook Comment
Project by : XtremeStudioz