Close
Menu

ਆਪ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ ਮਾਤ

-- 02 July,2015

ਨਵੀਂ ਦਿੱਲੀ,2 ਜੁਲਾਈ: ਆਮ ਆਦਮੀ ਪਾਰਟੀ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਦਿੱਲੀ ਵਿਧਾਨ ਸਭਾ ਅੰਦਰ ਮਤਾ ਪਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਤ ਦੇ ਦਿੱਤੀ ਹੈ। ਇਸ ਦਾ ਅਸਰ ਦਿੱਲੀ ਦੀ ਸਿੱਖ ਸਿਆਸਤ ਉਪਰ ਵੀ ਪੈ ਸਕਦਾ ਹੈ। ਰਾਜੌਰੀ ਗਾਰਡਨ ਤੋਂ ਵਿਧਾਇਕ ਜਰਨੈਲ ਸਿੰਘ ਵੱਲੋਂ ਇਸ ਮੁੱਦੇ ਉਪਰ ਅਕਾਲੀਆਂ ਨੂੰ ਨਿਹੋਰਾ ਮਾਰਿਆ ਗਿਆ ਹੈ ਕਿ ਦਲ ਦੇ ਕੋਟੇ ਵਿੱਚੋਂ ਕੇਂਦਰ ਵਿੱਚ ਮੰਤਰੀ ਬਣੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਕਿਉਂਕਿ ਸੀ.ਬੀ.ਆਈ. ਜੋ ਕਿ ਕੇਂਦਰ ਦੇ ਅਧੀਨ ਹੈ ਅਜੇ ਵੀ ਜਗਦੀਸ਼ ਟਾਈਟਲਰ ਨੂੰ ਬਚਾ ਰਹੀ ਹੈ।
ਆਪ ਦੇ ਆਗੂ ਐਚ.ਐਸ ਫੂਲਕਾ ਨੇ ਕਿਹਾ ਕਿ ਹੁਣ ਟਾਈਟਲਰ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਤੇ ਦੋ ਨਵੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਹੋਣ ਨਾਲ ਨਵੰਬਰ 1984 ਦੇ ਮਾਮਲੇ ਦੀ ਜਾਂਚ ਵਿੱਚ ਨਵਾਂ ਮੋੜ ਆ ਸਕਦਾ ਹੈ।
ਇਸ ਤੋਂ ਪਹਿਲਾਂ ਸੀ.ਬੀ.ਆਈ. ਵੱਲੋਂ ਅਦਾਲਤ ਵਿੱਚ ਕਿਹਾ ਗਿਆ ਸੀ ਕਿ ਜਗਦੀਸ਼ ਟਾਈਟਲਰ ਖ਼ਿਲਾਫ਼ ਨਵੇਂ ਮਾਮਲੇ ਦਰਜ ਨਹੀਂ ਕੀਤੇ ਗਏ ਸਨ। ਅਭਿਸ਼ੇਕ ਵਰਮਾ ਦੇ ਕੀਤੇ ਕਥਿਤ ਖੁਲਾਸੇ ਮਗਰੋਂ ਹੁਣ ਕੇਂਦਰ ਸਰਕਾਰ ਪ੍ਰਤੀ ਵੀ ਆਪ ਵੱਲੋਂ ਹਮਲੇ ਤੇਜ਼ ਕੀਤੇ ਗਏ ਹਨ। ਹਾਲਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਡੇਢ ਕੁ ਸਾਲ ਰਹਿੰਦਾ ਹੈ ਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਚਾਰੋਂ ਵਿਧਾਇਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਸਿੱਖ ਮੁੱਦਿਆਂ ਨੂੰ ਅਕਾਲੀਆਂ ਤੋਂ ਖੋਹ ਕੇ ਉਨ੍ਹਾਂ ਨੂੰ ਨਿਹੱਥਾ ਕਰ ਦੇਣ। ਇਸ ਕਰਕੇ ਆਮ ਆਦਮੀ ਪਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਵਿੱਚ ਤਬਦੀਲੀਆਂ ਨੂੰ ਲੈ ਕੇ ਸਰਗਰਮੀ ਸ਼ੁਰੂ ਕਰ ਦਿੱਤੀ ਹੈ।
ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਉਨ੍ਹਾਂ ਦੇ ਕਮੇਟੀ ਐਕਟ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਆ ਗਿਆ ਹੈ। ਦਿੱਲੀ ਸਰਕਾਰ ਵੱਲੋਂ ਕਮੇਟੀ ਦੇ ਮੈਂਬਰਾਂ ਦੀ ਦਲ-ਬਦਲੀ ਰੋਕਣ ਪ੍ਰਤੀ ਗੰਭੀਰਤਾ ਦਿਖਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ 46 ਵਾਰਡਾਂ ਵਿੱਚ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਨੂੰ ਚੋਣ ਖਰਚ ਵਜੋਂ ਪੰਜ ਲੱਖ ਤੱਕ ਦੀ ਸੀਮਾ ਦੀ ਛੋਟ ਦੇਣ ਦਾ ਵਿਚਾਰ ਕਰ ਸਕਦੀ ਹੈ।

Facebook Comment
Project by : XtremeStudioz