Close
Menu

‘ਆਪ’ ਪਾਰਟੀ ‘ਚ ਘਮਾਸਾਨ, ਪ੍ਰਵਾਸੀ ਪੰਜਾਬੀ ਹੋਏ ਨਿਰਾਸ਼

-- 31 July,2018

ਸਿਡਨੀ — ਆਮ ਆਦਮੀ ਪਾਰਟੀ (ਆਪ) ‘ਚ ਪੈਦਾ ਹੋਏ ਘਮਾਸਾਨ ਕਾਰਨ ਪ੍ਰਵਾਸੀ ਪੰਜਾਬੀਆਂ ‘ਚ ਨਿਰਾਸ਼ਾ ਹੈ। ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਨੂੰ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਇਹ ਘਮਾਸਾਨ ਪੈਦਾ ਹੋਇਆ ਹੈ। ਪ੍ਰਵਾਸੀ ਪੰਜਾਬੀ, ਜਿਨ੍ਹਾਂ ਨੇ ਪਾਰਟੀ ਨੂੰ ਫੰਡ ਦਿੱਤੇ, ਹੁਣ ਉਹ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੱਖ-ਵੱਖ ਗੁਰਦੁਆਰਿਆਂ ਅਤੇ ਪਾਰਕਾਂ ‘ਚ ਜਿੱਥੇ ਵੀ ਪੰਜਾਬੀ ਜੁੜ ਬੈਠਦੇ ਹਨ, ਉੱਥੇ ਆਪ ਪਾਰਟੀ ਬਾਰੇ ਹੀ ਖੁੰਢ-ਚਰਚਾ ਹੁੰਦੀ ਹੈ। ਬਸ ਇੰਨਾ ਹੀ ਨਹੀਂ ਪ੍ਰਵਾਸੀ ਪੰਜਾਬੀ ਭ੍ਰਿਸ਼ਟਾਚਾਰ, ਨਸ਼ਾ ਮੁਕਤ ਅਤੇ ਖੁਸ਼ਹਾਲ ਪੰਜਾਬ ਦਾ ਸੁਪਨਾ ਤੋੜਨ ਲਈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਕੋਸ ਰਹੇ ਹਨ। 
 ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਸਟ੍ਰੇਲੀਆ ਆਏ ‘ਆਪ’ ਪਾਰਟੀ ਦੇ ਆਗੂ ਐੱਚ. ਐੱਸ. ਫੂਲਕਾ ਦੀ ਆਓ ਭਗਤ ਅਤੇ ਫੰਡ ਇਕੱਠਾ ਕਰਵਾਉਣ ਵਿਚ ਲੱਗੇ ਇਕ ਪ੍ਰਵਾਸੀ ਨੇ ਕਿਹਾ ਕਿ ਉਹ ਉਨ੍ਹਾਂ ਦੋਸਤਾਂ ਤੋਂ ਵੀ ਸ਼ਰਮਸਾਰ ਹਨ, ਜਿਨ੍ਹਾਂ ਵਲੋਂ ਚੋਣ ਫੰਡ ਨੂੰ ਲੈ ਕੇ ਪਾਰਟੀ ਦੇ ਲੇਖੇ ਲਾਇਆ ਗਿਆ। ਓਧਰ ਆਸਟ੍ਰੇਲੀਅਨ ਆਰਮੀ ‘ਚੋਂ ਸੇਵਾਮੁਕਤ ਹੋਏ ਸਾਰਜੈਂਟ ਮੇਜਰ ਕੁਲਦੀਪ ਸਿੰਘ ਨੇ ਖਹਿਰਾ ਨੂੰ ਮੁੜ ਅਹੁਦੇ ‘ਤੇ ਬਹਾਲ ਕਰਨ ਲਈ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖਹਿਰਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਆਗੂਆਂ ਨਾਲ ਜਿਸ ਤਰਕ ਨਾਲ ਸ਼ਬਦੀ ਜੰਗ ‘ਚ ਟੱਕਰ ਲੈਂਦੇ ਹਨ, ਉਸ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਪਾਰਟੀ ਆਗੂ ਮਜ਼ਬੂਤ ਵਿਰੋਧੀ ਧਿਰ ਦੀ ਸ਼ਕਤੀ ਨੂੰ ਕਮਜ਼ੋਰ ਕਰ ਰਹੇ ਹਨ, ਜੋ ਕਿ ਪੰਜਾਬ ਲਈ ਬਹੁਤ ਮੰਦਭਾਗੀ ਗੱਲ ਹੈ।

Facebook Comment
Project by : XtremeStudioz