Close
Menu

‘ਆਪ’ ਲੋਕਤੰਤਰੀ ਢਾਂਚੇ ਤੋਂ ਸੱਖਣੀ, ਕੇਜਰੀਵਾਲ ਤਾਨਾਸ਼ਾਹ ਮੁੱਖ ਮੰਤਰੀ-ਸੁਖਬੀਰ

-- 09 September,2015

 ਉੱਪ ਮੁੱਖ ਮੰਤਰੀ ਨੇ ‘ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰ ਤੋ ਹੋਰ ਫੰਡ ਮੰਗੇ

* ਲੁਧਿਆਣਾ ‘ਚ 1100 ਕਰੋੜ ਦੀ ਲਾਗਤ ਨਾਲ ਐਲੀਵੇਟਿਡ ਸੜਕ ਬਣਾਉਣ ਦਾ ਐਲਾਨ  

* ਹਲਵਾਰਾ ਹਵਾਈ ਅੱਡੇ ਨੂੰ ਘਰੇਲੂ ਹਵਾਈ ਅੱਡੇ ਵਜੋਂ ਵਿਕਸਤ ਕਰਨ ਲਈ ਹਵਾਬਾਜ਼ੀ ਮੰਤਰਾਲੇ ਨੂੰ ਲਿਖਿਆ

ਲੁਧਿਆਣਾ, 9 ਸਤੰਬਰ-ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ‘ਸਮਾਰਟ ਸਿਟੀ ਪ੍ਰੋਜੈਕਟ’ ਤਹਿਤ ਕੇਂਦਰ ਸਰਕਾਰ ਤੋਂ ਹੋਰ ਫੰਡਾਂ ਦੀ ਮੰਗ ਕੀਤੀ ਹੈ ਅਤੇ ਐਲਾਨ ਕੀਤਾ ਹੈ ਕਿ ਸ਼ਹਿਰ ਲੁਧਿਆਣਾ ਵਿੱਚ 1100 ਕਰੋੜ ਰੁਪਏ ਦੀ ਲਾਗਤ ਨਾਲ ਐਲੀਵੇਟਿਡ ਸੜਕ ਦਾ ਨਿਰਮਾਣ ਕਰਵਾਇਆ ਜਾਵੇਗਾ ਤਾਂ ਜੋ ਆਵਾਜਾਈ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।
ਅੱਜ ਸਥਾਨਕ ਸਰਕਾਰੀ ਆਈ. ਟੀ. ਆਈ. (ਲੜਕੇ) ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਲੁਧਿਆਣਾ ਸ਼ਹਿਰ ਨੂੰ ‘ਸਮਾਰਟ ਸਿਟੀ’ ਵਜੋਂ ਵਿਕਸਤ ਕਰਨ ਲਈ ਘੱਟੋ-ਘੱਟ 2500 ਕਰੋੜ ਰੁਪਏ ਦੇ ਫੰਡ ਮੁਹੱਈਆ ਕਰਵਾਏ ਜਾਣ, ਕਿਉਂਕਿ 500 ਕਰੋੜ ਰੁਪਏ ਰਾਸ਼ੀ ਨਾਲ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਨਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਅਗਲੇ ਇੱਕ ਸਾਲ ਵਿੱਚ ਸੂਬਾ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ‘ਤੇ 500 ਕਰੋੜ ਰੁਪਏ ਅਲੱਗ ਤੌਰ ‘ਤੇ ਖਰਚੇ ਜਾਣਗੇ।
ਉੱਪ ਮੁੱਖ ਮੰਤਰੀ ਨੇ ਹੋਰ ਕਿਹਾ ਕਿ ਸ਼ਹਿਰ ਵਿੱਚੋਂ ਟਰੈਫਿਕ ਦੀ ਸਮੱਸਿਆ ਨੂੰ ਪੱਕੇ ਤੌਰ ‘ਤੇ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ 1100 ਕਰੋੜ ਰੁਪਏ ਦੀ ਲਾਗਤ ਨਾਲ ਐਲੀਵੇਟਿਡ ਸੜਕ ਦਾ ਨਿਰਮਾਣ ਕਰਵਾਇਆ ਜਾਵੇਗਾ। ਇਹ ਸੜਕ ਸਮਰਾਲਾ ਚੌਕ ਤੋਂ ਸ਼ੁਰੂ ਹੋ ਕੇ ਫਿਰੋਜ਼ਪੁਰ ਸੜਕ ਚੁੰਗੀ ਤੱਕ ਜਾਵੇਗੀ।
ਸ੍ਰ. ਬਾਦਲ ਨੇ ਕਿਹਾ ਕਿ ਲੁਧਿਆਣਾ ਨੂੰ ਉੱਤਰੀ ਭਾਰਤ ਦਾ ਪਹਿਲਾ ਸੁਰੱਖਿਅਤ ਸ਼ਹਿਰ ਬਣਾਉਣ ਦੇ ਮਕਸਦ ਨਾਲ ‘ਸੇਫ ਸਿਟੀ ਪ੍ਰੋਜੈਕਟ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਸ਼ਹਿਰ ਦੇ ਵੱਖ-ਵੱਖ ਕੋਨਿਆਂ ‘ਤੇ 160 ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ। ਪਹਿਲੇ ਗੇੜ ਦਾ ਕੰਮ ਨਵੰਬਰ ਮਹੀਨੇ ਤੱਕ ਪੂਰਾ ਕਰ ਲਿਆ ਜਾਵੇਗਾ।
ਸਾਹਨੇਵਾਲ ਹਵਾਈ ਅੱਡੇ ਦੇ ਵਿਕਾਸ ਬਾਰੇ ਪੁੱਛੇ ਜਾਣ ‘ਤੇ ਸ੍ਰ. ਬਾਦਲ ਨੇ ਕਿਹਾ ਕਿ ਇਸ ਹਵਾਈ ਅੱਡੇ ਨੂੰ ਕੁਝ ਤਕਨੀਕੀ ਖਾਮੀਆਂ ਕਰਕੇ ਪੂਰੀ ਤਰ੍ਹਾਂ ਚਾਲੂ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸੰਬੰਧੀ ਕੇਂਦਰੀ ਹਵਾਬਾਜੀ ਮੰਤਰਾਲੇ ਕੋਲ ਮਾਮਲਾ ਉਠਾ ਕੇ ਬੇਨਤੀ ਕੀਤੀ ਹੈ ਕਿ ਹਲਵਾਰਾ ਹਵਾਈ ਫੌਜ ਅੱਡੇ ਨੂੰ ਘਰੇਲੂ ਹਵਾਈ ਅੱਡੇ ਵਜੋਂ ਵਰਤਣ ਲਈ ਇਥੇ ਟਰਮੀਨਲ ਉਸਾਰ ਦਿੱਤਾ ਜਾਵੇ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਨਵਰੀ 2016 ਤੱਕ ਸ਼ਹਿਰ ਦੀਆਂ ਰਹਿੰਦੀਆਂ ਸਾਰੀਆਂ ਸੜਕਾਂ ਬਣਾ ਦਿੱਤੀਆਂ ਜਾਣਗੀਆਂ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਕਰ ਦਿੱਤੀ ਜਾਵੇਗੀ। ਜਦਕਿ ਸ਼ਹਿਰ ਦੇ ਵਿਕਾਸ ਲਈ ਕੁਝ ਹੋਰ ਨਵੇਂ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਸਫਾਈ ਯਕੀਨੀ ਬਣਾਉਣ ਲਈ ਜਲਦੀ ਹੀ ਇਟਲੀ ਦੀ ਬਣੀ ਹੋਈ ਮਸ਼ੀਨ ਨਾਲ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇੱਕੋ ਛੱਤ ਹੇਠਾਂ ਹਰ ਤਰ੍ਹਾਂ ਦੀ ਸੇਵਾ ਮੁਹੱਈਆ ਕਰਵਾਉਣ ਦੇ ਮਕਸਦ ਲਈ ‘ਸੇਵਾ ਕੇਂਦਰ’ ਉਸਾਰੇ ਜਾ ਰਹੇ ਹਨ।
ਆਮ ਆਦਮੀ ਪਾਰਟੀ ‘ਤੇ ਵਾਰ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਤਾਨਾਸ਼ਾਹ ਮੁੱਖ ਮੰਤਰੀ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਰਿਆਂ ਨੂੰ ਪਤਾ ਲੱਗਾ ਗਿਆ ਹੈ ਕਿ ‘ਆਪ’ ਵਿੱਚ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਅਤੇ ਪਾਰਟੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ‘ਚ ਅਸਫ਼ਲ ਰਹੀ ਹੈ। ਪਾਰਟੀ ਨੇ ਦਿੱਲੀ ਵਿੱਚ ਲੋਕਪਾਲ ਤਾਂ ਕੀ ਲਾਗੂ ਕਰਨਾ ਸੀ, ਸਗੋਂ ਲੋਕਾਂ ਦੇ ਸਿਰ ਟੈਕਸਾਂ ਦਾ ਬੋਝ ਪਾ ਦਿੱਤਾ।
ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜ ਦੀਆਂ ਸਾਰੀਆਂ ਰਾਸ਼ਟਰੀ ਅਤੇ ਰਾਜ ਪੱਧਰੀ ਮੁੱਖ ਸੜਕਾਂ ਨੂੰ 5000 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਜ਼ ਅਥਾਰਟੀ ਵਲੋਂ ਚੰਡੀਗੜ੍ਹ ਦੇ ਸੈਕਟਰ 39 ਚੌਂਕ ਤੋਂ ਐਨ ਐਚ 21 ਖਰੜ ਤੱਕ ਅਤੇ ਐਨ ਐਚ 95 ‘ਤੇ ਸਮਰਾਲਾ ਚੌਂਕ ਤੋਂਮਿਲਕ ਪਲਾਂਟ ਲੁਧਿਆਣਾ ਵਿਖੇ ਐਲੀਵੇਟਿਡ ਸੜਕਾਂ ਦੇ ਨਿਰਮਾਣ ਲਈ ਪ੍ਰਸਤਾਵਤ ਪ੍ਰਾਜੈਕਟ ਰਿਪੋਰਟ ਤਿਆਰ ਕਰ ਲਈ ਹੈ। ਇਸ ਤੋਂ ਇਲਾਵਾ ਖਰੜ ਤੋਂ ਲੁਧਿਆਣਾ ਤੱਕ ਚਾਰ ਮਾਰਗੀ ਸੜਕ ਦਾ ਨਿਰਮਾਣ ਜਲਦ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ  ਲੁਧਿਆਣਾ ਸ਼ਹਿਰ ਦੇ ਆਲੇ ਦੁਆਲੇ ਰਿੰਗ ਰੋਡ ਪ੍ਰਾਜੈਕਟ ਵੀ ਵਿਚਾਰ ਅਧੀਨ ਹੈ।
ਸ. ਬਾਦਲ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਵਿਚ ਸੜਕਾਂ ‘ਤੇ ਜਾਮ ਤੋਂ ਨਿਜਾਤ ਪਾਉਣ ਲਈ ਦੋਰਾਹਾ ਤੋਂ ਲੁਧਿਆਣਾ ਤੱਕ ਸਿੱਧਵਾਂ ਨਹਿਰ ਦੇ ਨਾਲ ਨਾਲ ਚਾਰ ਮਾਰਗੀ ਦੱਖਣੀ ਬਾਈਪਾਸ ਬਣਾਇਆ ਗਿਆ ਹੈ ਅਤੇ ਇਸ ਪ੍ਰਾਜੈਕਟ ਨੂੰ ਨੈਸ਼ਨਲ ਹਾਈਵੇ ਐਨ.ਐਚ 1 ਨਾਲ ਜੋੜਨ ਲਈ ਪਿੰਡ ਲਾਡੂਵਾਲ ਤੱਕ ਚੌੜਾ ਕੀਤਾ ਜਾਵੇਗਾ ਤਾਂ ਜੋ ਜਲੰਧਰ ਸ਼ਹਿਰ ਨੂੰ ਜਾਣ ਵਾਲੀ ਆਵਾਜਾਈ ਲੁਧਿਆਣਾ ਸ਼ਹਿਰ ਤੋਂ ਬਾਹਰੋ ਬਾਹਰ ਜਾ ਸਕੇ। ਇਸ ਤਜ਼ਵੀਜਤ ਬਾਈਪਾਸ ਦੀ ਲੰਬਾਈ 16.58 ਕਿਲੋਮੀਟਰ ਹੋਵੇਗੀ।
ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਨੇ ਦੈਨਿਕ ਭਾਸਕਰ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਾਲ ਆਡੀਟੋਰੀਅਮ ਵਿਚ ਕਰਵਾਏ ਸੜਕ ਸੁਰੱਖਿਆ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਲੁਧਿਆਣਾ ਸ਼ਹਿਰ ਨੂੰ ਸੁਰੱਖਿਅਤ ਆਵਾਜਾਈ, ਪ੍ਰਦੂਸ਼ਣ ਮੁਕਤ ਕਰਨ ਅਤੇ ਵਧਦੇ ਟਰੈਫਿਕ ਦੀ ਸਮੱਸਿਆ ਨਾਲ ਨਿਪਟਣ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਕਾਰਜ਼ਾਂ ‘ਤੇ ਰੋਸ਼ਨੀ ਪਾਈ। ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰ ਵਿਚ ਵੱਖ ਵੱਖ ਥਾਂਵਾਂ ‘ਤੇ ਉਸਾਰੀ/ਮੁਰੰਮਤ ਅਧੀਨ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਵੀ ਰੱਖੇ। ਉਨ੍ਹਾਂ ਸ਼ਿਮਲਾਪੁਰੀ ਨੇੜੇ ਕਮਿਊਨਿਟੀ ਸਿਹਤ ਕੇਂਦਰ ਤੋਂ ਇਲਾਵਾ ਗਿੱਲ ਰੋਡ ਸਥਿਤ ਆਈ.ਟੀ.ਆਈ ਵਿਚ ਕਿੱਤਾਕਾਰੀ ਵਿਕਾਸ ਕੇਂਦਰ ਦਾ ਵੀ ਨੀਂਹ ਪੱਥਰ ਰੱਖਿਆ।
ਪਿੰਡ ਲੋਹਾਰਾ ਵਿਖੇ ਇਕ ਸਮਾਗਮ ਦੌਰਾਨ ਨਗਰ ਕੌਂਸਲਰ ਸਤਪਾਲ ਸਿੰਘ ਵੀ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਮੌਕੇ ਉਪ ਮੁੱਖ ਮੰਤਰੀ ਨੇ ਪਿੰਡ ਦੀਆਂ ਸਾਰੀਆਂ ਸੜਕਾਂ ਦੇ ਨਿਰਮਾਣ ਲਈ 10 ਕਰੋੜ ਰੁਪਏ ਦੀ ਗ੍ਰਾਂਟ ਤੋਂ ਇਲਾਵਾ ਪਿੰਡ ਅੰਦਰ ਖੇਡ ਪਾਰਕ ਬਣਾਉਣ ਲਈ 5 ਕਰੋੜ ਰੁਪਏ ਦੇਣ ਦਾ ਐਲਾਨ  ਵੀ ਕੀਤਾ।
ਸ. ਬਾਦਲ ਨੇ ਅੱਜ ਆਪਣੇ ਲੁਧਿਆਣਾ ਦੌਰੇ ਦੌਰਾਨ ਹੀਰੋ ਸਾਈਕਲਜ਼ ਦੇ ਫਾਊਂਡਰ ਸਵ. ਓ.ਪੀ ਮੁੰਜਾਲ ਦੇ ਗ੍ਰਹਿ ਵਿਖੇ ਜਾ ਕੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਸ. ਬਾਦਲ ਅਧੀਨ ਸੇਵਾਵਾਂ ਚੋਣ ਦੀ ਮੈਂਬਰ ਸੁਰਿੰਦਰ ਕੌਰ ਦਿਆਲ, ਅਕਾਲੀ ਕੌਂਸਲਰ ਜਗਵੀਰ ਸਿੰਘ ਸੌਖੀ, ਸੋਈ ਦੇ ਖੇਤਰੀ ਪ੍ਰਧਾਨ ਮੀਤਪਾਲ ਸਿੰਘ ਦੁੱਗਰੀ, ਮੇਅਰ ਹਰਚਰਨ ਸਿੰਘ ਗੋਹਲਬੜੀਆ, ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਹਰਭਜਨ ਸਿੰਘ ਡੰਗ, ਕੌਂਸਲਰ ਕਮਲਜੀਤ ਸਿੰਘ ਕੜਵਲ ਅਤੇ ਸਾਬਕਾ ਕੌਂਸਲਰ ਕੁਲਵੰਤ ਸਿੰਘ ਦੁਖੀਆ ਦੇ ਗ੍ਰਹਿ ਵਿਖੇ ਵੀ ਗਏ। ਇਸ ਤੋਂ ਇਲਾਵਾ ਉਹ ਹੀਰੋ ਡੀ.ਐਮ.ਸੀ ਹਾਰਟ ਇੰਸਟੀਚਿਊਟ ਵਿਖੇ ਦਾਖਲ ਅਮਰਜੀਤ ਸਿੰਘ ਭਾਟੀਆ ਦੀ ਮਿਜਾਜ ਪੁਰਸ਼ੀ ਲਈ ਵੀ ਪਹੁੰਚੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ. ਹੀਰਾ ਸਿੰਘ ਗਾਬੜੀਆ, ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਵਿਧਾਇਕ ਸ੍ਰ. ਰਣਜੀਤ ਸਿੰਘ ਢਿੱਲੋਂ, ਸਾਬਕਾ ਲੋਕ ਸਭਾ ਮੈਂਬਰ ਸ੍ਰ. ਅਮਰੀਕ ਸਿੰਘ ਆਲੀਵਾਲ, ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਮਦਨ ਲਾਲ ਬੱਗਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰ. ਜੰਗਵੀਰ ਸਿੰਘ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ।

Facebook Comment
Project by : XtremeStudioz