Close
Menu

‘ਆਪ’ ਵਿਧਾਇਕਾ ਭਾਵਨਾ ਗੌੜ ‘ਤੇ ਵੀ ਫਰਜ਼ੀ ਡਿਗਰੀ ਦਾ ਦੋਸ਼

-- 04 July,2015

ਨਵੀ ਦਿੱਲੀ,4 ਜੁਲਾਈ -ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਜਤਿੰਦਰ ਸਿੰਘ ਤੋਮਰ ਦੇ ਬਾਅਦ ਆਮ ਆਦਮੀ ਪਾਰਟੀ ਦੀ ਇਕ ਹੋਰ ਵਿਧਾਇਕ ਭਾਵਨਾ ਗੌੜ ਵੀ ਆਪਣੀ ਵਿੱਦਿਅਕ ਯੋਗਤਾ ਨੂੰ ਲੈ ਕੇ ਜਾਂਚ ਦੇ ਘੇਰੇ ‘ਚ ਆ ਗਈ ਹੈ | ਦਿੱਲੀ ਦੇ ਪਾਲਮ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਭਾਵਨਾ ਗੌੜ ‘ਤੇ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫਨਾਮੇ ‘ਚ ਵਿੱਦਿਅਕ ਯੋਗਤਾ ਨਾਲ ਜੁੜੀ ਗਲਤ ਜਾਣਕਾਰੀ ਦੇਣ ਦਾ ਦੋਸ਼ ਲੱਗਾ ਹੈ | ਇਸ ਮਸਲੇ ਨੂੰ ਲੈ ਕੇ ਦਵਾਰਕਾ ਕੋਰਟ ‘ਚ ਇਕ
ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਬਾਰੇ 25 ਜੁਲਾਈ ਨੂੰ ਸੁਣਵਾਈ ਹੋਵੇਗੀ | ਅਦਾਲਤ ਨੇ ਚੋਣ ਕਮਿਸ਼ਨ ਨੂੰ ਭਾਵਨਾ ਗੌੜ ਦੁਆਰਾ ਪੇਸ਼ ਹਲਫਨਾਮੇ ਸਮੇਤ ਹੋਰ ਦਸਤਾਵੇਜ਼ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ | ਐਸ.ਐਨ. ਵਰਮਾ ਵਲੋਂ ਦਾਇਰ ਇਸ ਪਟੀਸ਼ਨ ‘ਚ ਦੋਸ਼ ਲਾਇਆ ਗਿਆ ਹੈ ਕਿ ਭਾਵਨਾ ਗੌੜ ਨੇ ਪਾਲਮ ਵਿਧਾਨ ਸਭਾ ਦੀ ਚੋਣ ਦੌਰਾਨ ਵਰ੍ਹਾ 2013 ਤੇ 2015 ‘ਚ ਦਿੱਤੇ ਹਲਫਨਾਮੇ ‘ਚ ਆਪਣੀ ਵਿੱਦਿਅਕ ਯੋਗਤਾ ਵੱਖ-ਵੱਖ ਦੱਸੀ ਹੈ | ਭਾਵਨਾ ਗੌੜ ਨੇ 2013 ਦੇ ਹਲਫਨਾਮੇ ‘ਚ 12ਵੀਂ ਜਦ ਕਿ 2015 ‘ਚ ਹੋਈਆਂ ਚੋਣਾਂ ਦੌਰਾਨ ਆਪਣੀ ਵਿੱਦਿਅਕ ਯੋਗਤਾ ਬੀ. ਏ.-ਬੀ. ਐੱਡ ਦੱਸੀ ਸੀ | ਭਾਵਨਾ ਨੇ ਖੁਦ ਨੂੰ ਦਿੱਲੀ ਯੂਨੀਵਰਸਿਟੀ ਤੋਂ ਗ੍ਰੇਜੂਏਟ ਤੇ ਹਰਿਆਣਾ ਦੇ ਐਮ.ਡੀ.ਯੂਨੀਵਰਸਿਟੀ ਤੋਂ ਬੀ ਐਡ ਵਿਖਾਇਆ ਹੈ | ਦੂਜੇ ਪਾਸੇ ਇਸ ਸਾਰੇ ਮਾਮਲੇ ਨੂੰ ਭਾਵਨਾ ਨੇ ਸਾਜ਼ਿਸ਼ ਕਰਾਰ ਦਿੱਤਾ ਹੈ | ਉਨ੍ਹਾਂ ਚੋਣਵੇਂ ਮੀਡੀਆ ਸਾਹਮਣੇ ਆਪਣੀਆਂ ਦੋਵੇਂ ਡਿਗਰੀਆਂ ਵਿਖਾਉਂਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਦਾ ਜਵਾਬ ਅਦਾਲਤ ‘ਚ ਹੀ ਦੇਵੇਗੀ | ਉਨ੍ਹਾਂ ਕਿਹਾ ਕਿ ਜੇਕਰ ਮੈਂ ਗਲਤ ਸਾਬਤ ਹੋਈ ਤਾਂ ਜੇਲ੍ਹ ਜਾਣ ਲਈ ਤਿਆਰ ਹਾਂ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਰ੍ਹਾ 2013 ਦੀਆਂ ਚੋਣਾਂ ਦੌਰਾਨ ਡਿਗਰੀਆਂ ਗੁੰਮ ਹੋ ਗਈਆਂ ਸਨ ਜਿਸ ਕਾਰਨ ਹਲਫਨਾਮੇ ‘ਚ ਵਿਦਿਅਕ ਯੋਗਤਾ 12ਵੀਂ ਲਿਖੀ ਗਈ ਪ੍ਰੰਤੂ ਹੁਣ ਉਸ ਦੀਆਂ ਨਵੀਆਂ ਕਾਪੀਆਂ ਕਢਵਾ ਲਈਆਂ ਗਈਆਂ ਹਨ, ਜਿਸ ਕਰਕੇ 2015 ਦੀਆਂ ਚੋਣਾਂ ਦੌਰਾਨ ਦਿੱਤੇ ਹਲਫਨਾਮੇ ‘ਚ ਦੋਵੇਂ ਡਿਗਰੀਆਂ ਨੂੰ ਸ਼ਾਮਿਲ ਕੀਤਾ ਗਿਆ |

Facebook Comment
Project by : XtremeStudioz