Close
Menu

‘ਆਪ’ ਵੱਲੋਂ ਪੰਜਾਬ ਕੇਂਦਰਿਤ 11 ਨੁਕਾਤੀ ਚੋਣ ਮੈਨੀਫੈਸਟੋ ਜਾਰੀ

-- 09 May,2019

ਖ਼ੁਸ਼ਹਾਲ ਪੰਜਾਬ ਲਈ ਜੁਮਲੇਬਾਜੀ ਨਹੀਂ ਪੱਕੇ ਇਰਾਦੇ ਰੱਖਦੇ ਹਾਂ-ਅਮਨ ਅਰੋੜਾ

ਕਿਸਾਨਾਂ-ਮਜ਼ਦੂਰਾਂ, ਬੇਰੁਜ਼ਗਾਰਾਂ ਦੇ ਨਾਲ-ਨਾਲ ਵਪਾਰੀ-ਕਾਰੋਬਾਰੀ ਹਨ ਕੇਂਦਰ ਬਿੰਦੂ

ਪਾਰਟੀ ਦੇ ਕੌਮੀ ਮੈਨੀਫੈਸਟੋ ਨਾਲੋਂ ਵੱਖਰਾ ਹੈ ‘ਆਪ’ ਪੰਜਾਬ ਦਾ ਚੋਣ ਮਨੋਰਥ ਪੱਤਰ

ਚੰਡੀਗੜ੍ਹ, 9 ਮਈ 2019

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਇੱਕ ਨਵੀਂ ਪਹਿਲ ਕਰਦਿਆਂ ਪੰਜਾਬ ਕੇਂਦਰਿਤ 11 ਨੁਕਾਤੀ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਜਾਰੀ ਕੀਤਾ ਹੈ।

ਵੀਰਵਾਰ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਲੋਕ ਜੇਕਰ ‘ਆਪ’ ਦੇ ਉਮੀਦਵਾਰਾਂ ਨੂੰ ਜਿਤਾ ਕੇ ਸੰਸਦ ‘ਚ ਭੇਜਦੇ ਹਨ ਤਾਂ ਉਹ 11 ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਾਉਣ ਲਈ ਦਿਨ-ਰਾਤ ਇੱਕ ਕਰ ਦੇਣਗੇ, ਕਿਉਂਕਿ ਇਹ 11 ਨੁਕਾਤੀ ਪ੍ਰੋਗਰਾਮ ‘ਖ਼ੁਸ਼ਹਾਲ ਪੰਜਾਬ’ ਦਾ ਰੋਡਮੈਪ ਹੈ। ਇਸ ਮੈਨੀਫੈਸਟੋ ਨੂੰ ਜਾਰੀ ਕਰਨ ਦੀ ਰਸਮ ਅਮਨ ਅਰੋੜਾ ਨਾਲ ਪਾਰਟੀ ਦੇ ਲੀਗਲ ਵਿੰਗ ਦੇ ਸੂਬਾ ਪ੍ਰਧਾਨ ਐਡਵੋਕੇਟ ਜਸਤੇਜ ਸਿੰਘ, ਚੋਣ ਪ੍ਰਚਾਰ ਕਮੇਟੀ ਦੇ ਮੈਂਬਰ ਅਤੇ ਬੁਲਾਰੇ ਨੀਲ ਗਰਗ ਅਤੇ ਕੋਰ ਕਮੇਟੀ ਮੈਂਬਰ ਅਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ ਨੇ ਨਿਭਾਈ।

ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਆਰਥਿਕ ਅਤੇ ਸਮਾਜਿਕ ਹਾਲਾਤ ਤੋਂ ਪੂਰੀ ਤਰ੍ਹਾਂ ਵਾਕਫ਼ ਹੈ ਅਤੇ ਕਿਸਾਨਾਂ-ਮਜ਼ਦੂਰਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਦਰਦ ਨੂੰ ਇੰਨ-ਬਿੰਨ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ”ਅਸੀਂ ਝੂਠੇ ਅਤੇ ਵਧਾ ਚੜ੍ਹਾ ਕੇ ਲੋਕ-ਲੁਬਾਉ ਵਾਅਦੇ ਜਾਂ ਜੁਮਲੇਬਾਜੀ ਨਹੀਂ ਕਰਦੇ, ਪਰੰਤੂ ਪੱਕੇ ਇਰਾਦੇ ਲੈ ਕੇ ਲੋਕਾਂ ਦੀ ਕਚਹਿਰੀ ‘ਚ ਹਾਜ਼ਰ ਹਾਂ।” ਦਿੱਲੀ ‘ਚ 4 ਸਾਲ ਦੀ ਅਰਵਿੰਦ ਕੇਜਰੀਵਾਲ ਸਰਕਾਰ ਅਤੇ ਬਤੌਰ ਸੰਸਦ ਮੈਂਬਰ ਭਗਵੰਤ ਮਾਨ ਦਾ 5 ਸਾਲਾਂ ਦਾ ਰਿਪੋਰਟ ਕਾਰਡ ‘ਆਪ’ ਦੇ ਪੱਕੇ ਅਤੇ ਲੋਕ ਹਿਤੈਸ਼ੀ ਇਰਾਦਿਆਂ ਦੀ ਗਵਾਹੀ ਭਰਦੇ ਹਨ। ਇਸ ਲਈ ਜਿੱਤਣ ਉਪਰੰਤ ‘ਆਪ’ ਦੇ ਸੰਸਦ ਮੈਂਬਰ ਇਨ੍ਹਾਂ 11 ਨੁਕਤਿਆਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰ ਦੇਣਗੇ।

– ਸਵਾਮੀਨਾਥਨ ਕਮਿਸ਼ਨ (ਲਾਗਤ ਮੁੱਲ ਦਾ 1.5 ਗੁਣਾ) ਦੀ ਰਿਪੋਰਟ ਲਾਗੂ ਕਰਾਉਣ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰਾਂਗੇ।

-ਪੰਜਾਬ ਅਤੇ ਐਗਰੋ ਬੇਸਡ ਇੰਡਸਟਰੀ ਲਿਆ ਕੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਆਤਮ-ਹੱਤਿਆਵਾਂ ਰੋਕਣ ਦਾ ਯਤਨ ਕਰਾਂਗੇ।

-ਪਹਾੜੀ ਰਾਜਾਂ ਦੀ ਤਰਜ਼ ‘ਤੇ ਪੰਜਾਬ ਦੀ ਇੰਡਸਟਰੀ ਲਈ ”ਇੱਕ ਦੇਸ਼-ਇੱਕ ਟੈਕਸ” ਦੇ ਤਹਿਤ ਸਪੈਸ਼ਲ ਪੈਕੇਜ ਲਈ ਕੇਂਦਰ ਸਰਕਾਰ ‘ਤੇ ਦਬਾਅ ਬਣਾਵਾਂਗੇ।

-ਅੰਮ੍ਰਿਤਸਰ ਤੋਂ ਲੈ ਕੇ ਕਲਕੱਤੇ ਤੱਕ ਦਾ ਫਰੇਟ ਕੌਰੀਡੋਰ ਜਿਹੜਾ ਕਿ ਕੇਂਦਰ ਸਰਕਾਰ ਨੇ ਠੰਢੇ ਬਸਤੇ ਵਿਚ ਪਾਇਆ ਹੋਇਆ ਹੈ, ਉਸ ਨੂੰ ਬਣਾਉਣਾ ਯਕੀਨੀ ਬਣਾਇਆ ਜਾਵੇਗਾ।

-ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ ਪੰਜਾਬ ਵਿਚ ਵੱਡੀ ਪਬਲਿਕ ਸੈਕਟਰ ਅੰਡਰਟੇਕਿੰਗ (ਪੀਐਸਯੂ) ਇੰਡਸਟਰੀ ਲਿਆਉਣ ਲਈ ਯਤਨ ਕਰਨਗੇ।

-ਕੈਂਸਰ, ਕਾਲਾ ਪੀਲੀਆ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਪੰਜਾਬ ਵਿਚ ਏਆਈਆਈਐਮਐਸ ਅਤੇ ਪੀਜੀਆਈ ਦੀ ਤਰਜ਼ ‘ਤੇ ਹੋਰ ਵੱਡੇ ਸਰਕਾਰੀ ਹਸਪਤਾਲ ਲੈ ਕੇ ਆਉਣੇ।

– ਪ੍ਰੋਫੈਸ਼ਨਲ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਨਵੀਆਂ ਆਈਆਈਐਮ ਅਤੇ ਆਈਆਈਟੀ ਵਰਗੀਆਂ ਉੱਚ ਦਰਜੇ ਦੀਆਂ ਸਿੱਖਿਆਂ ਸੰਸਥਾਵਾਂ ਪੰਜਾਬ ਲਈ ਮਨਜ਼ੂਰ ਕਰਵਾਉਣਾ।

-ਪੰਜਾਬ ਦੇ ਪਾਣੀਆਂ, ਵਾਤਾਵਰਨ ਅਤੇ ਮਿੱਟੀ ਨੂੰ ਬਚਾਉਣ ਲਈ ਸਪੈਸ਼ਲ ਪੈਕੇਜ ਲੈ ਕੇ ਆਵਾਂਗੇ।

-ਪੰਜਾਬ ਦੀ ਖੇਤੀ ਨੂੰ ਸੰਕਟ ‘ਚੋਂ ਉਭਾਰਨ ਲਈ ਕੇਂਦਰ ਸਰਕਾਰ ਤੋਂ ਪੰਜਾਬ ਲਈ ਸਪੈਸ਼ਲ ਪੈਕੇਜ ਪਾਸ ਕਰਵਾਵਾਂਗੇ।

-ਐਮਪੀ ਲੈੱਡ ਦਾ 2 ਤਿਹਾਈ ਫ਼ੰਡ ਲੋਕਾਂ ਦੀ ਸਲਾਹ ਨਾਲ ਇਲਾਕੇ ਦੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਨੂੰ ਵਧੀਆ ਬਣਾਉਣ ਲਈ ਖ਼ਰਚ ਕੀਤਾ ਜਾਵੇਗਾ ਅਤੇ ਇੱਕ-ਇੱਕ ਪੈਸੇ ਦਾ ਹਿਸਾਬ ਹਰ ਸਾਲ ਲੋਕਾਂ ਦੇ ਸਾਹਮਣੇ ਰੱਖਿਆ ਜਾਵੇਗਾ।

ਅਮਨ ਅਰੋੜਾ ਨੇ ਦੱਸਿਆ ਕਿ ਦਿੱਲੀ ‘ਚ ਕੇਜਰੀਵਾਲ ਦੀ ਸਰਕਾਰ ਨੇ 100 ਕਰੋੜ ਦੀ ਵਿਸ਼ੇਸ਼ ਰਾਸ਼ੀ ਰੱਖ ਕੇ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਦੇ ਬਰਾਬਰ ਪ੍ਰਤੀ ਕਵਿੰਟਲ 2616 ਰੁਪਏ ਭਾਅ ਯਕੀਨੀ ਬਣਾ ਦਿੱਤਾ ਹੈ ਜਦਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਐਮ.ਐਸ.ਪੀ ਮੁਤਾਬਿਕ ਪ੍ਰਤੀ ਕਵਿੰਟਲ 1840 ਰੁਪਏ ਵੀ ਪੂਰੇ ਨਹੀਂ ਲੈ ਰਹੇ। ਮੋਦੀ ਸਰਕਾਰ ਸਵਾਮੀਨਾਥਨ ਦੇ ਵਾਅਦੇ ਤੋਂ ਭੱਜ ਗਈ, ਨਤੀਜਣ ਕਿਸਾਨਾਂ-ਮਜ਼ਦੂਰਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ।

ਉਨ੍ਹਾਂ ਦੋਸ਼ ਲਾਇਆ ਕਿ ਹਰਸਿਮਰਤ ਕੌਰ ਬਾਦਲ ਨੇ ਫੂਡ ਪ੍ਰੋਸੈਸਿੰਗ ਮੰਤਰੀ ਹੋਣ ਦੇ ਬਾਵਜੂਦ ਸੂਬੇ ਲਈ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਨਹੀਂ ਲਿਆਂਦੀ, ਜਦਕਿ ਪੰਜਾਬ ਦੇ ਕਿਸਾਨ-ਮਜ਼ਦੂਰ, ਨੌਜਵਾਨ, ਵਪਾਰੀ-ਕਾਰੋਬਾਰੀ ਅਤੇ ਅਰਥਚਾਰੇ ਦਾ ਭਵਿੱਖ ਹੀ ਖੇਤੀ ਆਧਾਰਿਤ ਫੂਡ ਪ੍ਰੋਸੈਸਿੰਗ ਇੰਡਸਟਰੀ ‘ਤੇ ਨਿਰਭਰ ਹੋ ਗਿਆ ਹੈ।ਅਮਨ ਅਰੋੜਾ ਨੇ ਦੱਸਿਆ ਕਿ ਪਹਾੜੀ ਰਾਜਾਂ ਨੂੰ ਵਿਸ਼ੇਸ਼ ਪੈਕੇਜ ਨੇ ਪੰਜਾਬ ਦੀ ਇੰਡਸਟਰੀ ਤਬਾਹ ਕਰ ਦਿੱਤੀ। 20 ਹਜ਼ਾਰ ਯੂਨਿਟ ਹਿਮਾਚਲ, ਹਰਿਆਣਾ ਅਤੇ ਜੰਮੂ-ਕਸ਼ਮੀਰ ‘ਚ ਹਿਜਰਤ ਕਰ ਗਏ।

ਅਮਨ ਅਰੋੜਾ ਨੇ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਨੇ ਹਰ ਪੱਧਰ ਦਾ ਵਪਾਰੀ-ਕਾਰੋਬਾਰੀ ਕਰਜ਼ਾਈ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ, ਹਵਾ-ਪਾਣੀ ਜ਼ਹਿਰੀਲਾ ਹੋਣ ਨਾਲ ਜੀਵਨ ਹੀ ਦਾਅ ‘ਤੇ ਲੱਗ ਗਿਆ ਹੈ।

ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਦੀ ਭਾਰੀ ਬਹੁਮਤ ਵਾਲੀ ਸਰਕਾਰ ਹੋਣ ਦੇ ਬਾਵਜੂਦ ਕੈਪਟਨ-ਜਾਖੜ ਨੇ ਪੰਜਾਬ ‘ਤੇ ਕੇਂਦਰਿਤ ਮੈਨੀਫੈਸਟੋ ਨਹੀਂ ਦਿੱਤਾ। ਇਸੇ ਤਰ੍ਹਾਂ ਅਕਾਲੀ ਦਲ ਬਾਦਲ ਵੀ ਪੰਜਾਬ ‘ਤੇ ਆਧਾਰਿਤ ਚੋਣ ਵਾਅਦੇ ਮੈਨੀਫੈਸਟੋ ਦੇ ਰੂਪ ‘ਚ ਕਰਨ ਤੋਂ ਭੱਜ ਗਿਆ ਹੈ।

Facebook Comment
Project by : XtremeStudioz