Close
Menu

ਆਮ ਆਦਮੀ ਪਾਰਟੀ ਨੇ ਕੀਤੀ ਜਨ ਚੇਤਨਾ ਰੈਲੀ

-- 11 April,2015

ਜੈਤੋ,  ਆਮ ਆਦਮੀ ਪਾਰਟੀ ਦੀ ਇੱਥੇ ਹੋਈ ਜਨ ਚੇਤਨਾ ਰੈਲੀ ‘ਚ ਲੋਕਾਂ ਨੂੰ ਪੰਜਾਬ ‘ਚ ਸੱਤਾ ਪਰਿਵਰਤਨ ਦਾ ਸੱਦਾ ਦਿੱਤਾ ਗਿਆ। ਰਾਜ ਅੰਦਰ ਬੇ-ਲਗਾਮ ਹੋਈ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ਿਆਂ, ਸੱਤਾ ਦੇ ਪਰਿਵਾਰੀਕਰਨ ਜਿਹੀਆਂ ਅਲਾਮਤਾਂ ‘ਤੇ ਤਿੱਖੀਆਂ ਚੋਟਾਂ ਕਰਦਿਆਂ ਛੇ ਦਹਾਕਿਆਂ ਤੋਂ ਰਾਜ ਕਰਦੀਆਂ ਆ ਰਹੀਆਂ ਰਵਾਇਤੀ ਪਾਰਟੀਆਂ ਨੂੰ ਨੁੱਕਰੇ ਲਾਉਣ ਦੀਆਂ ਅਪੀਲਾਂ ਕੀਤੀਆਂ ਗਈਆਂ। ਪਾਰਟੀ ਦੇ ਸੀਨੀਅਰ ਆਗੂ ਤੇ ਸੰਗਰੂਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਪਣੀ ਵਿਅੰਗਮਈ ਤਕਰੀਰ ‘ਚ ਅਕਾਲੀ ਦਲ ‘ਤੇ ਸ਼ਬਦਾਂ ਦੇ ਤਿੱਖੇ ਵਾਰ ਕੀਤੇ। ਉਨ੍ਹਾਂ ਕਿਹਾ ਕਿ ਮੀਡੀਆ ਤੋਂ ਲੈ ਕੇ ਰੇਤੇ ਦੇ ਕਾਰੋਬਾਰ ਤੱਕ ਅਕਾਲੀ ਆਗੂ ਹੀ ਨਜ਼ਰੀਂ ਆਉਂਦੇ ਹਨ। ਉਨ੍ਹਾਂ ਆਖਿਆ ਕਿ ਸੂਬੇ ਦੇ ਹਾਕਮ ਰਾਜ ‘ਚ ਡਰੱਗ ਮਾਫ਼ੀਏ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਤੇ ਬੇਰੁਜ਼ਗਾਰੀ ਹੱਥੋਂ ਦੁਖੀ ਜਵਾਨੀ ਨਸ਼ਿਆਂ ਦੇ ਜਾਲ ‘ਚ ਫਸ ਕੇ ਮੌਤ ਦੇ ਮੂੰਹ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਹਰ ਮਹਿਕਮੇ ਵਿਚ ਭ੍ਰਿਸ਼ਟਾਚਾਰ ਸਿਖ਼ਰਾਂ ‘ਤੇ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਹੁਕਮਰਾਨ ਪਾਰਟੀ ਨਾਲ ਅਕਾਲੀ ਦਲ ਦੀ ਭਾਈਵਾਲੀ ਪੰਜਾਬੀਆਂ ਨੂੰ ਮਹਿੰਗੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿਤੈਸ਼ੀ ਹੋਣ ਦੇ ਦਾਅਵੇ ਕਰਨ ਵਾਲੇ ਅਕਾਲੀ ਹੁਣ ਭਾਜਪਾ ਦੇ ਪਿਛਲੱਗੂ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਪੰਜ ਪਾਣੀਆਂ ਦੀ ਧਰਤੀ ਨੂੰ ਵਰਤਮਾਨ ਹਕੂਮਤ ਤੋਂ ਨਿਜਾਤ ਨਾ ਦੁਆਈ ਗਈ ਤਾਂ ਪੰਜਾਬ ਤਬਾਹ ਹੋ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 67 ਸਾਲਾਂ ਤੋਂ ਅਜ਼ਮਾਉਂਦੇ ਆ ਰਹੀਆਂ ਪਾਰਟੀਆਂ ਤੋਂ ਕਿਨਾਰਾਕਸ਼ੀ ਕਰਕੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ। ਉਨ੍ਹਾਂ ਵਾਅਦਾ ਕੀਤਾ ਕਿ ਮੌਜੂਦਾ ਹਕੂਮਤ ਵੱਲੋਂ ਰਾਜ ਵਿਚ ਵਿਆਪਕ ਪੱਧਰ ‘ਤੇ ਪਸਾਰੇ ਗਏ ਕੂੜ ਦਾ ਸਫ਼ਾਇਆ ਕਰਨ ਸਮੇਤ ਦੋਸ਼ੀਆਂ ਨੂੰ ਬੇਪਰਦਾ ਕਰਕੇ ਸਜ਼ਾ ਦੇ ਭਾਗੀਦਾਰ ਬਣਾਇਆ ਜਾਵੇਗਾ। ਰੈਲੀ ਨੂੰ ਹਲਕਾ ਫ਼ਰੀਦਕੋਟ ਤੋਂ ਸਾਂਸਦ ਪ੍ਰੋ. ਸਾਧੂ ਸਿੰਘ ਨੇ ਸੰਬੋਧਨ ਕਰਦਿਆਂ ਭੂਮੀ ਪ੍ਰਾਪਤੀ ਮੁੱਦੇ ‘ਤੇ ਭਾਜਪਾ ਅਤੇ ਅਕਾਲੀ ਦਲ ਦੀ ਖਿਚਾਈ ਕਰਦਿਆਂ ਕਿਹਾ ਕਿ ਦੋਹੇਂ ਹਮ-ਮਸ਼ਵਰਾ ਹੋ ਕੇ ਦੇਸ਼ ਦੇ ਅੰਨਦਾਤੇ ਨੂੰ ਉਜਾੜਨ ਦੇ ਰਾਹ ਪਏ ਹੋਏ ਹਨ।

Facebook Comment
Project by : XtremeStudioz