Close
Menu

ਆਰਥਿਕਤਾ ਦੀ ਨਾਕਾਮੀ ਲਈ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੂੰ ਪੰਜਾਬੀ ਆੜੇ ਹੱਥੀਂ ਲੈਣ – ਹਰਸਿਮਰਤ

-- 02 September,2013

mqdefault

ਸੰਕਟ ਦੀ ਇਸ ਘੜੀ ‘ਚੋਂ ਦੇਸ਼ ਨੂੰ ਬਾਹਰ ਕੱਢਣ ‘ਚ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਬੁਰੀ ਤਰ੍ਹਾਂ ਨਾਕਾਮ

ਚੰਡੀਗੜ੍ਹ, 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-  ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੀਆਂ ਦੇਸ਼ ਵਿਰੋਧੀ ਨੀਤੀਆਂ ਦੇ ਵਿਰੋਧ ‘ਚ ਦੇਸ਼ਪੱਧਰੀ ਰੋਸ ਮੁਹਿੰਮ ‘ਚ ਹਿੱਸਾ ਲੈਣ ਅਤੇ ਇਸ ਮਕਸਦ ਲਈ ਸਾਰੇ ਪੰਜਾਬੀ ਉਨ੍ਹਾਂ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਆਪਣੀਆਂ ਨਾਕਾਮਯਾਬੀਆਂ ਲੁਕਾਉਣ ਲਈ ਇਸ ਦਾ ਦੋਸ਼ ਬਾਹਰੀ ਤੱਤਾਂ ਸਿਰ ਮੜ੍ਹ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਲਈ ਅਮਰੀਕਾ ਅਤੇ ਸੀਰੀਆ ‘ਚ ਉਪਜਿਆ ਸੰਕਟ ਜ਼ਿੰਮੇਵਾਰ ਹੈ।

ਇੱਥੋਂ ਇਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ”ਕਿਸੇ ਸਰਕਾਰ ਦੀਆਂ ਆਪਣੀਆਂ ਬਿਮਾਰ ਯੋਜਨਾਵਾਂ ਦੀ ਥਾਂ ਇਹ ਬਹਾਨਾ ਬਣਾ ਦੇਣ ਨਾਲ ਬਚਿਆ ਨਹੀਂ ਜਾ ਸਕਦਾ ਕਿ ਵਿੱਤੀ ਸੰਕਟ ਲਈ ਕੌਮਾਂਤਰੀ ਤੱਤ ਜ਼ਿੰਮੇਵਾਰ ਹਨ।”

ਯੂਪੀਏ ਸਰਕਾਰ ਦੌਰਾਨ ਆਰਥਿਕਤਾ ਦੀ ਮਾੜੀ ਦਸ਼ਾ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਨੂੰ ਧਿਆਨ ‘ਚ ਰੱਖਦਿਆਂ ਇਸ ਗੱਲ ਦੀ ਕੋਈ ਆਸ ਨਹੀਂ ਹੈ ਕਿ ਦੇਸ਼ ਵਿੱਤੀ ਸੰਕਟ ਦੇ ਇਸ ਦੌਰ ‘ਚੋਂ ਬਾਹਰ ਆ ਜਾਵੇਗਾ ਤੇ ਆਰਥਿਕਤਾ ‘ਚ ਸੁਧਾਰ ਆਵੇਗਾ ਕਿਉਂ ਕਿ ਨਾ ਤਾਂ ਪ੍ਰਧਾਨ ਮੰਤਰੀ ਕੋਲ ਅਤੇ ਨਾ ਹੀ ਵਿੱਤ ਮੰਤਰੀ ਕੋਲ ਅਜਿਹੀ ਕੋਈ ਵਿਊਂਤਬੰਦੀ ਹੈ ਜਿਸ ਨਾਲ ਦੇਸ਼ ਨੂੰ ਵਿੱਤੀ ਸੰਕਟ ‘ਚੋਂ ਬਾਹਰ ਲਿਆਂਦਾ ਜਾ ਸਕੇ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਖੁਦ ਮੰਨ ਚੁੱਕੇ ਹਨ ਕਿ ਇਸ ਚੰਗੀ ਮਾਨਸੂਨ ਨਾਲ ਸਭ ਠੀਕ ਹੋ ਜਾਣ ਦੀ ਸੰਭਾਵਨਾ ਹੈ। ਬੀਬੀ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਛੁੱਟੀ ਕਰ ਦੇਣੀ ਹੀ ਇਸ ਦਾ ਇੱਕੋ ਇਕ ਹੱਲ ਬਚਿਆ ਹੈ ਅਤੇ ਦੇਸ਼ ‘ਚ ਵਿੱਤੀ ਐਮਰਜੈਂਸੀ ਲਾਗੂ ਕਰ ਦੇਣੀ ਚਾਹੀਦੀ ਹੈ।

ਯੂਪੀਏ ਸਰਕਾਰ ਦੌਰਾਨ ਕਿੰਝ ਸਥਿਤੀ ਬਦ ਤੋਂ ਬਦਤਰ ਹੋ ਗਈ ਇਸ ਗੱਲ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ 587 ਬਿਲੀਅਨ ਡਾਲਰ ਦੀਆਂ ਜਿਹੜੀਆਂ ਪੂਜੀਗਤ ਵਸਤਾਂ (ਕੈਪੀਟਲ ਗੁੱਡਜ਼) ਦਰਾਮਦ ਕੀਤੀਆਂ ਗਈਆਂ ਉਹ ਭਾਰਤ ‘ਚ ਹੀ ਤਿਆਰ ਹੋ ਸਕਦੀਆਂ ਸਨ। ਇਸ ਪੂਜੀ ਨਾਲ ਦੇਸ਼ ਦੀ ਤੀਜਾ ਹਿੱਸਾ ਸਮੁੱਚੀ ਰਾਸ਼ਟਰੀ ਉਪਜ (ਜੀਡੀਪੀ) ਨਸ਼ਟ ਹੋ ਗਈ, ਜਿਸ ਦੀ ਜ਼ਿੰਮੇਵਾਰ ਯੂਪੀਏ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਚਾਲੂ ਖਾਤਾ ਘਾਟਾ ਜਿਹੜਾ 2007 ‘ਚ 8 ਬਿਲੀਅਨ ਡਾਲਰ ਸੀ ਉਹ ਯੂਪੀਏ ਦੀਆਂ ਮਾੜੀਆਂ ਨੀਤੀਆਂ ਕਰਕੇ ਹੁਣ 90 ਬਿਲੀਅਨ ਡਾਲਰ ਤੋਂ ਵੀ ਉੱਪਰ ਚਲਾ ਗਿਆ ਹੈ।

ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਯੁਪੀਏ ਸਰਕਾਰ ਦੇਸ਼ ਨਿਰਮਾਣ ਦੀ ਥਾਂ ਬਿਨਾਂ ਸਿਰ-ਪੈਰ ਵਾਲੀਆਂ ਯੋਜਨਾਵਾਂ ਉਲੀਕਣ ‘ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਦੂਜੇ ਹੱਥ ਅਕਾਲੀ-ਭਾਜਪਾ ਸਰਕਾਰ ਨੌਜਵਾਨਾਂ ਅਤੇ ਔਰਤਾਂ ਨੂੰ ਪੇਸ਼ੇਵਰ ਤੌਰ ‘ਤੇ ਸਿੱਖਿਅਤ ਕਰਨ ਉੱਤੇ ਧਿਆਨ ਕੇਂਦਰਿਤ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ‘ਚ ਇਸ ਸਬੰਧੀ ਹੋਰ ਸਕਾਰਾਤਮਕ ਕਦਮ ਚੁੱਕੇ ਜਾਣਗੇ ਤਾਂ ਜੋ ਇਹ ਸਿੱਖਿਅਤ ਨੌਜਵਾਨ ਤੇ ਔਰਤਾਂ ਸੂਬੇ ਅਤੇ ਦੇਸ਼ ਦੀ ਪੂੰਜੀ, ਸੰਪਤੀ ਬਣ ਸਕਣ।

ਉਨ੍ਹਾਂ ਕਿਹਾ ਕਿ ਵਿੱਤੀ ਸੰਕਟ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਵੱਲੋਂ ਕੋਈ ਸਾਰਥਕ ਯੋਜਨਾਵਾਂ ਉਲੀਕਣ ਦੀ ਬਜਾਏ ਹੁਣ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਜ਼ਖਮਾਂ ‘ਤੇ ਲੂਣ ਭੁੱਕਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਆਮ ਇਨਸਾਨ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਤੇ ਇਸ ਨਾਲ ਉਸ ਨੂੰ ਹੁਣ ਹੋਰ ਮਹਿੰਗਾਈ ਦੀ ਮਾਰ ਝੱਲਣੀ ਪਵੇਗੀ।

ਹਾਲ ਹੀ ਵਿਚ ਪ੍ਰਧਾਨ ਮੰਤਰੀ ਵੱਲੋਂ ਕੀਤੀ ਟਿੱਪਣੀ ਕਿ ਉਸਦੇ ਆਲੋਚਕ ਇਕ ਸਾਲ ਦੀ ਮਾੜੀ ਕਾਰਗੁਜ਼ਾਰੀ ਕਾਰਣ ਉਸ ਨੂੰ ਭੰਡ ਰਹੇ ਹਨ, ਬਾਰੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਹ ਸਿਰਫ ਇਕ ਸਾਲ ਦੀ ਗੱਲ ਨਹੀਂ ਹੈ ਬਲਕਿ ਪਿਛਲੇ ਸਾਢੇ ਨੌ ਸਾਲ ਤੋਂ ਕਾਂਗਰਸ ਦੇ ਰਾਜ ਦੌਰਾਨ ਹਾਲਾਤ ਬੇਹੱਦ ਬੁਰੇ ਰਹੇ ਹਨ। ਉਨ੍ਹਾਂ ਕਿਹਾ ਕਿ ਯੂਪੀਏ ਕਾਰਜਕਾਲ ਦੌਰਾਨ 550 ਬਿਲੀਅਨ  ਡਾਲਰ ਦੇ ਪ੍ਰੋਜੈਕਟਾਂ ‘ਚ ਅੜਿੱਕਾ ਪਿਆ ਹੈ।

Facebook Comment
Project by : XtremeStudioz