Close
Menu

ਆਰਥਿਕ ਪੈਕੇਜ ਲਈ ਪੰਜਾਬ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਸਭ ਤੋਂ ਵੱਧ ਹੱਕਦਾਰ- ਮੁੱਖ ਮੰਤਰੀ

-- 20 August,2015

* ਦੇਸ਼ ਲਈ ਵੱਡਾ ਯੋਗਦਾਨ ਦੇਣ ਬਦਲੇ ਵਿਸ਼ੇਸ਼ ਆਰਥਿਕ ਪੈਕੇਜ ਪੰਜਾਬ ਦਾ ਅਧਿਕਾਰ’

* ਭਾਰਤ ਸਰਕਾਰ ਕੋਲ ਮੁੱਦਾ ਉਠਾਇਆ ਜਾਵੇਗਾ

* ਕੈਪਟਨ ਕਾਂਗਰਸ ਲਈ ਹਰਮਨ ਪਿਆਰਾ ਆਗੂ ਹੋ ਸਕਦਾ ਪਰ ਗਠਜੋੜ ਤੇ ਨਹੀਂ ਇਸਦਾ ਕੋਈ ਅਸਰ

* ਅਮਰਿੰਦਰ ਅਤੇ ਭੱਠਲ ਦੇ ਬਿਆਨਾਂ ਨੂੰ ਗੁਮਰਾਹਕੁੰਨ ਦੱਸਿਆ

ਬੀਦੋਵਾਲੀ (ਸ੍ਰੀ ਮੁਕਤਸਰ ਸਾਹਿਬ), 20 ਅਗਸਤ: ਸੂਬੇ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦਿੱਤੇ ਜਾਣ ਦੀ ਮੰਗ ਨੂੰ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇਸ਼ ਦੇ ਬਾਕੀ ਸਾਰੇ ਸੂਬਿਆਂ ਨਾਲੋਂ ਇਹ ਪੈਕੇਜ ਪ੍ਰਾਪਤ ਕਰਨ ਦਾ ਸਭ ਤੋਂ ਵੱਧ ਹੱਕ ਰੱਖਦਾ ਹੈ।
ਅੱਜ ਲੰਬੀ ਵਿਧਾਨ ਸਭਾ ਹਲਕੇ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੇ ਰਾਸ਼ਟਰੀ ਆਜ਼ਾਦੀ ਸੰਘਰਸ਼ ਵਿਚ ਵੱਡਾ ਯੋਗਦਾਨ ਦੇਣ ਤੋਂ ਇਲਾਵਾ ਦੇਸ਼ ਨੂੰ ਅਨਾਜ ਉਤਪਾਦਨ ਵਿਚ ਆਤਮ ਨਿਰਭਰ ਵੀ ਬਣਾਇਆ ਹੈ। ਇਸ ਤੋਂ ਇਲਾਵਾ ਵਿਦੇਸ਼ੀ ਹਮਲਿਆਂ ਤੋਂ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਕੀਤੀ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਸੰਭਾਲ ਕੇ ਰੱਖਿਆ। ਉਨ੍ਹਾਂ ਕਿਹਾ ਕਿ ਸੂਬੇ ਨੂੰ ਰਾਸ਼ਟਰੀ ਕਾਜ ਲਈ ਵੱਡਾ ਨੁਕਸਾਨ ਉਠਾਉਣਾ ਪਿਆ ਹੈ। ਪੰਜਾਬ ਨੂੰ ਪਹਿਲਾਂ ਦੇਸ਼ ਦੇ ਬਟਵਾਰੇ ਦੌਰਾਨ ਅਤੇ ਉਸ ਤੋਂ ਬਾਅਦ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਭਾਰੀ ਸੱਟ ਵੱਜੀ। ਸ. ਬਾਦਲ ਨੇ ਕਿਹਾ ਕਿ ਇਸ ਵੱਡੇ ਯੋਗਦਾਨ ਦੇ ਬਾਵਜੂਦ ਕੇਂਦਰ ਵਿਚ ਬਣਨ ਵਾਲੀਆਂ ਕਾਂਗਰਸੀ ਸਰਕਾਰਾਂ ਨੇ ਸੂਬੇ ਦੇ ਯੋਗਦਾਨ ਨੂੰ ਕਦੀ ਵੀ ਮਾਨਤਾ ਨਹੀਂ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਵੱਡੇ ਅਤੇ ਸ਼ਾਨਦਾਰ ਯੋਗਦਾਨ ਬਦਲੇ ਇਸ ਨੂੰ ਕੋਈ ਲਾਭ ਦੇਣ ਦੀ ਬਜਾਏ ਕਾਂਗਰਸ ਸਰਕਾਰਾਂ ਨੇ ਗੁਆਂਢੀ ਸੂਬਿਆਂ ਨੂੰ ਰਿਆਇਤਾਂ ਦੇ ਕੇ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਢਾਹ ਲਾਈ ਹੈ ਜਿਸ ਦੇ ਨਤੀਜੇ ਵਜੋਂ ਉਦਯੋਗ ਸੂਬੇ ਤੋਂ ਬਾਹਰ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰੇ ਸੂਬੇ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਦੇਣ ਲਈ ਇਸ ਦੇ ਮੁੱਦਿਆਂ ਵੱਲ ਗੌਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਤੋਂ ਕਿਸੇ ਵੀ ਰਿਆਇਤ ਦੀ ਮੰਗ ਨਹੀਂ ਕਰਦੇ ਸਗੋਂ ਵਿਸ਼ੇਸ਼ ਆਰਥਿਕ ਪੈਕੇਜ ਸਾਡਾ ਅਧਿਕਾਰ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਮੇਂ-ਸਮੇਂ ਸੂਬੇ ਨਾਲ ਸਬੰਧਤ ਮੁੱਦੇ ਕੇਂਦਰ ਸਰਕਾਰ ਕੋਲ ਅਨੇਕਾਂ ਬਾਰ ਉਠਾਏ ਹਨ ਅਤੇ ਹੁਣ ਫਿਰ ਉਹ ਇਨ੍ਹਾਂ ਮੁੱਦਿਆਂ ਨੂੰ ਕੇਂਦਰ ਕੋਲ ਉਠਾਉਣਗੇ। ਸ. ਬਾਦਲ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਭਾਰਤ ਸਰਕਾਰ ਅੱਗੇ ਇਹ ਮੁੱਦਾ ਰੱਖਣਗੇ ਤਾਂ ਜੋ ਸੂਬੇ ਲਈ ਵਿਸ਼ੇਸ਼ ਪੈਕੇਜ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬਿਹਾਰ ਦੀ ਤਰਜ ਉਤੇ ਪੈਕੇਜ ਪ੍ਰਾਪਤ ਕਰਨ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ।
ਕੈਪਟਨ ਅਮਰਿੰਦਰ ਸਿੰਘ ਦੇ ਸੂਬੇ ਵਿਚ ਕਾਂਗਰਸੀ ਕਮਾਨ ਸੰਭਾਲਣ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਉਨ੍ਹਾਂ ‘ਤੇ ਕੋਈ ਵੀ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਕਾਂਗਰਸ ਦੇ ਲਈ ਸਭ ਤੋਂ ‘ਹਰਮਨ ਪਿਆਰਾ’ ਆਗੂ ਹੋ ਸਕਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਇਸ ਤੋਂ ਕੋਈ ਖਤਰਾ ਨਹੀਂ। ਇਸ ਗਠਜੋੜ ਨੇ ਉਸ ਦੀ ਅਗਵਾਈ ਵਾਲੀ ਕਾਂਗਰਸ ਨੂੰ 2007 ਅਤੇ 2012 ਵਿਚ ਦੋ ਵਾਰ ਹਰਾਇਆ ਹੈ। ਉਨ੍ਹਾਂ ਕਿਹਾ ਕਿ ਇਸ ਗਠਜੋੜ ਨੂੰ ਵਿਕਾਸ ਮੁਖੀ ਅਤੇ ਲੋਕ ਪੱਖੀ ਨੀਤੀਆਂ ਕਾਰਨ ਲੋਕਾਂ ਦਾ ਪੂਰਾ ਸਮਰਥਨ ਪ੍ਰਾਪਤ ਹੈ। ਇਸ ਕਰਕੇ ਉਨ੍ਹਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ ਕਿ ਕਾਂਗਰਸ ਦਾ ਸੂਬਾਈ ਪ੍ਰਧਾਨ ਕੌਣ ਬਣਦਾ ਹੈ।
ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਕੋਲੋਂ ਦਾਅਪੇਚਕ ਸਮਰਥਨ ਹਾਸਲ ਕਰਨ ਲਈ ਦੋ ਸਾਬਕਾ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਰਜਿੰਦਰ ਕੌਰ ਭਠਲ ਵਿਚਕਾਰ ਚੱਲ ਰਹੀ ਸ਼ਬਦੀ ਜੰਗ ਦੇ ਸਬੰਧ ਵਿਚ ਪੁੱਛੇ ਗਏ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਨੇ ਇਨ੍ਹਾਂ ਬਿਆਨਾਂ ਦਾ ਪੂਰੀ ਤਰਾਂ ਖੰਡਣ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਪਾਰਟੀਆਂ ਨੂੰ ਨਾ ਤਾਂ ਸਮਰਥਨ ਦਿੰਦਾ ਹੈ ਅਤੇ ਨਾ ਹੀ ਲੈਂਦਾ ਹੈ ਅਤੇ ਇਹ ਆਪਣੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਆਪਣੇ ਅਧਾਰ ਨੂੰ ਖੁਦ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਬਿਆਨ ਅਧਾਰਹੀਣ, ਤਰਕਹੀਣ ਅਤੇ ਗੁੰਮਰਾਹਕੁੰਨ ਹਨ।
ਸ੍ਰੀ ਮਨੀਕਰਨ ਸਾਹਿਬ ਵਿਖੇ ਵਾਪਰੇ ਦੁਖਾਂਤ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਮੁੱਖ ਸਕੱਤਰ ਨੂੰ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖਣ ਅਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਣ ਲਈ ਕਿਹਾ ਹੈ ਤਾਂ ਜੋ ਉਥੇ ਘਿਰੇ ਸ਼ਰਧਾਲੂਆਂ ਨੂੰ ਤੇਜੀ ਨਾਲ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਇਕ ਉਚ ਪੱਧਰੀ ਟੀਮ ਨੂੰ ਉਥੇ ਭੇਜਿਆ ਹੈ ਅਤੇ ਇਸ ਸੰਕਟ ਦੀ ਘੜੀ ਵਿਚ ਪੀੜਤ ਸ਼ਰਧਾਲੂਆਂ ਦੀ ਮਦਦ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਬੀਦੋਵਾਲ, ਧੌਲਾ, ਥਰਾਜਵਾਲਾ, ਲਾਲ ਬਾਈ, ਖਿਓਵਾਲੀ ਅਤੇ ਕਿਲਿਆਂਵਾਲੀ ਵਿਖੇ ਸੰਗਤ ਦਰਸ਼ਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਖੁਦ ਪਿੰਡਾਂ ਵਿਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਤਾ ਲਾਉਣ ਲਈ ਆਖਿਆ।
ਮੁੱਖ ਮੰਤਰੀ ਦੇ ਨਾਲ ਅਕਾਲੀ ਆਗੂ ਸ੍ਰੀ ਪਰਮਜੀਤ ਸਿੰਘ ਲਾਲੀ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸ੍ਰੀ ਅਵਤਾਰ ਸਿੰਘ ਵਣਵਾਲਾ, ਚੇਅਰਮੈਨ ਸ੍ਰੀ ਤੇਜਿੰਦਰ ਮਿਡੂਖੇੜਾ, ਸ੍ਰੀ ਗੁਰਬਖਸ਼ ਸਿੰਘ ਮਿਡੂਖੇੜਾ, ਚੇਅਰਮੈਨ ਕੁਲਵਿੰਦਰ ਸਿੰਘ ਭਾਈ ਕਾ ਕੇਰਾ, ਸ੍ਰੀ ਬਿੱਕਰ ਸਿੰਘ ਚੰਨੂ, ਭਾਜਪਾ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਕੇਸ ਧੀਂਗੜਾ, ਬੀਬੀ ਵੀਰਪਾਲ ਕੌਰ ਤਰਮਾਲਾ, ਸ੍ਰੀ ਜਸਵਿੰਦਰ ਸਿੰਘ ਧੌਲਾ, ਸ੍ਰੀ ਅਕਾਸ਼ਦੀਪ ਸਿੰਘ ਮਿਡੂਖੇੜਾ, ਸ੍ਰੀ ਹਰਮੇਸ਼ ਖੁਡੀਆ, ਸ੍ਰੀ ਮਨਜੀਤ ਸਿੰਘ ਲਾਲ ਬਾਈ, ਜਸਮੇਲ ਸਿੰਘ ਮਿਠੱੜੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਜਸਕਿਰਨ ਸਿੰਘ ਅਤੇ ਐਸ.ਐਸ.ਪੀ ਸੀ੍ਰ ਕੇ.ਐਸ. ਚਾਹਲ ਹਾਜਰ ਸਨ।

Facebook Comment
Project by : XtremeStudioz