Close
Menu

ਆਰ. ਐਸ. ਐਸ. ਵਿਚਾਰਧਾਰਾ ਨੂੰ ਦੇਸ਼ ‘ਤੇ ਥੋਪਣ ਤੋਂ ਬਚਾਉਣ ਦੀ ਲੋੜ-ਰਾਹੁਲ

-- 29 May,2015

ਨਵੀਂ ਦਿੱਲੀ, 29 ਮਈ -ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ‘ਤਾਨਾਸ਼ਾਹ’ ਰਵੱਈਏ ਅਤੇ ਕੇਂਦਰ ਦੇ ਕੰਮ ਕਾਜ ‘ਚ ਹਿੰਦੂ ਪੱਖੀ ਸੋਚ ਵਾਲੀ ਆਰ.ਐਸ.ਐਸ. ਦੇ ਦਾਖਲ ਹੋਣ ਦਾ ਦੋਸ਼ ਲਾਉਂਦਿਆਂ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ | ਅੱਜ ਕਾਂਗਰਸ ਦੇ ਵਿਦਿਆਰਥੀ ਸੰਗਠਨ ਐਨ. ਐਸ. ਯੂ. ਆਈ. ਦੇ ਦੋ ਦਿਨਾ ਪ੍ਰੋਗਰਾਮ ‘ਚ ਬੋਲਦਿਆਂ ਰਾਹੁਲ ਗਾਂਧੀ ਨੇ ਕਾਂਗਰਸੀ ਕਾਰਜਕਰਤਾਵਾਂ ਨੂੰ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ‘ਤੇ ਆਰ. ਐਸ. ਐਸ. ਵਿਚਾਰਧਾਰਾ ਥੋਪਣ ਤੋਂ ਰੋਕਣ ਲਈ ਕਿਹਾ, ਜਿਸ ਨਾਲ ਵਿਅਕਤੀ ਦੀ ਨਿੱਜੀ ਵਿਚਾਰਧਾਰਾ ਦਾ ਕਤਲ ਹੋ ਰਿਹਾ ਹੈ |
ਭਾਜਪਾ ‘ਤੇ ਆਰ.ਐਸ.ਐਸ. ਦੀਆਂ ਲੀਹਾਂ ‘ਤੇ ਚੱਲ ਕੇ ‘ਵਿਚਾਰ-ਚਰਚਾ’ ਦੀ ਰਵਾਇਤ ਨੂੰ ਖਤਮ ਕਰਨ ਦਾ ਦੋਸ਼ ਲਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਪਾਰਟੀ ਦੇ ਅੰਦਰ ਸਲਾਹ ਮਸ਼ਵਰਿਆਂ ਦਾ ਦੌਰ ਖਤਮ ਕਰਕੇ ਸਿਰਫ ਵਿਅਕਤੀਵਾਦੀ ਪ੍ਰੰਪਰਾ ਕਾਇਮ ਕੀਤੀ ਗਈ | ਅਸਿੱਧੇ ਤੌਰ ‘ਤੇ ਮੋਦੀ ਸਰਕਾਰ, ਜਿਸ ਨੂੰ ਉਹ ‘ਸੂਟ-ਬੂਟ’ ਦੀ ਸਰਕਾਰ ਕਹਿ ਕੇ ਸੰਬੋਧਨ ਕਰਦੇ ਹਨ, ਨੂੰ ਨਿਸ਼ਾਨਾ ਬਣਾਉਂਦਿਆਂ ਰਾਹੁਲ ਨੇ ਕਿਹਾ ਕਿ ਭਾਵੇਂ ਕਿਸਾਨ ਦੀ ਗੱਲ ਹੋਵੇ ਜਾਂ ਸੂਟ ਦੀ, ਇਕੋ ਵਿਅਕਤੀ ਦੀ ਗੱਲ ਕਰਦਾ ਨਜ਼ਰ ਆਉਂਦਾ ਹੈ, ਕਾਂਗਰਸ ਦੀ ਹਾਲੀਆ ਹਾਲਤ ਨੂੰ ਲੋਕਾਂ ਦਾ ‘ਭਰਮ ਜਾਲ’ ਕਹਿਕੇ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਸਭ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਸਭ ਦੀ ਸੁਣਦੀ ਹੈ, ਇਸ ਲਈ ਲੋਕਾਂ ਨੂੰ ਇਸ ‘ਚ ਪ੍ਰੇਸ਼ਾਨੀ ਦਾ ਭਰਮ ਪੈਦਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸ਼ਾਖਾ ‘ਚ ‘ਦਿਖਵਾਂ ਅਨੁਸ਼ਾਸਨ’ ਹੀ ਨਜ਼ਰ ਆਉਂਦਾ ਹੈ, ਜਿਥੇ ਆਵਾਜ਼ ਉਠਾਉਣ ਨਾਲ ਸਜ਼ਾ ਭੁਗਤਣੀ ਪੈਂਦੀ ਹੈ ਅਤੇ ਹੁਣ ਇਹ ‘ਕਥਿਤ ਅਨੁਸ਼ਾਸਨ’ ਸਾਰੇ ਦੇਸ਼ ‘ਚ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਵਿਦਿਆਰਥੀ ਸੰਗਠਨ ਨੂੰ ਉਤਸ਼ਾਹਿਤ ਕਰਦਿਆਂ ਰਾਹੁਲ ਗਾਂਧੀ ਨੇ ਕਾਂਗਰਸੀ ਕਾਰਜਕਰਤਾਵਾਂ ਨੂੰ ਹਰੇਕ ਵਿਅਕਤੀ ਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਵਿਚਾਰਧਾਰਾ ਦੀ ਲੜਾਈ ਪੂਰੇ ਦੇਸ਼ ‘ਚ ਲੜਨ ਦੀ ਲੋੜ ਹੈ |
‘ਮੇਕ ਇਨ ਇੰਡੀਆ’
ਮੋਦੀ ਦੇ ਅਹਿਮ ਪ੍ਰਾਜੈਕਟ ‘ਮੇਕ ਇਨ ਇੰਡੀਆ’ ‘ਤੇ ਤਨਜ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸਿਰਫ ਕੁਝ ਉਦਯੋਗਪਤੀਆਂ ਦੇ ਸਮਰਥਨ ਕਰਨ ਨਾਲ ‘ਮੇਕ ਇਨ ਇੰਡੀਆ’ ਸਫਲ ਨਹੀਂ ਹੋ ਸਕਦਾ | ਇਸ ਲਈ ਆਮ ਆਦਮੀ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ |
ਮੋਦੀ ਮਨਮੋਹਨ ਸਿੰਘ ਤੋਂ ਲੈ ਰਹੇ ਹਨ ਦੇਸ਼ ਚਲਾਉਣ ਦੀ ਜਾਣਕਾਰੀ
ਬੀਤੇ ਦਿਨ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ‘ਤੇ ਵੀ ਰਾਹੁਲ ਗਾਂਧੀ ਨੇ ਟਿੱਪਣੀ ਕਰਨ ਤੋਂ ਗੁਰੇਜ਼ ਨਹੀਂ ਕੀਤਾ | ਦੱਸਣਯੋਗ ਹੈ ਕਿ ਕੱਲ੍ਹ ਹੋਈ ਇਸ ਮੁਲਾਕਾਤ ਤੋਂ ਬਾਅਦ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ | ਰਾਹੁਲ ਗਾਂਧੀ ਨੇ ਇਨ੍ਹਾਂ ਕਿਆਸਾਂ ਨੂੰ ਹਲਕੇ ਅੰਦਾਜ਼ ‘ਚ ਪੇਸ਼ ਕਰਦਿਆਂ ਕਿਹਾ ਕਿ ਮੋਦੀ, ਮਨਮੋਹਨ ਸਿੰਘ ਤੋਂ ਅਰਥਵਿਵਸਥਾ ਦੀਆਂ ਸੂਖਮਤਾਵਾਂ ਬਾਰੇ ਜਾਣਕਾਰੀ ਲੈ ਰਹੇ ਸਨ |

Facebook Comment
Project by : XtremeStudioz