Close
Menu

ਆਲਮੀ ਕੁਸ਼ਤੀ ਚੈਂਪੀਅਨਸ਼ਿਪ: ਬਰਜੰਗ ਵੱਲੋਂ ਤਗ਼ਮਾ ਯੋਗੇਸ਼ਵਰ ਦੱਤ ਨੂੰ ਸਮਰਪਿਤ

-- 19 September,2013

baj

ਨਵੀਂ ਦਿੱਲੀ, 19 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਆਲਮੀ ਕੁਸ਼ਤੀ ਚੈਂਪੀਅਨਸ਼ਿਪ ਵਿਚ ਭਾਰਤ ਲਈ ਦੂਜਾ ਤਗ਼ਮਾ ਜਿੱਤਣ ਵਾਲੇ ਪਹਿਲਵਾਨ ਬਰਜੰਗ ਨੇ ਅੱਜ ਆਪਣਾ ਕਾਂਸੀ ਦਾ ਤਗ਼ਮਾ ਆਪਣੇ ਸਾਥੀ ਪਹਿਲਵਾਨ ਤੇ ਸੇਧਗਾਰ ਯੋਗੇਸ਼ਵਰ ਦੱਤ ਨੂੰ ਸਮਰਪਿਤ ਕੀਤਾ ਹੈ। ਹੰਗਰੀ ਵਿਚ ਬੁਡਾਪੇਸਟ ਵਿਚ ਚੱਲ ਰਹੀ ਇਸ ਚੈਂਪੀਅਨਸ਼ਿਪ ਦੇ 60 ਕਿਲੋ ਵਰਗ ਵਿਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਬਰਜੰਗ ਦੇ ਕਰੀਅਰ ਵਿਚ ਲੰਡਨ ਓਲੰਪਿਕ ਵਿਚ ਕਾਂਸੀ ਦਾ ਤਗ਼ਮਾ ਜੇਤੂ ਯੋਗੇਸ਼ਵਰ ਦਾ ਅਹਿਮ ਹੱਥ ਰਿਹਾ ਹੈ।

ਬਰਜੰਗ ਨੇ ਕਿਹਾ, ‘‘ਯੋਗੇਸ਼ਵਰ ਅਤੇ ਮੈਂ ਕੈਂਪਾਂ ਵਿਚ ਇਕ ਕਮਰੇ ਵਿਚ ਰਹਿੰਦੇ ਸਾਂ। ਉਹ ਮੇਰੇ ਕੋਚਾਂ ਤੋਂ ਇਲਾਵਾ ਮੇਰੇ ਕਰੀਅਰ ਵਿਚ ਪ੍ਰੇਰਨਾ ਸਰੋਤ ਰਹੇ ਹਨ। ਉਹ ਹਮੇਸ਼ਾ ਮੇਰੀਆਂ ਕਮੀਆਂ ਮੈਨੂੰ ਦੱਸਦੇ ਸਨ। ਇਸ ਮੈਡਲ ਦਾ ਸਿਹਰਾ ਬਹੁਤ ਹੱਦ ਤਕ ਉਨ੍ਹਾਂ ਨੂੰ ਜਾਂਦਾ ਹੈ। ਮੈਟ ਵਿਚ ਉਸ ਦੀ ਮੌਜੂਦਗੀ ਤੋਂ ਵੀ ਮਦਦ ਮਿਲੀ। ਉਹ ਮੇਰੇ ਪਰਿਵਾਰਕ ਮੈਂਬਰ ਵਾਂਗ ਹਨ ਤੇ ਮੈਨੂੰ ਛੋਟਾ ਭਰਾ ਮੰਨਦੇ ਹਨ।’’
ਇਸ ਤੋਂ ਪਹਿਲਾਂ ਭਾਰਤ ਲਈ ਏਸ਼ੀਆਈ ਚੈਂਪੀਅਨ ਅਮਿਤ ਕੁਮਾਰ ਨੇ ਇਸ ਚੈਂਪੀਅਨਸ਼ਿਪ ਵਿਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਬਰਜੰਗ ਵੀ ਭਾਵੇਂ ਸੋਨ ਤਗ਼ਮਾ ਜਿੱਤਣ ਤੋਂ ਖੁੰਝ ਗਿਆ ਪਰ ਉਸ ਨੂੰ ਖੁਸ਼ੀ ਹੈ ਕਿ ਉਹ ਖਾਲੀ ਹੱਥ ਨਹੀਂ ਪਰਤ ਰਿਹਾ। ਉਸ ਨੇ ਕਿਹਾ,‘‘ਮੈਂ ਚੈਂਪੀਅਨਸ਼ਿਪ ਵਿਚ ਸੋਨਾ ਜਿੱਤਣ ਆਇਆ ਸਾਂ। ਮੈਂ ਕਾਫੀ ਮਿਹਨਤ ਕੀਤੀ ਸੀ। ਪਰ ਮੈਂ ਕਾਂਸੀ ਤੋਂ ਵੀ ਖੁਸ਼ ਹਾਂ ਕਿਉਂਕਿ ਇਹ ਸੀਨੀਅਰ ਪੱਧਰ ਉੱਤੇ ਮੇਰਾ ਦੂਜਾ ਹੀ ਕੌਮਾਂਤਰੀ ਟੂਰਨਾਮੈਂਟ ਹੈ। ਦੁਨੀਆਂ ਦੇ ਬਿਹਤਰੀਨ ਪਹਿਲਵਾਨਾਂ ਨਾਲ ਘੁਲ ਕੇ ਮੈਂ ਬਹੁਤ ਖੁਸ਼ ਹਾਂ।
ਬਰਜੰਗ ਨੂੰ ਪਹਿਲੇ ਗੇੜ ਵਿਚ ਬਾਈ ਮਿਲੀ ਜਿਸ ਤੋਂ ਬਾਅਦ ਉਸ ਨੂੰ ਦੁਨੀਆਂ ਦੇ ਛੇਵੇਂ ਨੰਬਰ ਦੇ ਖਿਡਾਰੀ ਬੁਲਗਾਰੀਆ ਦੇ ਵਲਾਦੀਮੀਰ ਦਬੋਵ ਨੇ 7-0 ਨਾਲ ਹਰਾ ਦਿੱਤਾ। ਫੇਰ ਰੇਪੇਚੇਜ਼ ਵਿਚ ਪਹਿਲੇ ਮੁਕਾਬਲੇ ਵਿਚ ਬਰਜੰਗ ਨੂੰ ਜਪਾਨ ਦੇ ਸੋਗੋ ਨਾਏਤਾ ਖ਼ਿਲਾਫ਼ ਵਾਕਓਵਰ ਮਿਲਿਆ। ਦੂਜੇ ਮੁਕਾਬਲੇ ਵਿਚ ਉਸ ਨੇ ਰੋਮਾਨੀਆ ਦੇ ਇਵਾਨ ਗਿਡੀਆ ਨੂੰ 10-3 ਨਾਲ ਹਰਾ ਕੇ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿਚ ਦਾਖਲਾ ਪਾਇਆ। ਉਸ ਨੇ ਕਿਹਾ,‘‘ਵਲਾਦੀਮੀਰ ਬਹੁਤ ਵਧੀਆ ਖੇਡ ਰਿਹਾ ਸੀ। ਉਸ ਨੇ ਮੈਨੂੰ ਜ਼ਿਆਦਾ ਮੌਕੇ ਨਹੀਂ ਦਿੱਤੇ ਪਰ ਮੈਨੂੰ ਪਤਾ ਸੀ ਕਿ ਉਹ ਫਾਈਨਲ ਤਕ ਪੁੱਜੇਗਾ। ਇਸ ਕਾਰਨ ਕੋਚਾਂ ਨੇ ਵੀ ਮੈਨੂੰ ਰੇਪੇਚੇਜ਼ ਲਈ ਤਿਆਰ ਰਹਿਣ ਵਾਸਤੇ ਕਿਹਾ।’’

Facebook Comment
Project by : XtremeStudioz