Close
Menu

ਆਸਟਰੇਲੀਅਨ ਸਰਕਾਰ ਦੀ ਸ਼ਰਨਾਰਥੀ ਵਿਰੋਧੀ ਨੀਤੀ ਖ਼ਿਲਾਫ਼ ਰੈਲੀ

-- 20 April,2015

ਸਿਡਨੀ, ਇਥੇ ਸੈਂਟਰਲ ਟਰੇਨ ਸਟੇਸ਼ਨ ਨੇੜੇ ਅੱਜ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਟੋਨੀ ਐਬਟ ਸਰਕਾਰ ਦੀ ਸ਼ਰਨਾਰਥੀ ਵਿਰੋਧੀ ਨੀਤੀ ਖ਼ਿਲਾਫ਼ ਰੋਸ ਰੈਲੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਆਸਟਰੇਲੀਆ ਦੀ ਸ਼ਰਨਾਰਥੀ ਨੀਤੀ ਵਿੱਚ ਕੀਤੇ ਜਾ ਰਹੇ ਫੇਰ-ਬਦਲ ਨੂੰ ਬੰਦ ਕਰਕੇ ਇਸ ਨੂੰ ਹੋਰ ਮਨੁੱਖਤਾਵਾਦੀ ਬਣਾਇਆ ਜਾਵੇ। ਇਸ ਰੈਲੀ ਦਾ ਸੱਦਾ ਆਸਟਰੇਲੀਆ ਦੀਅਾਂ ਵੱਖ ਵੱਖ ਸਮਾਜਿਕ, ਜਨਤਕ, ਮਨੁੱਖੀ ਹੱਕਾਂ ਦੀ ਰਾਖੀ ਲਈ ਲੜਦੀਆਂ ਜਥੇਬੰਦੀਆਂ ਅਤੇ ਰਫ਼ਿਊਜੀ ਕੌਂਸਲ ਆਫ ਆਸਟਰੇਲੀਆ ਨੇ ਸਾਂਝੇ ਤੌਰ ’ਤੇ ਦਿੱਤਾ ਸੀ। ਜ਼ਿਕਰਯੋਗ ਹੈ ਕਿ ਆਸਟਰੇਲੀਅਨ ਸਰਕਾਰ ਦੇਸ਼ ਅੰਦਰ ਗ਼ੈਰਕਾਨੂੰਨੀ ਅਾਵਾਸ ਨੂੰ ਰੋਕਣ ਲਈ ਨਿਯਮ ਹੋਰ ਸਖ਼ਤ ਕਰ ਰਹੀ ਹੈ। ਇਸ ਨੀਤੀ ਤਹਿਤ ਸ਼ਰਨਾਰਥੀਅਾਂ ਨੂੰ ਆਸਟਰੇਲੀਆ ਦੀ ਧਰਤੀ ਤੋਂ ਬਾਹਰ ਤੱਟੀ ਖੇਤਰ ’ਤੇ ਬਣਾਏ ਕੈਂਪਾਂ ’ਚ ਰੱਖਣ। ਉਨ੍ਹਾਂ ਦੀ ਅਰਜ਼ੀ ਕਾਨੂੰਨੀ ਤੌਰ ’ਤੇ ਵਿਚਾਰਨ ਬਾਅਦ ਹੀ ਮੁਲਕ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦੇਣ ਬਾਰੇ ਕਿਹਾ ਜਾ ਰਿਹਾ ਹੈ।

ਸ਼ਰਨਾਰਥੀਆਂ ਦੇ ਹਤੈਸ਼ੀਅਾਂ ਦਾ ਮੰਨਣਾ ਹੈ ਕਿ ਸਰਕਾਰ ਦੀ ਇਹ ਨੀਤੀ ਮਨੁੱਖੀ ਹੱਕਾਂ ਦੀ ਪਰਿਭਾਸ਼ਾ ਦੇ ਉਲਟ ਹੈ। ਰਫ਼ਿਊਜੀ ਕੰਪੇਨ ਕੋਆਰਡੀਨੇਟਰ ਗਰਾਇਮ ਮੈਕਗਰਾਥ, ਆਸਟਰੇਲੀਅਨ ਕੌਂਸਲ ਆਫ ਟਰੇਡ ਯੂਨੀਅਨ ਦੇ ਜ਼ੈੱਡ ਕਾਰਨੀ, ਮੈਡੀਕਲ ਐਸੋਸੀਏਸ਼ਨ ਦੇ ਡਾ. ਸੂ ਵਾਰਹਮ, ਸਿਡਨੀ ਯੂਨੀਵਰਸਿਟੀ ਸਟੂਡੈਂਟਸ ਦੇ ਕਿਓਲ ਬਲੈਕਨੀ ਨੇ ਕਿਹਾ ਕਿ ਸ਼ਰਨ ਪ੍ਰਾਪਤ ਕਰਨ ਵਾਲਿਅਾਂ ਲਈ ਆਸਟਰੇਲੀਆ ਬੂਹੇ ਬੰਦ ਕਰ ਰਿਹਾ ਹੈ। ਇਹ ਅੰਤਰਰਾਸ਼ਟਰੀ ਕਾਨੂੰਨਾਂ ਦੇ ਖ਼ਿਲਾਫ਼ ਹੈ। ਕੈਂਪਾਂ ਵਿੱਚ ਸ਼ਰਨਾਰਥੀਆਂ ਉਪਰ ਅਣਮਨੁੱਖੀ ਤਸ਼ੱਦਦ ਢਾਹੇ ਜਾ ਰਹੇ ਹਨ। ਖਾਸ ਕਰਕੇ ਔਰਤਾਂ ਤੇ ਬੱਚਿਅਾਂ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਆਸਟਰੇਲੀਅਨ ਹਿਊਮਨ ਰਾਈਟਸ ਕਮਿਸ਼ਨ ਦੀ ਰਿਪੋਰਟ ਵਿੱਚ ਵੀ ਆਏ ਹਨ। ਇਸ ਨਾਲ ਆਸਟਰੇਲੀਆ ਦੀ ਸਾਫ਼ ਸ਼ਾਖ ਨੂੰ ਢਾਅ ਲੱਗ ਰਹੀ ਹੈ। ਇਹ ਸਾਰਾ ਕੁਝ ਐਬਟ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ। ਆਗੂਅਾਂ ਨੇ ਕਿਹਾ ਕਿ ਅੱਜ ਦੀ ਰੈਲੀ ਸਰਕਾਰ ਨੂੰ ਮਜ਼ਬੂਤ ਸਨੇਹਾ ਦਿੰਦੀ ਹੈ ਕਿ ਉਹ ਬਿਨਾਂ ਦੇਰੀ ਦੇ ਤੱਟੀ ਖੇਤਰਾਂ ਦੇ ਕੈਂਪਾਂ ਨੂੰ ਬੰਦ ਕਰਕੇ ਉਥੇ ਰੱਖੇ ਸ਼ਰਨਾਰਥੀਆਂ ਨੂੰ ਕੰਬੋਡੀਆ ਭੇਜਣ ਦੀ ਬਜਾਏ ਉਨ੍ਹਾਂ ਦਾ ਆਸਟਰੇਲੀਆ ਵਿੱਚ ਸਵਾਗਤ ਕਰੇ।

Facebook Comment
Project by : XtremeStudioz