Close
Menu

ਆਸਟਰੇਲੀਆ ਖ਼ਿਲਾਫ਼ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਕਰੇਗੀ ਮਿਤਾਲੀ

-- 28 February,2018

ਨਵੀਂ ਦਿੱਲੀ, ਸਲਾਮੀ ਬੱਲੇਬਾਜ਼ ਮਿਤਾਲੀ ਰਾਜ ਆਸਟਰੇਲੀਆ ਖ਼ਿਲਾਫ਼ ਵਡੋਦਰਾ ਵਿੱਚ 12 ਤੋਂ 18 ਮਾਰਚ ਤਕ ਹੋਣ ਵਾਲੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਕੌਮਾਂਤਰੀ ਲਡ਼ੀ ਵਿੱਚ ਭਾਰਤ ਦੀ 15 ਮੈਂਬਰੀ ਮਹਿਲਾ ਟੀਮ ਦੀ ਅਗਵਾਈ ਕਰੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਕਿਹਾ, ‘‘ਭਾਰਤੀ ਮਹਿਲਾ ਚੋਣ ਕਮੇਟੀ ਨੇ ਆਸਟਰੇਲੀਆ ਖ਼ਿਲਾਫ਼ ਪੇਟੀਐਮ ਇੱਕ ਰੋਜ਼ਾ ਕੌਮਾਂਤਰੀ ਲਡ਼ੀ ਲਈ ਭਾਰਤੀ ਮਹਿਲਾ ਟੀਮ ਦੀ ਚੋਣ ਕੀਤੀ ਹੈ।
ਵਡੋਦਰਾ ਵਿੱਚ ਹੋਣ ਵਾਲੀ ਤਿੰਨ ਮੈਚਾਂ ਦੀ ਲਡ਼ੀ ਆਈਸੀਸੀ ਮਹਿਲਾ ਚੈਂਪੀਅਨਸ਼ਿਪ (2017-2020) ਦਾ ਹਿੱਸਾ ਹੋਵੇਗੀ।’’ ਭਾਰਤੀ ਮਹਿਲਾ ਟੀਮ ਦਾ ਦੱਖਣੀ ਅਫਰੀਕਾ ਦਾ ਦੌਰਾ ਸਫਲ ਰਿਹਾ ਜਿਸ ਵਿੱਚ ਮਿਤਾਲੀ ਦੀ ਅਗਵਾਈ ਵਾਲੀ ਟੀਮ ਨੇ ਇੱਕ ਰੋਜ਼ਾ ਲਡ਼ੀ ਵਿੱਚ 2-1 ਜਦਕਿ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਪੰਜ ਮੈਚਾਂ ਦੀ ਟੀ-20 ਕੌਮਾਂਤਰੀ ਲਡ਼ੀ ਵਿੱਚ 3-1 ਨਾਲ ਦੋਹਰੀ ਸਫਲਤਾ ਹਾਸਲ ਕੀਤੀ ਹੈ।
ਭਾਰਤ ਅਤੇ ਆਸਟਰੇਲੀਆ ਵਿਚਾਲੇ ਪਹਿਲਾ ਇੱਕ ਰੋਜ਼ਾ ਮੈਚ 12 ਮਾਰਚ ਨੂੰ ਹੋਵੇਗਾ ਜਦਕਿ ਅਗਲੇ ਦੋ ਮੈਚ 15 ਅਤੇ 18 ਮਾਰਚ ਨੂੰ ਖੇਡੇ ਜਾਣਗੇ। ਭਾਰਤੀ ਮਹਿਲਾ ਇੱਕ ਰੋਜ਼ਾ ਟੀਮ ਵਿੱਚ ਮਿਤਾਲੀ ਰਾਜ, ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਪੂਨਮ ਰਾਵਤ, ਜੇਮਿਮਾ ਰੋਡ੍ਰਿਗਜ਼, ਵੇਦਾ ਕ੍ਰਿਸ਼ਨਾਮੂਰਤੀ, ਮੋਨਾ ਮੇਸ਼ਰਾਮ, ਸੁਸ਼ਮਾ ਵਰਮਾ, ਏਕਤਾ ਬਿਸ਼ਟ, ਪੂਨਮ ਯਾਦਵ, ਰਾਜੇਸ਼ਵਰੀ ਗਾੲਿਕਵਾਡ਼, ਸ਼ਿਖਾ ਪਾਂਡੇ, ਸੁਕੰਨਿਆ ਪਰਿਦਾ, ਪੂਜਾ ਵਸਤਰਕਾਰ ਅਤੇ ਦੀਪਤਾ ਸ਼ਰਮਾ ਸ਼ਾਮਲ ਹਨ।

ਝੂਲਨ ਇੱਕ ਰੋਜ਼ਾ ਲਡ਼ੀ ਤੋਂ ਬਾਹਰ

ਨਵੀਂ ਦਿੱਲੀ: ਇੱਕ ਰੋਜ਼ਾ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਝੂਲਨ ਗੋਸਵਾਮੀ ਆਸਟਰੇਲੀਆ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਘਰੇਲੂ ਇੱਕ ਰੋਜ਼ਾ ਲਡ਼ੀ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਤੋਂ ਬਾਹਰ ਹੋ ਗਈ ਹੈ। ਉਸ ਦੇ ਦੱਖਣੀ ਅਫਰੀਕਾ ਦੌਰੇ ਦੌਰਾਨ ਪੈਰ ’ਤੇ ਸੱਟ ਲੱਗ ਗਈ ਸੀ। ਹੁਣ ਉਨ੍ਹਾਂ ਦੀ ਥਾਂ ਬੰਗਾਲ ਦੀ ਤੇਜ਼ ਗੇਂਦਬਾਜ਼ ਸੁਕੰਨਿਆ ਪਰੀਦਾ ਨੂੰ 15 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

Facebook Comment
Project by : XtremeStudioz