Close
Menu

ਆਸਟਰੇਲੀਆ ’ਚ ਗੁਰਦੁਆਰੇ ਲਈ ਜ਼ਮੀਨ ਅਲਾਟ ਕਰੇਗੀ ਸਰਕਾਰ

-- 17 April,2015

ਮੈਲਬਰਨ, ਆਸਟਰੇਲੀਆ ਦੇ ਉੱਤਰੀ ਸੂਬੇ ਨਾਰਦਰਨ ਟੈਰੀਟਰੀ ਦੀ ਸਰਕਾਰ ਨੇ ਮੁਲਕ ਦੇ ਕੇਂਦਰੀ ਹਿੱਸੇ ਵਿੱਚ ਸਿੱਖਾਂ ਨੂੰ ਗੁਰੂਘਰ ਦੀ ਉਸਾਰੀ ਲਈ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ।
ਸੂਬੇ ਦੇ ਸ਼ਹਿਰ ਐਲਸ ਸਪਰਿੰਗ ’ਚ ਖਾਲਸਾ ਸਿਰਜਣਾ ਦਿਵਸ ਸਬੰਧੀ ਰੱਖੇ ਗਏ ਸਮਾਗਮਾਂ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਨਾਰਦਰਨ ਟੈਰੀਟਰੀ ਦੇ ਮੁੱਖ ਮੰਤਰੀ ਐਡਮ ਗਰੈਹਿਮ ਜਾਇਲਜ਼ ਨੇ ਹਾਜ਼ਰ ਸਿੱਖ ਭਾਈਚਾਰੇ ਨੂੰ ਕਿਹਾ ਕਿ ਸੂਬੇ ’ਚ ਵਸਦੇ ਸਿੱਖਾਂ ਲਈ ਐਲਸ ਸਪਰਿੰਗਜ਼ ਦੇ ਪ੍ਰਮੁੱਖ ਖੇਤਰ ਵਿੱਚ ਗੁਰੂ-ਘਰ ਦੀ ਉਸਾਰੀ ਲਈ ਭੇਟਾ ਵਜੋਂ ਜ਼ਮੀਨ ਦਿੱਤੀ ਜਾ ਰਹੀ ਹੈ ਜੋ ਜਲਦ ਸਿੱਖ ਭਾਈਚਾਰੇ ਲਈ ਅਲਾਟ ਕਰ ਦਿੱਤੀ ਜਾਵੇਗੀ।
ਇਸ ਮੌਕੇ ਬਹੁ-ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤੇ ਸਥਾਨਕ ਸਰਕਾਰੀ ਪ੍ਰਤੀਨਿਧ ਵੀ ਮੁੱਖ ਮੰਤਰੀ ਨਾਲ ਹਾਜ਼ਰ ਸਨ। ਮੁਲਕ ਦੇ ਪ੍ਰਮੁੱਖ ਸ਼ਹਿਰਾਂ ਤੋਂ ਹਜ਼ਾਰਾਂ ਮੀਲ ਦੀ ਦੂਰੀ ’ਤੇ ਪੈਂਦੇ ਇਸ ਕੇਂਦਰੀ ਸ਼ਹਿਰ ਵਿੱਚ ਢਾਈ ਸਾਲਾਂ ਤੋਂ ਸਿੱਖਾਂ ਵੱਲੋਂ ਕਿਰਾਏ ਦੇ ਹਾਲ ਵਿੱਚ ਧਾਰਮਿਕ ਇਕੱਤਰਤਾ ਕੀਤੀ ਜਾਂਦੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਮੁੱਖ ਮੰਤਰੀ ਦੇ ਦਫਤਰ ਨਾਲ ਬਣੇ ਰਾਬਤੇ ਮਗਰੋਂ ਸ੍ਰੀ ਐਡਮ ਗਰੈਹਮ ਜਾਇਲਜ਼ ਨੇ ਵਿਸਾਖੀ ਮੌਕੇ ਤੋਹਫੇ ਵਜੋਂ ਗੁਰੂਘਰ ਦੀ ਉਸਾਰੀ ਲਈ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ।
ਨਾਰਦਰਨ ਟੈਰੀਟਰੀ ਦੇ ਇਸ ਸ਼ਹਿਰ ਦੀ ਕੁੱਲ ਵਸੋਂ ਕਰੀਬ 25 ਹਜ਼ਾਰ ਹੈ ਅਤੇ ਸਿੱਖਾਂ ਦੀ ਗਿਣਤੀ 300 ਦੇ ਕਰੀਬ ਹੈ। ਜ਼ਮੀਨ ਮਿਲਣ ’ਤੇ ਸੂਬੇ ’ਚ ਉਸਾਰਿਆ ਜਾਣ ਵਾਲਾ ਇਹ ਪਹਿਲਾ ਗੁਰਦੁਆਰਾ ਹੋਵੇਗਾ। ਇਸ ਸਮਾਗਮ ਦੀ ਸਮਾਪਤੀ ’ਤੇ ਮੁੱਖ ਮੰਤਰੀ ਨੂੰ ਸਨਮਾਨਤ ਕੀਤਾ ਗਿਆ। ਭਾਈ ਸੁਖਦੇਵ ਸਿੰਘ ਅਤੇ ਜਗਬੀਰ ਸਿੰਘ ਪੱਟੀ ਦੇ ਕੀਰਤਨੀ ਜਥੇ ਵੱਲੋਂ ਇਤਿਹਾਸਕ ਵਿਚਾਰਾਂ ਸੰਗਤ ਨਾਲ ਸਾਂਝੀਆਂ ਕੀਤੀਆਂ ਗਈਆਂ।

Facebook Comment
Project by : XtremeStudioz