Close
Menu

ਆਸਟਰੇਲੀਆ ਤੇ ਸਿੰਗਾਪੁਰ ਨੇ ਬੋਇੰਗ ਜਹਾਜ਼ਾਂ ਦੇ ਪਰ ਕੁਤਰੇ

-- 13 March,2019

ਸਿਡਨੀ/ਸਿੰਗਾਪੁਰ/ਪੇਈਚਿੰਗ, 13 ਮਾਰਚ
ਇਥੋਪੀਆ ਵਿੱਚ ਲੰਘੇ ਦਿਨੀਂ ਬੋਇੰਗ 737 ਮੈਕਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਚੀਨ, ਇੰਡੋਨੇਸ਼ੀਆ ਤੇ ਇਥੋਪੀਆ ਤੋਂ ਬਾਅਦ ਅੱਜ ਆਸਟਰੇਲੀਆ ਤੇ ਸਿੰਗਾਪੁਰ ਨੇ ਵੀ ਬੋਇੰਗ ਜਹਾਜ਼ਾਂ ਦੇ ਉਡਾਣ ਭਰਨ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਦੌਰਾਨ ਚੀਨ ਦੀ ਜਲ ਸੈਨਾ ਦਾ ਹਵਾਈ ਜਹਾਜ਼ ਸਿਖਲਾਈ ਮਿਸ਼ਨ ਦੌਰਾਨ ਹੈਨਾਨ ਸੂਬੇ ਦੇ ਦੱਖਣੀ ਟਾਪੂ ਵਿੱਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਜਹਾਜ਼ ਦੇ ਦੋਵੇਂ ਪਾਇਲਟ ਹਲਾਕ ਹੋ ਗਏ, ਪਰ ਜ਼ਮੀਨ ’ਤੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਧਰ ਅਮਰੀਕੀ ਐਵੀਏਸ਼ਨ ਮਾਹਿਰ, ਇਥੋਪੀਅਨ ਏਅਰਲਾਈਨ ਹਾਦਸੇ ਦੀ ਜਾਂਚ ਵਿੱਚ ਸ਼ਾਮਲ ਹੋ ਗਏ ਹਨ। ਅਮਰੀਕਾ ਦੀ ਸੰਘੀ ਐਵੀਏਸ਼ਨ ਅਥਾਰਿਟੀ ਨੇ ਕਿਹਾ ਕਿ ਲੋੜ ਪੈਣ ’ਤੇ ਬੋਇੰਗ ਖ਼ਿਲਾਫ਼ ‘ਫੌਰੀ’ ਕਾਰਵਾਈ ਕੀਤੀ ਜਾਵੇਗੀ ਤੇ ਕੰਪਨੀ ਨੂੰ ਸਾਫਟਵੇਅਰ ਤੇ ਸਿਸਟਮ ਅਪਡੇਟ ਕਰਨ ਲਈ ਵੀ ਆਖਿਆ ਜਾਵੇਗਾ।
ਇਥੋਪੀਅਨ ਏਅਰਲਾਈਨ ਦਾ ਜਹਾਜ਼ ਹਾਦਸਾਗ੍ਰਸਤ ਹੋਣ ਮਗਰੋਂ ਅੱਜ ਆਸਟਰੇਲੀਆ ਤੇ ਸਿੰਗਾਪੁਰ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ਦੀ ਉਡਾਣ ’ਤੇ ਆਰਜ਼ੀ ਪਾਬੰਦੀ ਲਾ ਦਿੱਤੀ। ਸਿੰਗਾਪੁਰ ਨੇ ਵੀ ਇਸ ਪਾਬੰਦੀ ਨੂੰ ਆਰਜ਼ੀ ਕਰਾਰ ਦਿੱਤਾ ਹੈ। ਜਾਂਚਕਾਰਾਂ ਵੱਲੋਂ ਲੰਘੇ ਦਿਨ ਮਿਲੇ ਜਹਾਜ਼ ਦੇ ਬਲੈਕ ਬਕਸਿਆਂ ਤੋਂ ਜਾਣਕਾਰੀ ਇਕੱਤਰ ਕੀਤੀ ਜਾਵੇਗੀ। ਬੋਇੰਗ ਨੇ ਜਾਂਚਕਾਰਾਂ ਦੀ ਮਦਦ ਲਈ ਤਕਨੀਕੀ ਮਾਹਿਰਾਂ ਦੀ ਟੀਮ ਮੌਕੇ ’ਤੇ ਭੇਜਣ ਦੀ ਗੱਲ ਜ਼ਰੂਰ ਕਹੀ ਹੈ।
ਇਸ ਦੌਰਾਨ ਓਮਾਨ ਤੇ ਯੂਕੇ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ਦੀ ਮੁਲਕ ਵਿੱਚ ਆਮਦ ਤੇ ਰਵਾਨਗੀ ’ਤੇ ਪਾਬੰਦੀ ਲਾ ਦਿੱਤੀ ਹੈ। ਯੂਕੇ ਨੇ ਤਾਂ ਸਬੰਧਤ ਜਹਾਜ਼ਾਂ ਨੂੰ ਮੁਲਕ ਦਾ ਹਵਾਈ ਖੇਤਰ ਵਰਤਣ ਤੋਂ ਵੀ ਵਰਜ ਦਿੱਤਾ ਹੈ।

Facebook Comment
Project by : XtremeStudioz