Close
Menu

ਆਸਟਰੇਲੀਆ ਦੀ ਵਜ਼ਨੀ ਪਾਰੀ ਦੇ ਜਵਾਬ ਵਿੱਚ ਭਾਰਤ ਵੱਲੋਂ ਮਜ਼ਬੂਤ ਸ਼ੁਰੂਆਤ

-- 28 December,2014

ਕਪਤਾਨ ਸਟੀਵ ਸਮਿੱਥ ਨੇ ਲਗਾਤਾਰ ਤੀਜਾ ਸੈਂਕੜਾ ਮਾਰ ਕੇ ਭਾਰਤੀ ਗੇਂਦਬਾਜ਼ਾਂ ਦੀ ਨਾਨੀ ਯਾਦ ਕਰਵਾ ਦਿੱਤੀ। ਇਸ ਤਰ੍ਹਾਂ ਆਸਟਰੇਲੀਆ ਨੇ ਅੱਜ ਆਪਣੀ ਪਹਿਲੀ ਪਾਰੀ ਵਿੱਚ 530 ਦੌੜਾਂ ਬਣਾ ਕੇ ਤੀਜੇ ਟੈਸਟ ਕ੍ਰਿਕਟ ਮੈਚ ਵਿੱਚ ਆਪਣਾ ਪੱਲੜਾ ਭਾਰੀ ਕਰ ਲਿਆ।
ਭਾਰਤੀ ਬੱਲੇਬਾਜ਼ਾਂ ਨੇ ਵੀ ਚੰਗੀ ਖੇਡ ਦਿਖਾਈ ਤੇ ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਮੁਰਲੀ ਵਿਜੈ ਨੇ ਨਾਬਾਦ ਅਰਧ ਸੈਂਕੜੇ ਦੀ ਬਦੌਲਤ ਇਕ ਵਿਕਟ ਉਤੇ 108 ਦੌੜਾਂ ਬਣਾਈਆਂ। ਭਾਰਤ ਹੁਣ ਵੀ ਆਸਟਰੇਲੀਆ ਤੋਂ 422 ਦੌੜਾਂ ਪਿੱਛੇ ਹੈ। ਸਟੰਪ ਉਖੜਨ ਦੇ ਸਮੇਂ ਵਿਜੈ 55 ਤੇ ਚੇਤੇਸ਼ਵਰ ਪੁਜਾਰਾ 25 ਦੌੜਾਂ ’ਤੇ ਖੇਡ ਰਹੇ ਸਨ। ਸ਼ਿਖਰ ਧਵਨ 28 ਦੌੜਾਂ ਬਣਾ ਕੇ ਆਊੂਟ ਹੋਇਆ। ਆਸਟਰੇਲੀਆ ਨੇ ਸਵੇਰੇ ਪੰਜ ਵਿਕਟਾਂ ’ਤੇ 259 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਸਮਿੱਥ ਨੇ 192 ਦੌੜਾਂ ਦੀ ਵੱਡੀ ਸੈਂਕੜੇ ਦੀ ਪਾਰੀ ਖੇਡੀ। ਉਸ ਦਾ ਟੈਸਟ ਕ੍ਰਿਕਟ ਵਿੱਚ ਸੱਤਵਾਂ ਸੈਂਕੜਾ ਹੈ। ਉਸ ਨੇ ਇਸ ਦੌਰਾਨ ਬਰਾਡ ਹੈਡਿਨ (55) ਨਾਲ ਮਿਲ ਕੇ ਛੇਵੇਂ ਵਿਕਟ ਦੇ ਲਈ 110 ਤੇ ਰਿਆਨ ਹੈਰਿਸ (74) ਦੇ ਨਾਲ ਮਿਲ ਕੇ ਅੱਠਵੇਂ ਵਿਕਟ ਲਈ 106 ਦੌੜਾਂ ਦੀਆਂ ਸਾਂਝੇਦਾਰੀਆਂ ਕੀਤੀਆਂ। ਪਿਛਲੇ ਮੈਚਾਂ ਦੀ ਤਰ੍ਹਾਂ ਇਸ ਮੈਚ ਵਿੱਚ ਵੀ ਆਸਟਰੇਲਿਆਈ ਪੁਛਲ ਬੱਲੇਬਾਜ਼ਾਂ ਨੇ ਉਪਯੋਗੀ ਯੋਗਦਾਨ ਪਾਇਆ।
ਸਮਿੱਥ ਨੇ ਲਗਪਗ ਸੱਤ ਘੰਟੇ ਖੇਡਦਿਆਂ ਸਾਵਧਾਨੀ ਤੇ ਹਮਲਾਵਰ ਸ਼ੈਲੀ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ। ਉਸ ਨੇ 305 ਗੇਂਦਾਂ ਖੇਡਦਿਆਂ 15 ਚੌਕੇ ਤੇ ਦੋ ਛੱਕੇ ਮਾਰੇ। ਇਹ ਉਸ ਦੇ ਕਰੀਅਰ ਦੀ ਸ਼ਾਨਦਾਰ ਪਾਰੀ ਹੈ। ਹੈਡਿਨ ਨੇ ਵੀ ਤੇਜ਼ੀ ਨਾਲ ਦੌੜਾਂ ਬਣਾਈਆਂ ਅਤੇ ਆਪਣੀ ਪਾਰੀ ਵਿੱਚ ਸੱਤ ਚੌਕੇ ਤੇ ਇਕ ਛੱਕਾ ਲਾਇਆ।
ਨਵੀਂ ਗੇਂਦ ਸੰਭਾਲਣ ਵਾਲਾ ਇਸ਼ਾਂਤ ਸ਼ਰਮਾ 104 ਦੌੜਾਂ ਦੇਣ ਬਾਅਦ ਵੀ ਕੋਈ ਵਿਕਟ ਨਹੀਂ ਲੈ ਸਕਿਆ। ਉਮੇਸ਼ ਸ਼ਰਮਾ ਨੇ ਭਾਵੇਂ130 ਦੌੜਾਂ ਦੇ ਕੇ ਤਿੰਨ ਵਿਕਟਾਂ ਲੈ ਲਈਆਂ ਪਰ ਪਹਿਲੇ ਘੰਟੇ ਵਿੱਚ ਉਹ ਪ੍ਰਭਾਵਹੀਣ ਰਿਹਾ ਤੇ ਆਸਟਰੇਲਿਆਈ ਦਰਸ਼ਕਾਂ ਨੂੰ ਖੁਸ਼ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਮੁਹੰਮਦ ਸ਼ਮੀ 138 ਦੌੜਾਂ ਬਦਲੇ ਚਾਰ ਵਿਕਟਾਂ ਨੇ ਵੀ ਦਿਲ ਖੋਲ੍ਹ ਕੇ ਦੌੜਾਂ ਲੁਟਾਈਆਂ। ਉਸ ਨੇ ਆਖਿਰ ਨੂੰ ਹੈਡਿਨ ਨੂੰ ਵਿਕਟ ਪਿੱਛੇ ਕੈਚ ਕਰਵਾਇਆ ਪਰ ਇਸ ਤੋਂ ਬਾਅਦ ਮਿਸ਼ੇਲ ਜਾਨਸਨ 28 ਤੇ ਫਿਰ ਹੈਰਿਸ ਨੇ ਸਮਿੱਥ ਦਾ ਸ਼ਾਨਦਾਰ ਸਾਥ ਦੇ ਕੇ ਭਾਰਤੀਆਂ ਨੂੰ ਸਾਹ ਨਹੀਂ ਲੈਣ ਦਿੱਤਾ। ਆਫ ਸਪਿੰਨਰ ਰਵੀਚੰਦਰ ਅਸ਼ਵਿਨ 134 ਦੌੜਾਂ ਬਦਲੇ ਤਿੰਨ ਵਿਕਟਾਂ ਦੇ ਆਉਣ ਨਾਲ ਭਾਰਤ ਨੂੰ ਥੋੜ੍ਹੀ ਰਾਹਤ ਮਿਲੀ। ਉਸ ਨੇ ਧੜਾਧੜ ਬਣਦੀਆਂ ਦੌੜਾਂ ਨੂੰ ਰੋਕਿਆ ਤੇ ਜਾਨਸਨ ਨੂੰ ਧੋਨੀ ਹੱਥੋਂ ਸਟੰਪ ਆਊੂਟ ਵੀ ਕਰਵਾਇਆ। ਦੂਜੇ ਸੈਸ਼ਨ ਵਿੱਚ ਸਮਿੱਥ ਨੇ ਤੇਜ਼ੀ ਦਿਖਾਈ ਤੇ ਉਸ ਨੂੰ ਹੈਰਿਸ ਦੇ ਰੂਪ ਵਿੱਚ ਚੰਗਾ ਜੋੜੀਦਾਰ ਵੀ ਮਿਲਿਆ। ਹੈਰਿਸ ਨੇ ਆਪਣਾ ਤੀਜਾ ਅਰਧ ਸੈਂਕੜਾ ਵੀ ਪੂਰਾ ਕੀਤਾ ਪਰ ਸਮਿੱਥ ਨੇ ਗੇਂਦਬਾਜ਼ਾਂ ਨੂੰ ਮੈਦਾਨ ਦੇ ਚਾਰੇ ਖੁੰਜੇ ਦਿਖਾਉਣੇ ਜਾਰੀ ਰੱਖੇ। ਹੈਰਿਸ ਨੇ 88 ਗੇਂਦਾਂ ਖੇਡਦਿਆਂ ਅੱਠ ਚੌਕੇ ਤੇ ਇਕ ਛੱਕਾ ਮਾਰਿਆ। ਹੈਰਿਸ ਨੇ ਬਾਅਦ ਵਿੱਚ ਧਵਨ ਨੂੰ ਆਊੂੂਟ ਕਰਕੇ ਭਾਰਤ ਨੂੰ ਝਟਕਾ ਵੀ ਦਿੱਤਾ। ਦੌੜਾਂ ਬਣਾਉਣ ਲਈ ਜੂਝਦੇ ਇਸ ਸਲਾਮੀ ਖੱਬੂ ਬੱਲੇਬਾਜ਼ ਨੇ ਸਲਿੱਪ ਵਿੱਚ ਸਮਿੱਥ ਨੂੰ ਕੈਚ ਦੇ ਦਿੱਤਾ। ਇਸ ਤੋਂ ਬਾਅਦ ਮੁਰਲੀ ਤੇ ਪੁਜਾਰਾ ਨੇ ਟੀਮ ਨੂੰ ਕੋਈ ਝਟਕਾ ਨਹੀਂ ਲੱਗਣ ਦਿੱਤਾ। ਭਾਰਤ ਅਜੇ ਲੜੀ ਵਿੱਚ 2-0 ਨਾਲ ਪਿੱਛੇ ਹੈ ਤੇ ਲੜੀ ਨੂੰ ਰੁਚੀ ਭਰਪੂਰ ਬਣਾਈ ਰੱਖਣ ਲਈ ਇਹ ਮੈਚ ਜਿੱਤਣਾ ਭਾਰਤ ਲਈ ਅਤਿਅੰਤ ਜ਼ਰੂਰੀ ਹੈ।
ਪੁਜਾਰਾ ਦਿਨ ਦੇ ਆਖਰੀ ਸਮੇਂ ਕਿਸਮਤ ਵਾਲਾ ਰਿਹਾ ਕਿਉਂਕਿ ਹੈਡਿਨ ਨੇ 27ਵੇਂ ਓਵਰ ਵਿੱਚ ਹੇਜਲਵੁੱਡ ਦੀ ਗੇਂਦ ਉੱਤੇ ਉਸ ਦਾ ਕੈਚ ਛੱਡ ਦਿੱਤਾ। ਪੁਜਾਰਾ ਉਦੋਂ 14 ਗੇਂਦਾਂ ਉੱਤੇ ਖੇਡ ਰਿਹਾ ਸੀ। ਦਿਨ ਦੀ ਖੇਡ ਖਤਮ ਹੋਣ ਤੋਂ ਪਹਿਲਾਂ ਵਿਜੈ ਨੇ ਆਪਣਾ 9ਵਾਂ ਸੈਂਕੜਾ ਪੂਰਾ ਕੀਤਾ। ਇਸ ਦੇ ਲਈ ਉਸ ਨੂੰ 93 ਗੇਂਦਾਂ ਮਿਲੀਆਂ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਸਵੇਰੇ ਪੰਜ ਵਿਕਟਾਂ ’ਤੇ 259 ਦੌੜਾਂ ਤੋਂ ਖੇਡਣਾ ਸ਼ੁਰੂ ਕੀਤਾ। ਆਸਟਰੇਲੀਆ ਦੀ ਪਾਰੀ ਸਮਿੱਥ ਦੇ ਇਰਦ-ਗਿਰਦ ਘੁੰਮਦੀ ਰਹੀ। ਉਸ ਨੇ ਆਪਣੀ ਸ਼ਾਨਦਾਰ ਫਰਮ ਜਾਰੀ ਰੱਖੀ ਤੇ ਲੜੀ ਵਿੱਚ ਦੂਜੀ ਵਾਰ 150 ਦੌੜਾਂ ਤੋਂ ਪਾਰ ਪੁੱਜੇ। ਇਸ ਤੋਂ ਬਾਅਦ ਉਸ ਨੇ ਤੇਜ਼ੀ ਨਾਲ 32 ਗੇਂਦਾਂ ਉੱਤੇ 42 ਦੌੜਾਂ ਬਣਾਈਆਂ।
ਸਮਿੱਥ ਨੇ ਨਾਥਨ ਲਿਓਨ (11) ਦੇ ਨਾਲ ਨੌਵੇਂ ਵਿਕਟ ਲਈ 48 ਦੌੜਾਂ ਦੀ ਤੇਜ਼-ਤਰਾਰ ਸਾਂਝੇਦਾਰੀ ਕੀਤੀ। ਸ਼ਮੀ ਨੇ ਲਿਓਨ ਨੂੰ ਬੋਲਡ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ ਤੇ ਯਾਦਵ ਨੇ ਅਗਲੇ ਓਵਰ ਵਿੱਚ ਸਮਿੱਥ ਦੀਆਂ ਗਿੱਲੀਆਂ ਖਿੰਡਾ ਕੇ ਮੈਰਾਥਨ ਪਾਰੀ ਦਾ ਅੰਤ ਕਰ ਦਿੱਤਾ। ਸਮਿੱਥ ਆਊੂਟ ਹੋਣ ਵਾਲਾ ਆਖਰੀ ਬੱਲੇਬਾਜ਼ ਸੀ। ਭਾਰਤੀ ਗੇਂਦਬਾਜ਼ਾਂ ਦੀ ਲਾਈਨ ਤੇ ਲੈਂਥ ਅੱਜ ਚੰਗੀ ਨਹੀਂ ਰਹੀ। ਸਮਿੱਥ ਤੇ ਹੈਡਿਨ ਸਵੇਰੇ ਗੇਂਦਬਾਜ਼ਾਂ ਉੱਤੇ ਭਾਰੂ ਪਏ। ਭਾਰਤ ਨੇ ਪਹਿਲੇ 9 ਓਵਰਾਂ ਵਿੱਚ 52 ਦੌੜਾਂ ਦੇ ਦਿੱਤੀਆਂ। ਇਸ ਦੌਰਾਨ ਹੈਡਿਨ ਨੇ ਜਲਦੀ ਹੀ ਆਪਣਾ 18ਵਾਂ ਅਰਧ ਸੈਂਕੜਾ ਪੂਰਾ ਕਰ ਲਿਆ।

Facebook Comment
Project by : XtremeStudioz