Close
Menu

ਆਸਟਰੇਲੀਆ ਦੇ ਗੁਰਦੁਆਰੇ ਵਿੱਚ ਬੰਬ ਦੀ ਅਫਵਾਹ

-- 03 July,2015

ਮੈਲਬਰਨ, ਪੂਰਬੀ ਮੈਲਬਰਨ ਦੇ ਬਲੈਕਬਰਨ ਗੁਰਦੁਆਰੇ ਵਿੱਚ ਅੱਜ ਬੰਬ ਦੀ ਅਫਵਾਹ ਮਗਰੋਂ ਪੁਲੀਸ ਹਰਕਤ ਵਿੱਚ ਆ ਗਈ ਅਤੇ ਜਾਂਚ ਕੀਤੀ।
ਅੱਜ ਸ਼ਾਮੀਂ ਕਰੀਬ ਸਾਢੇ ਛੇ ਵਜੇ ਪੁਲੀਸ ਨੂੰ ਟੈਲੀਫੋਨ ਰਾਹੀਂ ਗੁਰਦੁਆਰੇ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ। ਇਸ ‘ਤੇ ਪੁਲੀਸ ਦੀਆਂ ਵੱਖ ਵੱਖ ਜਾਂਚ ਟੀਮਾਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਿਸੰਗ ਘਰ ਪਹੁੰਚ ਗਈਆਂ। ਉਸ ਸਮੇਂ ਗੁਰਦੁਆਰੇ ਵਿੱਚ ਰਹਿਰਾਸ ਦਾ ਪਾਠ ਹੋ ਰਿਹਾ ਸੀ। ਤੁਰੰਤ ਅਰਦਾਸ ਉਪਰੰਤ ਧਾਰਮਿਕ ਕਾਇਦਿਆਂ ਨੂੰ ਧਿਆਨ ਵਿੱਚ ਰੱਖਦਿਆਂ ਇਮਾਰਤ ਸਮੇਤ ਸਮੁੱਚੇ ਆਲੇ-ਦੁਆਲੇ ਦੀ ਘੋਖ ਕੀਤੀ। ਇਹ ਕਾਰਵਾਈ ਕਰੀਬ ਢਾਈ ਘੰਟੇ ਚੱਲੀ। ਮੌਕੇ ‘ਤੇ ਮੌਜੂਦ ਗੁਰਦੁਆਰਾ ਕਮੇਟੀ ਦੇ ਨੁਮਾਇੰਦਿਆਂ ਮੁਤਾਬਕ ਪੁਲੀਸ ਨੇ ਕੋਈ ਵੀ ਸ਼ੱਕੀ ਸੰਕੇਤ ਮਿਲਣ ਦੀ ਸੂਰਤ ਵਿੱਚ ਪੁਲੀਸ ਨੂੰ ਤੁਰੰਤ ਸੂਚਨਾ ਦੇਣ ਦੀ ਹਦਾਇਤ ਕੀਤੀ ਹੈ।
ਇਸ ਸਬੰਧੀ ਆਸਟਰੇਲੀਅਨ ਪੰਜਾਬੀ ਐਸੋਸੀਏਸ਼ਨ ਤੋਂ ਹਰਭਜਨ ਸਿੰਘ ਖਹਿਰਾ ਨੇ ਕਿਹਾ ਕਿ ਸਥਾਨਕ ਕਮੇਟੀ ਦੀ ਲਾਪ੍ਰਵਾਹੀ ਕਾਰਨ ਸ਼ਾਮ ਦੀ ਮਰਯਾਦਾ ਦਾ ਸਮਾਂ ਨਿਯਤ ਨਹੀਂ ਰੱਖਿਆ ਗਿਆ ਜੋ ਅੱਜ ਦੀ ਘਟਨਾ ਮੌਕੇ ਵੀ ਸਾਹਮਣੇ ਆਇਆ। ਕਮੇਟੀ ਪ੍ਰਧਾਨ ਵਿਦੇਸ਼ ਦੌਰੇ ‘ਤੇ ਹੋਣ ਕਾਰਨ ਉਨ੍ਹਾਂ ਨਾਲ ਰਾਬਤਾ ਨਹੀਂ ਹੋ ਸਕਿਆ।

Facebook Comment
Project by : XtremeStudioz