Close
Menu

ਆਸਟਰੇਲੀਆ ਵਿੱਚ ਕਾਨੂੰਨ ਤਹਿਤ ਪਹੁੰਚੇ ਲੋਕਾਂ ਵਿੱਚੋਂ ਭਾਰਤੀ ਪਹਿਲੇ ਸਥਾਨ ’ਤੇ

-- 30 December,2014

ਸਿਡਨੀ, ਆਸਟਰੇਲੀਆ ਵਿੱਚ ਆਏ ਪਰਵਾਸੀਆਂ ’ਚ ਭਾਰਤੀ ਪਹਿਲੇ ਨੰਬਰ ਉਤੇ ਹਨ। ਭਾਰਤੀਆਂ ਨੇ ਆਪਣੇ ਗੁਆਂਢੀ ਮੁਲਕ ਚੀਨ ਤੇ ਯੂਰਪੀ ਦੇਸ਼ਾਂ ਨੂੰ ਵੀ ਪਛਾੜ ਦਿੱਤਾ ਹੈ। ਆਸਟਰੇਲੀਆ ’ਚ ਗੈਰ-ਕਾਨੂੰਨੀ ਵੀਜ਼ਿਆਂ ਉਪਰ ਰਹਿਣ ਵਾਲਿਆਂ ’ਚ ਚੀਨ ਮੂਲ ਦੇ ਬਾਸ਼ਿੰਦੇ ਪਹਿਲੇ ਨੰਬਰ ’ਤੇ ਹਨ।
‘ਇੰਟਰਨੈਸ਼ਨਲ ਮਾਈਗਰੇਸ਼ਨ ਆਊਟ ਲੁੱਕ’ ਰਿਪੋਰਟ ਅਨੁਸਾਰ ਕਾਨੂੰਨੀ ਢੰਗ-ਤਰੀਕਿਆਂ ਨਾਲ ਆਸਟਰੇਲੀਆ ’ਚ ਪੱਕੀ ਨਾਗਰਿਕਤਾ ਲਈ ਕਰੀਬ ਇਕ ਲੱਖ 23 ਹਜ਼ਾਰ 400 ਅਰਜ਼ੀਆਂ ਦਾਖਲ ਹੋਈਆਂ ਹਨ। ਇਨ੍ਹਾਂ ’ਚੋਂ 40 ਹਜ਼ਾਰ 100 ਭਾਰਤ, 27 ਹਜ਼ਾਰ 300 ਚੀਨ ਤੇ 21 ਹਜ਼ਾਰ 700 ਬਰਤਾਨੀਆ ਦੇ ਨਾਗਰਿਕ ਹਨ। ਬਾਕੀ ਹੋਰਨਾਂ ਮੁਲਕਾਂ ਦੇ ਮੂਲ ਬਾਸ਼ਿੰਦੇ ਹਨ। ਜ਼ਿਕਰਯੋਗ ਹੈ ਕਿ ਆਸਟਰੇਲੀਆ ਕਰੀਬ ਚਾਰ ਸਾਲ ਦੀ ਪੱਕੀ ਰੈਜੀਡੈਂਸੀ ਤੇ ਇਸ ਦੌਰਾਨ ਚੰਗੇ ਆਚਰਣ ਦੇ ਆਧਾਰ ’ਤੇ ਨਾਗਰਿਕਤਾ ਪ੍ਰਦਾਨ ਕਰਦਾ ਹੈ।
ਆਸਟਰੇਲੀਆ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਉਪਰ ਆਪਣਾ ਸ਼ਿਕੰਜਾ ਕੱਸਣ ਜਾ ਰਿਹਾ ਹੈ। ਇਮੀਗਰੇਸ਼ਨ ਵਿਭਾਗ ਨੇ ਅਜਿਹੇ ਕਰੀਬ 62 ਹਜ਼ਾਰ 100 ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਹੈ ਜਿਹੜੇ ਵੀਜ਼ਾ ਖਤਮ ਹੋਣ ਬਾਅਦ ਵਿਭਾਗ ਕੋਲ ਨਹੀਂ ਪੁੱਜੇ। ਸਾਲ 2012-13 ’ਚ ਵਿਜਟਰ ਵੀਜ਼ੇ ਉਪਰ 44 ਹਜ਼ਾਂਰ 800 ਤੇ ਵਿਦਿਆਰਥੀ ਵੀਜ਼ੇ ਉਪਰ 10 ਹਜ਼ਾਰ 720 ਵਿਅਕਤੀ ਗੈਰ-ਕਾਨੂੰਨੀ ਆਸਟਰੇਲੀਆ ’ਚ ਰਹਿ ਰਹੇ ਹਨ। ਇਨ੍ਹਾਂ ਦਾ ਪਿਛੋਕੜ ਚੀਨ (7690), ਮਲੇਸ਼ੀਆ (6420), ਅਮਰੀਕਾ (5220), ਯੂ.ਕੇ. (3780) ਅਤੇ ਹੋਰਨਾਂ ਦੇਸ਼ਾਂ ਨਾਲ ਹੈ।
ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਪੀਟਰ ਡੋਟਨ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਵੀਜ਼ੇ ਉਪਰ ਰਹਿ ਰਹੇ ਵਿਅਕਤੀ ਫੜੇ ਜਾਣ ’ਤੇ ਉਨ੍ਹਾਂ ਦੀ ਆਸਟਰੇਲੀਆ ਆਉਣ ’ਤੇ ਤਿੰਨ ਸਾਲ ਲਈ ਰੋਕ ਤੇ ਜੁਰਮਾਨੇ ਦੀ ਵਿਵਸਥਾ ਹੈ। ਗੈਰ-ਕਾਨੂੰਨੀਆਂ ਨੂੰ ਫੜਨਾ ਵਿਭਾਗ ਦੇ ਮੁੱਖ ਏਜੰਡੇ ’ਤੇ ਹੈ।

Facebook Comment
Project by : XtremeStudioz