Close
Menu

ਆਸਟਰੇਲੀਆ ਵਿੱਚ ਲਾਪਤਾ ਹੋਏ ਪ੍ਰਭਦੀਪ ਨੂੰ ਅਦਾਲਤ ਨੇ ਮ੍ਰਿਤਕ ਐਲਾਨਿਆ

-- 30 June,2015

ਮੈਲਬਰਨ, ਦੱਖਣ-ਪੂਰਬੀ ਆਸਟਰੇਲੀਆ ਦੀਆਂ ਬਰਫੀਲੀਆਂ ਪਹਾੜੀਆਂ ’ਚ ਕਰੀਬ ਦੋ ਸਾਲ ਪਹਿਲਾਂ ਲਾਪਤਾ ਹੋਏ ਪੰਜਾਬੀ ਮੂਲ ਦੇ ਨੌਜਵਾਨ ਪ੍ਰਭਦੀਪ ਸਿੰਘ ਸਰਾਂ ਨੂੰ ਸਥਾਨਕ ਕਾਰਨਰ ਅਦਾਲਤ ਨੇ ਮ੍ਰਿਤਕ ਐਲਾਨ ਦਿੱਤਾ ਹੈ।
ਕੈਨੇਡਾ ਦੇ ਬਰੈਂਪਟਨ ਸ਼ਹਿਰ ਨਾਲ ਸਬੰਧਤ ਪ੍ਰਭਦੀਪ ਆਸਟਰੇਲੀਆ ਦੇ ਗੋਲਡ ਕੌਸਟ ਸ਼ਹਿਰ ਦੀ ਬੌਂਡ ਯੂਨੀਵਰਸਿਟੀ ’ਚ ਕਾਨੂੰਨ ਦੀ ਪੜ੍ਹਾਈ ਦਾ ਵਿਦਿਆਰਥੀ ਸੀ। ਇਸੇ ਦੌਰਾਨ ਉਹ ਰਾਜਧਾਨੀ ਕੈਨਬਰਾ ਤੋਂ ਕਰੀਬ ਢਾਈ ਸੌ ਕਿਲੋਮੀਟਰ ’ਤੇ ਪੈਂਦੇ ਕੋਸਕਿਜ਼ਕੋ ਨੈਸ਼ਨਲ ਪਾਰਕ ਦੀਆਂ ਪਹਾੜੀਆਂ ਵੱਲ ਘੁੰਮਣ ਨਿਕਲਿਆ, ਪਰ ਮੁੜ ਕੇ ਉਸ ਦਾ ਕੋਈ ਥਹੁ-ਪਤਾ ਨਾ ਲੱਗਾ। ਇਨ੍ਹਾਂ ਪਹਾੜੀਆਂ ਨੇੜਲੇ ਰਿਜ਼ੌਰਟ ਬਾਹਰ ਖੜ੍ਹੀ ਗੱਡੀ ਬਾਰੇ ਜਦੋਂ ਸਥਾਨਕ ਲੋਕਾਂ ਨੇ ਪੁਲੀਸ ਨੂੰ ਇਤਲਾਹ ਦਿੱਤੀ ਤਾਂ ਪ੍ਰਭਦੀਪ ਬਾਰੇ ਜਾਣਕਾਰੀ ਸਾਹਮਣੇ ਆਈ। ਹੁਣ ਤੱਕ ਹੋਈ ਜਾਂਚ ਮੁਤਾਬਕ ਸਾਹਮਣੇ ਆ ਚੁੱਕਾ ਹੈ ਕਿ ਜਿਸ ਦਿਨ ਇਹ ਨੌਜਵਾਨ ਪਹਾੜਾਂ ਵੱਲ ਤੁਰਿਆ ਉਦੋਂ ਮੌਸਮ ਸਾਫ ਸੀ ਪਰ ਉਸ ਖੇਤਰ ’ਚ ਮੌਸਮ ਇਕਦਮ ਬਦਲਿਆ ਤੇ ਬਰਫਬਾਰੀ ਦੌਰਾਨ ਪ੍ਰਭਦੀਪ ਉਨ੍ਹਾਂ ਰਸਤਿਆਂ ’ਚ ਕਿਤੇ ਗੁਆਚ ਗਿਆ।
ਘਟਨਾ ਤੋਂ ਕੁਝ ਸਮੇਂ ਬਾਅਦ ਹੀ ਪ੍ਰਭਦੀਪ ਨੂੰ ਲੱਭਣ ਦੇ ਯਤਨ ਸ਼ੁਰੂ ਹੋਏ। ਸਥਾਨਕ ਪ੍ਰਸ਼ਾਸਨ ਵੱਲੋਂ ਤਿੰਨ ਹੈਲੀਕਾਪਟਰਾਂ ’ਤੇ ਖੋਜ ਟੀਮਾਂ ਨਾਲ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਾ ਪਿਆ। ਕੈਨੇਡਾ ਦੀ ਰਿਜ਼ਰਵ ਫੌਜ ਦਾ ਹਿੱਸਾ ਰਹੇ ਇਸ ਨੌਜਵਾਨ ਨੂੰ ਲੱਭਣ ਲਈ ਕੈਨੇਡੀਅਨ ਫੌਜ ਦੀ ਟੀਮ ਵੀ ਆਸਟਰੇਲੀਆ ਆਈ ਸੀ ਅਤੇ ਉਸ ਦਾ ਪਰਿਵਾਰ ਨਿੱਜੀ ਤੌਰ ’ਤੇ ਪੂਰੇ ਇਲਾਕੇ ਦੀ ਖੋਜ ਕਰਵਾ ਚੁੱਕਾ ਹੈ ਪਰ ਇਨ੍ਹਾਂ ਬਰਫੀਲੀਆਂ ਪਹਾੜੀਆਂ ’ਚ ਪ੍ਰਭਦੀਪ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ।
ਕਾਰਨਰ ਅਦਾਲਤ ’ਚ ਚੱਲੀ ਕਾਰਵਾਈ ਦੌਰਾਨ ਮੈਜਿਸਟਰੇਟ ਹੈਰੀਅਟ ਗਰੈਹਮੀ ਅਨੁਸਾਰ ਪ੍ਰਭਦੀਪ ਦੀ ਹੁਣ ਤੱਕ ਮੌਤ ਹੋ ਚੁੱਕੀ ਹੋਵੇਗੀ ਕਿਉਂਕਿ ਇਸ ਇਲਾਕੇ ਦੇ ਅਤਿ ਠੰਢੇ ਮੌਸਮ ਅਤੇ ਬਰਫਬਾਰੀ ਦੇ ਚਲਦਿਆਂ ਵਿਅਕਤੀ ਲੰਮਾ ਸਮਾਂ ਜਿਊਂਦਾ ਨਹੀਂ ਰਹਿ ਸਕਦਾ ਅਤੇ ਮੁਢਲੀਆਂ ਰਿਪੋਰਟਾਂ ਮੁਤਾਬਕ ਇਹ ਵੀ ਸਾਹਮਣੇ ਆ ਚੁੱਕਾ ਹੈ ਕਿ ਪ੍ਰਭਦੀਪ ਕੋਲ ਅਜਿਹੇ ਮੌਸਮ ’ਚ ਸਮਾਂ ਗੁਜ਼ਾਰਨ ਲਈ ਲੋੜੀਂਦਾ ਟੈਂਟ ਤੇ ਕੱਪੜੇ ਆਦਿ ਨਹੀਂ ਸਨ।

Facebook Comment
Project by : XtremeStudioz