Close
Menu

ਆਸਟਰੇਲੀਆ ਹਿਜਰਤ ਕਰਨ ਵਾਲਿਆਂ ਵਿੱਚੋਂ ਭਾਰਤੀ ਮੋਹਰੀ

-- 21 July,2018

ਸਿਡਨੀ, 21 ਜੁਲਾਈ
ਆਸਟਰੇਲੀਆ ਵਿੱਚ ਸਾਲ 2000 ਤੋਂ 2016 ਤੱਕ ਵੱਖ-ਵੱਖ ਮੁਲਕਾਂ ’ਚੋਂ 20 ਲੱਖ ਦੇ ਕਰੀਬ ਪਰਵਾਸੀ ਆਏ ਹਨ, ਜਿਨ੍ਹਾਂ ਵਿੱਚ ਭਾਰਤੀ ਮੋਹਰੀ ਹਨ। ਆਸਟਰੇਲੀਆ ਦੇ ਅੰਕੜਾ ਵਿਭਾਗ ਅਨੁਸਾਰ ਇੱਥੇ ਆਉਣ ਵਾਲਿਆਂ ਵਿੱਚ ਭਾਰਤ, ਇੰਗਲੈਂਡ ਅਤੇ ਚੀਨ ਦੇ ਲੋਕਾਂ ਦੀ ਭਰਮਾਰ ਹੈ। ਅੰਕੜਿਆਂ ਅਨੁਸਾਰ ਅੱਧੇ ਤੋਂ ਵੱਧ ਪਰਵਾਸੀਆਂ ਨੇ ਆਸਟਰੇਲੀਆ ਨੂੰ ਆਪਣਾ ਮੁਲਕ ਮੰਨਦੇ ਹੋਏ ਇਥੇ ਸਥਾਈ ਘਰ ਖ਼ਰੀਦ ਲਿਆ ਅਤੇ ਕੁਝ ਕੋਸ਼ਿਸ਼ ਕਰ ਰਹੇ ਹਨ।
ਸਾਲ 2016 ਦੀ ਜਨਗਣਨਾ ਅਨੁਸਾਰ ਆਸਟਰੇਲੀਆ ਵਿੱਚ ਕਰੀਬ 22 ਲੱਖ ਲੋਕਾਂ ਨੇ ਸਥਾਈ ਪਰਵਾਸੀਆਂ ਵਜੋਂ ਮੁਲਕ ਵਿੱਚ ਪੱਕੀ ਰਿਹਾਇਸ਼ ਪ੍ਰਾਪਤ ਕੀਤੀ ਸੀ। ਇਹ ਅੰਕੜਾ ਜਨਵਰੀ 2000 ਤੋਂ ਅਤੇ 9 ਅਗਸਤ 2016 ਦੇ ਵਿਚਕਾਰ ਪਹੁੰਚੇ ਪਰਵਾਸੀਆਂ ਦਾ ਹੈ। ਇਸ ਵਿੱਚ 58 ਫੀਸਦ ਵਿਅਕਤੀਆਂ ਨੂੰ ਹੁਨਰਮੰਦ ਵੀਜ਼ਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ 32 ਫੀਸਦ ਨੂੰ ਪਰਿਵਾਰਕ ਵੀਜ਼ਾ ਮਿਲਿਆ ਸੀ। ਕੇਵਲ 10 ਫੀਸਦ ਵੀਜ਼ੇ ਅਜਿਹੇ ਹਨ, ਜੋ ਵਿਅਕਤੀਗਤ ਤੌਰ ’ਤੇ ਦਿੱਤੇ ਗਏ।
ਅੰਕੜਿਆਂ ਰਾਹੀਂ ਇਹ ਵੀ ਤੱਥ ਸਾਹਮਣੇ ਆਇਆ ਕਿ ਪਰਵਾਸੀ ਹੁਨਰਮੰਦ ਵੀਜ਼ੇ ’ਤੇ ਆਸਟਰੇਲੀਆ ਆਉਣ ਵਾਲਿਆਂ ਵਿੱਚ ਪਹਿਲਾ ਸਥਾਨ ਭਾਰਤੀਆਂ ਦਾ ਹੈ। ਉਹ 19 ਫੀਸਦੀ ਨਾਲ ਇੰਗਲੈਂਡ ਅਤੇ ਚੀਨ ਤੋਂ ਅੱਗੇ ਹਨ। ਪਰਿਵਾਰਕ ਵੀਜ਼ੇ ਵਿੱਚ ਚੀਨ ਸਭ ਤੋਂ ਮੋਹਰੀ ਹੈ। ਵਿਅਕਤੀਗਤ ਤੌਰ ’ਤੇ ਇਰਾਕ 18 ਫੀਸਦੀ ਨਾਲ ਸਭ ਤੋਂ ਅੱਗੇ ਹੈ ਅਤੇ ਇਸ ਤੋਂ ਬਾਅਦ ਅਫ਼ਗਾਨਿਸਤਾਨ ਅਤੇ ਮਿਆਂਮਾਰ ਦਾ ਨੰਬਰ ਆਉਂਦਾ ਹੈ।
ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਕਿਹਾ ਕਿ ਆਸਟਰੇਲੀਆ ਦਾ ਆਵਾਸ ਅਤੇ ਆਬਾਦੀ ਵਾਧਾ ਲਗਾਤਾਰ ਸਮੀਖਿਆ ਅਧੀਨ ਹੈ। ਆਵਾਸ ਹੋਰ ਸਖ਼ਤ ਅਤੇ ਇਸ ’ਤੇ ਕਟੌਤੀ ਲਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

Facebook Comment
Project by : XtremeStudioz