Close
Menu

ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੇ ਭਾਰਤੀ ਹਾਈ ਕਮਿਸ਼ਨ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ

-- 02 August,2015

ਸਿਡਨੀ,-ਭਾਰਤ ਦੀਆਂ ਜੇਲਾਂ ‘ਚ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਨਜ਼ਰਬੰਦ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਪਿਛਲੇ ਛੇ ਮਹੀਨਿਆਂ ਤੋਂ ਵੀ ਲੰਬੇ ਸਮੇਂ ਤੋਂ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਹੱਕ’ਚ ਅੱਜ ਆਸਟ੍ਰੇਲੀਆ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵਲੋਂ ਅੱਜ ਭਾਰਤੀ ਹਾਈ ਕਮਿਸ਼ਨ ਦਫ਼ਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।
ਰੋਸ ਪ੍ਰਦਰਸ਼ਨ ‘ਚ ਸਾਮਲ ਹੋਣ ਲਈ ਆਸਟ੍ਰੇਲੀਆ ਦੇ ਸਿਡਨੀ, ਮੈਲਬੌਰਨ, ਪਰਥ, ਬ੍ਰਿਸਬੇਨ, ਐਡੀਲੇਡ ਅਤੇ ਕੈਨਬਰਾ ਤੋਂ ਵੱਡੀ ਗਿਣਤੀ ‘ਚ ਪੁੱਜੀਆਂ ਸੰਗਤਾਂ, ਜਿਨ੍ਹਾਂ ਵਿਚ ਬੀਬੀਆਂ ਵੀ ਸ਼ਾਮਲ ਸਨ, ਕੈਨਬਰਾ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਈਆਂ। ਬਾਅਦ ਵਿਚ ਕੈਨਬਰਾ ਵਿਖੇ ਸਥਿਤ ਭਾਰਤੀ ਦੂਤਘਰ ਦੇ ਬਾਹਰ ਪ੍ਰਦਰਸ਼ਨ ਕੀਤਾ।
ਇਸ ਉਪਰੰਤ ਉਨ੍ਹਾਂ ਭਾਰਤੀ ਹਾਈ ਕਮਿਸ਼ਨਰ ਤਰੁਣ ਕੁਮਾਰ ਨੂੰ ਇਕ ਮੰਗ ਪੱਤਰ ਵੀ ਦਿੱਤਾ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ, ਜਿਨ੍ਹਾਂ ਵਿਚ ਮਨਜਿੰਦਰ ਸਿੰਘ ਦਮਦਮੀ ਟਕਸਾਲ, ਕਵਨਦੀਪ ਸਿੰਘ, ਹਰਪ੍ਰੀਤ ਸਿੰਘ ਮਾਨ, ਹਰਪ੍ਰੀਤ ਸਿੰਘ ਖਾਲਸਾ, ਹਰਮੇਲ ਸਿੰਘ ਕੀਜਬਰੋ, ਪਦਮਦੀਪ ਸਿੰਘ ਸਿਡਨੀ, ਜਸਵੀਰ ਸਿੰੰਘ ਆਦਿ ਨੇ ਭਾਰਤ ਦੇ ਕਾਨੂੰਨਾਂ ਤੇ ਭ੍ਰਿਸ਼ਟ ਤੇ ਤਾਨਾਸ਼ਾਹੀ ਰਾਜਨੀਤਿਕ ਵਿਵਸਥਾ ਨੂੰ ਕੋਸਿਆ। ਉਥੇ ਆਸਟ੍ਰੇਲੀਆ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਭਾਰਤ ਸਰਕਾਰ ‘ਤੇ ਮਨੁੱਖੀ ਅਧਿਕਾਰਾਂ ਸਬੰਧੀ ਕੌਮਾਂਤਰੀ ਨਿਯਮਾਂ ਤਹਿਤ ਦਬਾਅ ਪਾ ਕੇ ਜੇਲਾਂ ਵਿਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਕਰਵਾਉਣ ਅਤੇ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਜਾਨ ਬਚਾਉਣ ਵਿਚ ਦਖ਼ਲ ਦੇਵੇ।

Facebook Comment
Project by : XtremeStudioz