Close
Menu

ਆਸਟ੍ਰੇਲੀਆ ਨੇ ਪਹਿਲਾ ਵਨ ਡੇ ਜਿੱਤਿਆ

-- 14 October,2013

ਪੁਣੇ – ਟੀ-20 ਮੈਚ ਵਿਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਅੱਜ ਉਸ ਪ੍ਰਦਰਸ਼ਨ ਨੂੰ ਦੋਹਰਾ ਨਾ ਸਕੀ ਅਤੇ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਆਰੋਨ ਫਿੰਚ ਅਤੇ ਕਪਤਾਨ ਜਾਰਜ ਬੈਲੀ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਬਾਅਦ ਤੇਜ਼ ਗੇਂਦਬਾਜ਼ਾਂ ਦੇ ਜ਼ਬਰਦਸਤ ਪ੍ਰਦਰਸ਼ਨ ਦੇ ਦਮ ‘ਤੇ ਪਹਿਲਾ ਵਨ ਡੇ ਕ੍ਰਿਕਟ ਮੈਚ 72 ਦੌੜਾਂ ਨਾਲ ਜਿੱਤ ਲਿਆ ।
ਫਿੰਚ ਦੇ ਲਗਾਤਾਰ ਦੂਸਰੇ ਅਰਧ ਸੈਂਕੜੇ ਅਤੇ ਬੈਲੀ ਦੀਆਂ 85 ਦੌੜਾਂ ਦੀ ਮਦਦ ਨਾਲ ਆਸਟ੍ਰੇਲੀਆ ਨੇ ਭਾਰਤੀ ਗੇਂਦਬਾਜ਼ੀ ਦੀਆਂ ਬੱਖੀਆਂ ਉਧੇੜਦੇ ਹੋਏ 8 ਵਿਕਟਾਂ ‘ਤੇ 304 ਦੌੜਾਂ ਬਣਾਈਆਂ। ਜਵਾਬ ਵਿਚ ਭਾਰਤੀ ਮੱਧਕ੍ਰਮ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ ਪੂਰੀ ਤਰ੍ਹਾਂ ਨਾਕਾਮ ਰਹੇ ਅਤੇ ਪੂਰੀ ਟੀਮ 49.4 ਓਵਰਾਂ ਵਿਚ 232 ਦੌੜਾਂ ‘ਤੇ ਆਊਟ ਹੋ ਗਈ।
ਭਾਰਤ ਦੇ ਲਈ ਵਿਰਾਟ ਕੋਹਲੀ (61), ਰੋਹਿਤ ਸ਼ਰਮਾ (42) ਅਤੇ ਸੁਰੇਸ਼ ਰੈਨਾ (39) ਹੀ ਕੁਝ ਦੇਰ ਟਿਕ ਸਕੇ। ਰਾਜਕੋਟ ਵਿਖੇ ਟੀ-20 ਮੈਚ ਵਿਚ ਭਾਰਤ ਦੀ ਜਿੱਤ ਦੇ ਸੂਤਰਧਾਰ ਰਹੇ ਯੁਵਰਾਜ ਸਿੰਘ ਨੇ ਚੰਗੀ ਗੇਂਦਬਾਜ਼ੀ ਤਾਂ ਕੀਤੀ ਪਰ ਬੱਲੇ ਦਾ ਜੌਹਰ ਨਾ ਦਿਖਾ ਸਕਿਆ। ਉਥੇ ਹੀ ਕੈਪਟਨ ਮਹਿੰਦਰ ਸਿੰਘ ਧੋਨੀ ਅਤੇ ਹਰਫਨਮੌਲਾ ਰਵਿੰਦਰ ਜਡੇਜਾ ਵੀ ਕੋਈ ਚਮਤਕਾਰ ਨਾ ਦਿਖਾ ਸਕੇ।
ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਚੁਣਨ ਵਾਲੀ ਆਸਟ੍ਰੇਲੀਆ ਦੇ ਲਈ ਫਿੰਚ ਨੇ 79 ਗੇਂਦਾਂ ਵਿਚ 72 ਦੌੜਾਂ ਬਣਾਈਆਂ, ਜਿਸ ਵਿਚ 8 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਫਿੰਚ ਅਤੇ ਸਲਾਮੀ ਬੱਲੇਬਾਜ਼ ਫਿਲ ਹਾਊਜਿਸ (47) ਨੇ ਆਸਟ੍ਰੇਲੀਆ ਨੂੰ ਮਜ਼ਬੂਤ ਸ਼ੁਰੂਆਤ ਦਿੰਦੇ ਹੋਏ ਪਹਿਲੀ ਵਿਕਟ ਦੇ ਲਈ 110 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਨੇ ਰਵਿੰਦਰ ਜਡੇਜਾ ਅਤੇ ਯੁਵਰਾਜ ਸਿੰਘ ਦੀ ਸਪਿਨ ਗੇਂਦਬਾਜ਼ੀ ਦੇ ਦਮ ‘ਤੇ ਵਾਪਸੀ ਕੀਤੀ, ਜਿਨ੍ਹਾਂ ਨੂੰ ਕ੍ਰਮਵਾਰ 1 ਅਤੇ 2 ਵਿਕਟ ਮਿਲੇ।
ਆਸਟ੍ਰੇਲੀਆ ਦੇ ਖਿਲਾਫ ਪਹਿਲੇ ਇਕ ਦਿਨਾ ਕ੍ਰਿਕਟ ਮੈਚ ਵਿਚ ਮਿਲੀ ਹਾਰ ਦਾ ਠੀਕਰਾ ਬੱਲੇਬਾਜ਼ਾਂ ‘ਤੇ ਭੰਨ੍ਹਦੇ ਹੋਏ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਕਿਹਾ ਕਿ ਕਰੀਜ਼ ‘ਤੇ ਜੰਮਣ ਦੇ ਬਾਅਦ ਸ਼ਾਟਸ ਚੋਣ ਵਿਚ ਸਾਵਧਾਨੀ ਵਰਤਨੀ ਚਾਹੀਦੀ ਸੀ। ਧੋਨੀ ਨੇ ਕਿਹਾ ਕਿ ਅਸੀਂ ਜਿਸ ਤਰ੍ਹਾਂ ਨਾਲ ਸ਼ੁਰੂਆਤ ਕੀਤੀ ਅਸੀਂ ਵੱਡੀਆਂ ਸ਼ਾਂਝੇਦਾਰੀਆਂ ਨਹੀਂ ਬਣਾ ਸਕੇ। ਬੱਲੇਬਾਜ਼ਾਂ ਨੇ ਸ਼ਾਟਸ ਦੀ ਚੋਣ ਵੀ ਗਲਤ ਕੀਤੀ। ਇਕ ਵਾਰ ਕਰੀਜ਼ ‘ਤੇ ਜੰਮਣ ਦੇ ਬਾਅਦ ਵਿਕਟ ਬਚਾਅ ਕੇ ਖੇਡਣਾ ਜ਼ਰੂਰੀ ਸੀ। ਅਸੀਂ ਇਸ ਤਰ੍ਹਾਂ ਦੇ ਸ਼ਾਟਸ ਖੇਡੇ ਜਿਨ੍ਹਾਂ ਦੀ ਜ਼ਰੂਰਤ ਨਹੀਂ ਸੀ, ਜਿਸ ਦਾ ਸਾਨੂੰ ਖਮਿਆਜ਼ਾ ਭੁਗਤਨਾ ਪਿਆ।

Facebook Comment
Project by : XtremeStudioz