Close
Menu

ਆਸਾਰਾਮ ਦਾ 14 ਰੋਜ਼ਾ ਨਿਆਂਇਕ ਰਿਮਾਂਡ, ਜਾਂਚ ਦੇ ਰੁਖ ਤੋਂ ਪੁਲੀਸ ਸੰਤੁਸ਼ਟ

-- 03 September,2013

INDA-CRIME-RELIGION-ARREST

ਜੋਧਪੁਰ,3 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਇੱਥੋਂ ਦੀ ਇਕ ਅਦਾਲਤ ਨੇ 16 ਸਾਲ ਦੀ ਇਕ ਸਕੂਲ ਵਿਦਿਆਰਥਣ ’ਤੇ ਜਿਨਸੀ ਹਮਲੇ ਦੇ ਦੋਸ਼ ਦਾ ਸਾਹਮਣਾ ਕਰ ਰਹੇ ਸੰਤ ਆਸਾਰਾਮ ਬਾਪੂ ਨੂੰ ਅੱਜ 14 ਦਿਨਾਂ ਦੇ ਜੁਡੀਸ਼ਲ ਰਿਮਾਂਡ ਵਿਚ ਭੇਜ ਦਿੱਤਾ ਹੈ। 72 ਸਾਲਾ ਵਿਵਾਦਗ੍ਰਸਤ ਧਰਮ ਗੁਰੂ ਨੂੰ ਸਖ਼ਤ ਸੁਰੱਖਿਆ ਹੇਠ ਜ਼ਿਲ੍ਹਾ ਸੈਸ਼ਨ ਜੱਜ ਮਨੋਜ ਕੁਮਾਰ ਸਾਹਮਣੇ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 15 ਸਤੰਬਰ ਤਕ ਜੁਡੀਸ਼ਲ ਰਿਮਾਂਡ ਤਹਿਤ ਭੇਜਣ ਦਾ ਹੁਕਮ ਦਿੱਤਾ ਗਿਆ। ਇਸ ਦੌਰਾਨ ਆਸਾਰਾਮ ਦੇ ਵਕੀਲ ਨੇ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ ਜਿਸ ਉਪਰ ਭਲਕੇ ਸੁਣਵਾਈ ਹੋਣ ਦੀ ਉਮੀਦ ਹੈ। ਆਸਾਰਾਮ ਨੂੰ ਪੁਲੀਸ ਬੱਸ ਵਿਚ ਅਦਾਲਤ ਲਿਆਂਦਾ ਗਿਆ ਜਿਸ ਦੇ ਅੱਗੇ ਪੁਲੀਸ ਦੀ ਐਸਕਾਰਟ ਚੱਲ ਰਹੀ ਸੀ। ਉਸ ਨੇ ਚਿੱਟੀ ਧੋਤੀ ਕੁੜਤਾ ਪਹਿਨਿਆ ਹੋਇਆ ਸੀ ਅਤੇ ਸਿਰ ’ਤੇ ਲਾਲ ਟੋਪੀ ਪਾਈ ਹੋਈ ਸੀ। ਕੱਲ੍ਹ ਉਸ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਚਾਰ ਘੰਟੇ ਪੁੱਛ-ਪੜਤਾਲ ਕੀਤੀ ਗਈ ਸੀ। 15 ਕੁ ਮਿੰਟਾਂ ’ਚ ਅਦਾਲਤੀ ਕਾਰਵਾਈ ਮੁੱਕ ਗਈ ਅਤੇ ਉਸ ਤੋਂ ਬਾਅਦ ਉਸ ਨੂੰ ਜੋਧਪੁਰ ਦੀ ਕੇਂਦਰੀ ਜੇਲ੍ਹ ਲਿਜਾਇਆ ਗਿਆ ਜਿੱਥੇ ਉਸ ਨੂੰ ਇਕ ਨੰਬਰ ਬੈਰਕ  ਵਿਚ ਰੱਖਿਆ ਜਾ ਰਿਹਾ ਹੈ। ਬਚਾਅ ਪੱਖ ਦੇ ਵਕੀਲ ਨੇ ਸੁਣਵਾਈ ਦੌਰਾਨ ਜੇਲ੍ਹ ਵਿਚ ਆਸਾਰਾਮ ਨੂੰ ਢੁੱਕਵੀਆਂ ਮੈਡੀਕਲ ਸੁਵਿਧਾਵਾਂ ਦੇਣ ’ਤੇ ਜ਼ੋਰ ਦਿੱਤਾ ਅਤੇ ਇਸਤਗਾਸਾ ਨੇ ਅਦਾਲਤ ਨੂੰ ਇਸ ਦਾ ਪੂਰਾ ਭਰੋਸਾ ਦਿਵਾਇਆ।
ਪੁਲੀਸ ਨੇ ਉਸ ਦੇ ਪੁਲੀਸ ਰਿਮਾਂਡ ਵਿਚ ਵਾਧੇ ਦੀ ਕੋਈ ਮੰਗ ਨਾ ਕੀਤੀ ਅਤੇ ਕਿਹਾ ਕਿ ਪੁੱਛ-ਪੜਤਾਲ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਡੀਸੀਪੀ ਅਜੈ ਲਾਂਬਾ ਨੇ ਪੱਤਰਕਾਰਾਂ ਨੂੰ ਦੱਸਿਆ, ‘‘ ਸਾਡੀ ਜਾਂਚ ਪੂਰੀ ਹੋ ਗਈ ਹੈ ਜਿਸ ਕਰਕੇ ਅਸੀਂ ਪੁਲੀਸ ਹਿਰਾਸਤ ਵਧਾਉਣ ਦੀ ਮੰਗ ਨਹੀਂ ਕੀਤੀ। ਮੁਲਜ਼ਮ ਨੇ ਸਾਡੇ ਨਾਲ ਸਹਿਯੋਗ ਕੀਤਾ।’’ ਉਨ੍ਹਾਂ ਕਿਹਾ, ‘‘ਸਾਡਾ ਕੇਸ ਬਹੁਤ ਮਜ਼ਬੂਤ ਹੈ ਅਤੇ ਸਾਡੇ ਕੋਲ ਮੁਲਜ਼ਮ ਖ਼ਿਲਾਫ਼ ਅਹਿਮ ਸਬੂਤ ਹਨ। ਅਸੀਂ ਸਹੀ ਦਿਸ਼ਾ ਵਿਚ ਅੱਗੇ ਵੱਧ ਰਹੇ ਹਾਂ। ਅਸੀਂ ਛੇਤੀ ਹੀ ਚਾਰਜਸ਼ੀਟ ਦਾਖਲ ਕਰਾਂਗੇ।’’ ਸੁਣਵਾਈ ਤੋਂ ਬਾਅਦ ਅਦਾਲਤ ਦੇ ਬਾਹਰ ਇਕੱਠੇ ਹੋਏ ਕੁਝ ਲੋਕਾਂ ਨੇ ਫੈਸਲੇ ਦੇ ਹੱਕ ਵਿਚ ਨਾਅਰੇ ਲਾਏ। ਆਸਾਰਾਮ ਨੂੰ ਸ਼ਨਿੱਚਰਵਾਰ-ਐਤਵਾਰ ਦੀ ਰਾਤ ਇੰਦੌਰ  ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੁੱਛ-ਪੜਤਾਲ ਲਈ ਜੋਧਪੁਰ ਲਿਆਂਦਾ ਸੀ। ਜਦੋਂ ਆਸਾਰਾਮ ਬਾਰੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੋਣ ਦੀਆਂ ਆਈਆਂ ਰਿਪੋਰਟਾਂ ਬਾਰੇ ਪੁੱਛਿਆ ਗਿਆ ਤਾਂ ਸ੍ਰੀ ਲਾਂਬਾ ਨੇ ਕਿਹਾ, ‘‘ਇਹ ਝੂਠ ਸਾਬਤ ਹੋਇਆ ਹੈ। ਉਸ ਦਾ ਪੁੱੱਤਰ ਜੋ ਮਰਜ਼ੀ ਕਹੀ ਜਾਵੇ। ਅਸੀਂ ਕਿਸੇ ਦੇ ਬਿਆਨ ’ਤੇ ਕੋਈ ਟਿੱਪਣੀ ਨਹੀਂ ਕਰ ਸਕਦੇ। ਡਾਕਟਰਾਂ ਦੀ ਇਕ ਟੀਮ ਨੇ ਉਸ ਨੂੰ ਬਿਲਕੁਲ ਠੀਕ ਕਰਾਰ ਦਿੱਤਾ ਹੈ। ਉਹ  ਜਿਸਮਾਨੀ ਅਤੇ ਦਿਮਾਗੀ ਤੌਰ ’ਤੇ ਪੂਰੀ ਤਰ੍ਹਾਂ ਫਿੱਟ ਹੈ।’’ ਪੁਲੀਸ ਅਧਿਕਾਰੀ ਨੇ ਆਖਿਆ ਕਿ ਮੁਲਜ਼ਮ ਖਾਣਾ ਵੀ ਖਾ ਰਿਹਾ ਹੈ। ਆਸਾਰਾਮ ’ਤੇ ਕੱਲ੍ਹ ਜੋਧਪੁਰ ਦੇ ਐਸਐਨ ਮੈਡੀਕਲ ਕਾਲਜ ਵਿਚ ਮਰਦਾਨਾ  (ਪੋਟੈਂਸੀ) ਟੈਸਟ ਵੀ ਕੀਤਾ ਗਿਆ ਜੋ ਸਹੀ ਆਇਆ ਹੈ। ਉਸ ਨੂੰ ਕੱਲ੍ਹ ਜੋਧਪੁਰ ਤੋਂ ਲਗਪਗ 30 ਕਿਲੋਮੀਟਰ ਦੂਰ ਮਨਾਈ ਆਸ਼ਰਮ ਵੀ ਲਿਜਾਇਆ ਗਿਆ ਸੀ ਜਿੱਥੇ ਲੜਕੀ ਨਾਲ ਕਥਿਤ ਤੌਰ ’ਤੇ ਜਿਸਮਾਨੀ ਦੁਰਾਚਾਰ ਕੀਤਾ ਗਿਆ ਸੀ। ਪੁਲੀਸ ਨੇ ਘਟਨਾ ਦਾ ਮੰਜ਼ਰ ਮੁੜ ਸਿਰਜ ਕੇ ਵੀ ਦੇਖਿਆ ਹੈ। ਜਿਨਸੀ ਹਮਲੇ ਤੋਂ ਪੀੜਤ ਲੜਕੀ ਆਸਾਰਾਮ ਦੇ ਮੱਧ ਪ੍ਰਦੇਸ਼ ਸਥਿਤ ਛਿੰਦਵਾੜਾ ਆਸ਼ਰਮ ਦੇ ਸਕੂਲ ਦੀ ਵਿਦਿਆਰਥਣ ਸੀ। ਆਸਾਰਾਮ ਨੇ ਜਿਨਸੀ ਹਮਲੇ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।

Facebook Comment
Project by : XtremeStudioz