Close
Menu

ਇਕੱਠੇ ਮੰਚ ‘ਤੇ ਨਜ਼ਰ ਆਏ ਅਡਵਾਨੀ ਅਤੇ ਮੋਦੀ

-- 16 October,2013

ਅਹਿਮਦਾਬਾਦ,16 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਅਤੇ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅਹਿਮਦਾਬਾਦ ਨਗਰ ਨਿਗਮ ਦੇ ਇਕ ਪ੍ਰੋਗਰਾਮ ਦੌਰਾਨ ਇੱਥੇ ਇਕੱਠੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਮੋਦੀ ਦੀ ਹਾਲੀਆ ਤਰੱਕੀ ਦਾ ਅਡਵਾਨੀ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਦੋਹਾਂ ਨੇਤਾਵਾਂ ਦੇ ਰਿਸ਼ਤਿਆਂ ‘ਚ ਤਲਖੀ ਦੀ ਗੱਲ ਕਹੀ ਜਾ ਰਹੀ ਸੀ। ਨਗਰ ਨਿਗਮ ਦੇ ਪ੍ਰੋਗਰਾਮ ਤੋਂ ਪਹਿਲਾਂ ਸੋਮਨਾਥ ਮੰਦਰ ਟਰੱਸਟ ਦੀ ਬੈਠਕ ਦੌਰਾਨ ਵੀ ਅਡਵਾਨੀ ਅਤੇ ਮੋਦੀ ਮੌਜੂਦ ਸਨ। ਟਰੱਸਟ ਦੇ ਮੁਖੀ ਕੇਸ਼ੁਭਾਈ ਪਟੇਲ ਵੀ ਬੈਠਕ ‘ਚ ਮੌਜੂਦ ਸਨ। ਨਿਗਮ ਵੱਲੋਂ ਬਣਾਈਆਂ ਗਈਆਂ ਪਾਰਕਾਂ ਦੇ ਉਦਘਾਟਨ ਦੇ ਸਿਲਸਿਲੇ ‘ਚ ਦੋਵੇਂ ਨੇਤਾ ਇਕੱਠੇ ਆਏ। ਨਦੀ ਤੱਟ ਵਿਕਾਸ ਯੋਜਨਾ ਦੇ ਅਧੀਨ ਨਿਗਮ ਨੇ ਇਹ ਪਾਰਕ ਬਣਾਈ ਹੈ। ਇਹ ਪ੍ਰੋਗਰਾਮ ਇਸ ਲਈ ਅਹਿਮ ਸੀ ਕਿਉਂਕਿ ਗਾਂਧੀਨਗਰ ਸੀਟ ਤੋਂ ਸੰਸਦ ਮੈਂਬਰ ਅਡਵਾਨੀ 2011 ਤੋਂ ਬਾਅਦ ਪਹਿਲੀ ਵਾਰ ਗੁਜਰਾਤ ‘ਚ ਕਿਸੇ ਵੱਡੇ ਜਨਤਕ ਸਮਾਰੋਹ ‘ਚ ਨਜ਼ਰ ਆਏ।
ਮੋਦੀ ਨੂੰ ਭਾਜਪਾ ਦੀ ਚੋਣ ਪ੍ਰਚਾਰ ਕਮੇਟੀ ਦਾ ਪ੍ਰਮੁੱਖ ਬਣਾਏ ਜਾਣ ਦੇ ਵਿਰੋਧ ‘ਚ ਅਡਵਾਨੀ ਨੇ ਇਸ ਸਾਲ ਜੂਨ ‘ਚ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ। ਗੁਜਰਾਤ ਦੇ ਮੁੱਖ ਮਤੰਰੀ ਮੋਦੀ ਨੂੰ ਭਾਜਪਾ ਦਾ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਬੀਤੀ 25 ਸਤੰਬਰ ਨੂੰ ਅਡਵਾਨੀ ਅਤੇ ਮੋਦੀ ਭੋਪਾਲ ‘ਚ ਇਕ ਮੰਚ ‘ਤੇ ਨਜ਼ਰ ਆਏ ਸਨ। ਹਾਲਾਂਕਿ ਦੋਹਾਂ ਨੇਤਾਵਾਂ ਦੇ ਰਿਸ਼ਤਿਆਂ ‘ਚ ਗਰਮਜੋਸ਼ੀ ਦੇਖਣ ਨੂੰ ਨਹੀਂ ਮਿਲੀ ਸੀ। ਹਾਲਾਂਕਿ ਬੁੱਧਵਾਰ ਦੇ ਪ੍ਰੋਗਰਾਮ ਲਈ ਜਦੋਂ ਦੋਵੇਂ ਇਕੱਠੇ ਆਏ ਤਾਂ ਕਾਫੀ ਸਹਿਜ ਨਜ਼ਰ ਆਏ।
ਉੱਥੇ ਹੀ ਲਾਲਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਜੇਕਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਮੈਨੂੰ ਖੁਸ਼ੀ ਹੋਵੇਗੀ। ਅਡਵਾਨੀ ਨੇ ਕਿਹਾ ਕਿ ਮੋਦੀ ਦੇ ਰਾਜ ‘ਚ ਗੁਜਰਾਤ ‘ਚ ਕੀਤੇ ਗਏ ਕੰਮ ਦੀ ਨਾ ਸਿਰਫ ਦੇਸ਼ ‘ਚ ਸਗੋਂ ਦੁਨੀਆ ਭਰ ‘ਚ ਸ਼ਲਾਘਾ ਹੋਈ ਹੈ।

Facebook Comment
Project by : XtremeStudioz