Close
Menu

ਇਟਲੀ ‘ਚ ਫੈਕਟਰੀ ਵਿਚ ਧਮਾਕੇ ਨਾਲ 2 ਪੰਜਾਬੀਆਂ ਸਮੇਤ 7 ਮੌਤਾਂ

-- 26 July,2015

ਵੀਨਸ (ਇਟਲੀ)-ਦੱਖਣੀ ਇਟਲੀ ਦੇ ਬਾਰੀ ਜ਼ਿਲ੍ਹੇ ਦੇ ਸ਼ਹਿਰ ਮੋਦੁਗਨੋ ਵਿਖੇ ਬੀਤੇ ਦਿਨ ਪਟਾਕੇ ਬਣਾਉਣ ਵਾਲੀ ਇਕ ਫੈਕਟਰੀ ‘ਚ ਧਮਾਕਾ ਹੋਣ ਬਾਅਦ ਅੱਗ ਲੱਗ ਜਾਣ ਕਰਕੇ ਫੈਕਟਰੀ ‘ਚ ਕੰਮ ਕਰਦੇ ਦੋ ਪੰਜਾਬੀਆਂ ਸਮੇਤ 7 ਵਿਅਕਤੀ ਅੱਗ ਦੀ ਲਪੇਟ ‘ਚ ਆ ਕੇ ਝੁਲਸ ਗਏ | ਜਦਕਿ 5 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਅਤਿ ਗੰਭੀਰ ਹੈ | ਜ਼ਖਮੀਆਂ ਨੂੰ ਨੇੜਲੇ ਹਸਪਤਾਲ ‘ਚ ਦਖਲ ਕਰਵਾਇਆ ਗਿਆ | ਮਿਲੀ ਜਾਣਕਾਰੀ ਮੁਤਾਬਿਕ ਬੀਤੇ ਦਿਨ ਦੁਪਹਿਰ 12.30 ‘ਤੇ ‘ਬਰੁਸਚੇਲਾ ਫਾਇਰ ਵਰਕਸ’ ਨਾਂਅ ਦੀ ਉਕਤ ਫੈਕਟਰੀ ਜਿਸ ਵਿੱਚ ਕਿ ਪਟਾਕੇ, ਫੁੱਲਝੜੀਆਂ ਤਿਆਰ ਕੀਤੇ ਜਾ ਰਹੇ ਸਨ ਤੇ ਇਕ ਟੈਂਪੂ ‘ਚ ਪਟਾਕੇ ਤੇ ਹੋਰ ਸਮੱਗਰੀ ਭਰੀ ਹੋਈ ਸੀ, ਵਿੱਚ ਅਚਾਨਕ ਧਮਾਕਾ ਹੋ ਗਿਆ ਤੇ ਪਟਾਕਿਆਂ ਤੇ ਫੁੱਲਝੜੀਆਂ ਨੂੰ ਅੱਗ ਲੱਗ ਗਈ | ਇਕਦਮ ਇਹ ਅੱਗ ਸਾਰੀ ਫੈਕਟਰੀ ‘ਚ ਫੈਲ ਗਈ, ਜਿਸ ਨੇ ਦੋ ਪੰਜਾਬੀਆਂ ਬੰਗਾ ਹਰਭਜਨ (41) ਤੇ ਨਿਜਾਹ ਕੁਮਾਰ (29) ਸਮੇਤ 7 ਵਰਕਰਾਂ ਨੂੰ ਲਪੇਟ ‘ਚ ਲੈ ਲਿਆ | ਅੱਗ ਦਾ ਸੇਕ ਨਾ ਸਹਾਰਿਦਆਂ ਇਹ ਸੱਤੇ ਵਰਕਰ ਮੌਕੇ ‘ਤੇ ਹੀ ਪ੍ਰਾਣ ਤਿਆਗ ਗਏ ਜਦੋਂ ਕਿ ਬਾਕੀ ਜ਼ਖਮੀ ਬਾਰੀ ਦੇ ਹਸਪਤਾਲ ‘ਚ ਜ਼ੇਰੇ ਇਲਾਜ ਹਨ | ਹਾਦਸੇ ‘ਚ ਫੈਕਟਰੀ ਦੀ ਮਾਲਕਣ ਮੀਕੇਲਾ ਬਰੁਸਚੇਲਾ (43) ਵਾਲ-ਵਾਲ ਬਚ ਗਈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਇਟਾਲੀਅਨ ਅੱਗ ਬੁਝਾਉਣ ਵਾਲੇ ਅਮਲੇ ਦੇ ਵਿਸ਼ੇਸ਼ ਦਸਤੇ ਘਟਨਾ ਸਥਾਨ ‘ਤੇ ਪੁੱਜ ਗਏ ਅਤੇ ਉਨ੍ਹਾਂ ਨੇ ਬਹੁਤ ਮੁਸ਼ੱਕਤ ਨਾਲ਼ ਜ਼ਖਮੀਆਂ ਅਤੇ ਹੋਰ ਵਿਅਕਤੀਆਂ ਨੂੰ ਅੱਗ ‘ਚੋਂ ਬਚਾਅ ਕੇ ਫੈਕਟਰੀ ‘ਚੋਂ ਸੁਰੱਖਿਅਤ ਬਾਹਰ ਕੱਢਿਆ | ਦੱਸਣਯੋਗ ਹੈ ਕਿ ਇਹ ਫੈਕਟਰੀ ਇਟਲੀ ਵਿੱਚ ਪਟਾਕੇ ਤੇ ਆਤਿਸ਼ਬਾਜ਼ੀ ਤਿਆਰ ਕਰਨ ਲਈ ਪ੍ਰਸਿੱਧ ਫੈਕਟਰੀਆਂ ‘ਚੋਂ ਇਕ ਹੈ | ਇਸ ਘਟਨਾ ਨਾਲ਼ ਜਿੱਥੇ ਜਾਨੀ ਨੁਕਸਾਨ ਹੋਇਆ, ਉੱਥੇ ਫੈਕਟਰੀ ‘ਚ ਤਿਆਰ ਮਾਲ ਸੜ ਜਾਣ ਕਰਕੇ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਵੀ ਹੋਇਆ |

Facebook Comment
Project by : XtremeStudioz