Close
Menu

ਇਟਲੀ ਸਰਕਾਰ ਨੇ ਉਡਾਈ ਪ੍ਰਵਾਸੀਆਂ ਦੀ ਨੀਂਦ, ਭਾਰਤੀ ਵੀ ਹੋਣਗੇ ਪ੍ਰਭਾਵਿਤ

-- 28 September,2018

ਰੋਮ— ਵਿਦੇਸ਼ਾਂ ‘ਚ ਰਹਿ ਰਹੇ ਭਾਰਤੀਆਂ ਸਮੇਤ ਕਈ ਪ੍ਰਵਾਸੀਆਂ ਨੂੰ ਕਦੇ ਨਸਲੀ ਭਿੰਨ-ਭੇਦ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਕਦੀ ਸਥਾਨਕ ਸਰਕਾਰਾਂ ਦੇ ਸਖਤ ਕਾਨੂੰਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਕੁਝ ਅੱਜ-ਕੱਲ ਇਟਲੀ ਦੀ ਨਵੀਂ ਕੋਂਤੇ ਸਰਕਾਰ ਕਰ ਰਹੀ ਹੈ, ਜਿਹੜੀ ਕਿ ਪ੍ਰਵਾਸੀਆਂ ਦੇ ਰਹਿਣ ਲਈ ਅਤੇ ਇਟਲੀ ਦੀ ਨਾਗਰਿਕਤਾ ਲੈਣ ਵਾਲੇ ਕਾਨੂੰਨ ਵਿੱਚ ਅਜਿਹਾ ਫੇਰ ਬਦਲ ਕਰ ਰਹੀ ਹੈ ਕਿ ਜਿਸ ਕਾਰਨ ਵਿਦੇਸ਼ੀ ਪ੍ਰੇਸ਼ਾਨ ਹੋ ਗਏ ਹਨ। ਇਸ ਨਵੇਂ ਕਾਨੂੰਨ ਮੁਤਾਬਕ ਇਟਲੀ ਦੀ ਨਾਗਰਿਕਤਾ ਲੈਣ ਲਈ ਉਨ੍ਹਾਂ ਨੂੰ 14 ਸਾਲਾਂ ਤਕ ਉਡੀਕ ਕਰਨੀ ਪਵੇਗੀ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਪ੍ਰਵਾਸੀਆਂ ‘ਚ ਭਾਰਤੀਆਂ ਦੀ ਗਿਣਤੀ ਵੀ ਜ਼ਿਆਦਾ ਹੈ।

ਬੇਸ਼ੱਕ ਇਟਲੀਅਨ ਲੋਕ ਇਹ ਮੰਨਦੇ ਹਨ ਕਿ ਇਟਲੀ ਦੀ ਤਰੱਕੀ ‘ਚ ਪ੍ਰਵਾਸੀਆਂ ਦਾ ਬਹੁਤ ਵੱਡਾ ਹੱਥ ਹੈ ਪਰ ਇਸ ਦੇ ਬਾਵਜੂਦ ਇਟਲੀ ਸਰਕਾਰ ਪ੍ਰਵਾਸੀਆਂ ਲਈ ਕਾਨੂੰਨ ਨੂੰ ਸਖਤ ਬਣਾ ਰਹੀ ਹੈ, ਜਿਸ ਨਾਲ ਕਈ ਪ੍ਰਵਾਸੀਆਂ ਨੂੰ ਇਟਲੀ ਵਿੱਚ ਆਪਣਾ ਭਵਿੱਖ ਧੁੰਦਲਾ ਜਾਪ ਰਿਹਾ ਹੈ ਤੇ ਉਹ ਇੱਧਰ-ਉੱਧਰ ਜਾਣ ਦਾ ਸੋਚ ਰਹੇ ਹਨ। ਹਾਲ ਹੀ ‘ਚ ਇਟਲੀ ਦੇ ਗ੍ਰਹਿ ਮੰਤਰੀ ਮਤੇਓ ਸਲਵੀਨੀ ਨੇ ਸੰਸਦ ਵਿੱਚ ਪ੍ਰਵਾਸੀਆਂ ਲਈ ਇਟਲੀ ਦੀ ਨਾਗਰਿਕਤਾ ਪ੍ਰਾਪਤ ਕਰਨ ਸੰਬਧੀ ਸ਼ਰਤਾਂ ਨੂੰ ਬਦਲਣ ਅਤੇ ਇਟਲੀ ਦੀ ਸੁੱਰਖਿਆ ਨੂੰ ਲੈ ਕੇ ਜਿਹੜੇ ਪ੍ਰਸਤਾਵ ਰੱਖੇ, ਉਸ ਨੂੰ ਸੰਸਦ ਨੇ ਹਰੀ ਝੰਡੀ ਦੇ ਦਿੱਤੀ ਹੈ। ਇਸ ਮੁਤਾਬਕ ਹੁਣ ਇਟਲੀ ਦੀ ਨਾਗਰਿਕਤਾ ਲੈਣ ਲਈ ਪ੍ਰਵਾਸੀਆਂ ਨੂੰ ਘੱਟੋ-ਘੱਟ 14 ਸਾਲ ਦਾ ਇੰਤਜ਼ਾਰ ਕਰਨਾ ਪਵੇਗਾ। ਇਟਲੀ ਦੀ ਨਾਗਰਿਕਤਾ ਲੈਣ ਲਈ ਪਹਿਲਾਂ ਪ੍ਰਵਾਸੀ 10 ਸਾਲ ਬਾਅਦ ਦਰਖਾਸਤ ਦਿੰਦੇ ਸੀ ਤੇ ਉਨ੍ਹਾਂ ਨੂੰ ਕਰੀਬ 730 ਦਿਨਾਂ ਦੀ ਜਾਂਚ ਪੜਤਾਲ ਦੇ ਬਾਅਦ ਨਾਗਰਿਕਤਾ ਮਿਲਦੀ ਸੀ ਪਰ ਹੁਣ ਕੌਂਤੇ ਸਰਕਾਰ ਨੇ ਸਭ ਦੇ ਚਿਹਰੇ ਉਦਾਸੀ ਨਾਲ ਭਰ ਦਿੱਤੇ ਹਨ। ਇਨ੍ਹਾਂ ‘ਚੋਂ ਕਈ ਅਜਿਹੇ ਪੰਜਾਬੀ ਵੀ ਹਨ, ਜਿਨ੍ਹਾਂ ਨੇ ਇਟਲੀ ਦੀ ਨਾਗਰਿਕਤਾ ਲਈ ਅਪਲਾਈ ਕਰਨਾ ਸੀ। ਇਹ ਸ਼ਰਤ ਉਨ੍ਹਾਂ ਪ੍ਰਵਾਸੀਆਂ ‘ਤੇ ਵੀ ਲਾਗੂ ਹੋ ਸਕਦੀ ਹੈ, ਜਿਨ੍ਹਾਂ ਨੇ ਪਹਿਲਾਂ ਨਾਗਰਿਕਤਾ ਲਈ ਅਪਲਾਈ ਕੀਤਾ ਹੈ ਤੇ ਉਨ੍ਹਾਂ ਦਾ ਕੇਸ ਜਾਂਚ ਅਧੀਨ ਹੈ।

ਕੌਂਤੇ ਸਰਕਾਰ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਹੁਣ ਬਹੁਤ ਹੀ ਜ਼ਿਆਦਾ ਸੰਜੀਦਾ ਹੈ ਤੇ ਇਸ ਸੁਰੱਖਿਆ ਦੇ ਮੱਦੇ ਨਜ਼ਰ ਹੀ ਇਟਲੀ ਸਰਕਾਰ ਇਹ ਸਭ ਕੰਮਾਂ ਨੂੰ ਅੰਜਾਮ ਦੇ ਰਹੀ ਹੈ ਕਿਉਂਕਿ ਦੇਸ਼ ਅੰਦਰ ਵੱਧ ਰਹੇ ਅਪਰਾਧਾਂ ‘ਚ ਪ੍ਰਵਾਸੀਆਂ ਦਾ ਵੀ ਅਹਿਮ ਰੋਲ ਹੈ। ਗ੍ਰਹਿ ਮੰਤਰੀ ਸਲਵੀਨੀ ਨੇ ਕਿਹਾ ਕਿ ਉਸ ਨੂੰ 60 ਮਿਲੀਅਨ ਇਟਾਲੀਅਨ ਲੋਕਾਂ ਤੋਂ ਤਨਖਾਹ ਮਿਲ ਰਹੀ ਹੈ ਜਿਸ ਕਾਰਨ ਉਸ ਦੀ ਇਹ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਇਨ੍ਹਾਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਇਹ ਲੋਕ ਆਪਣੇ ਘਰਾਂ ਵਿੱਚ ਸੁੱਖ-ਸ਼ਾਂਤੀ ਨਾਲ ਰਹਿਣ। ਇਟਲੀ ਵਿੱਚ ਇਮੀਗ੍ਰੇਸ਼ਨ ਕਾਨੂੰਨ ਵਿੱਚ ਫੇਰ ਬਦਲ ਅਨੁਸਾਰ ਸਰਕਾਰ ਉਨ੍ਹਾਂ ਲੋਕਾਂ ਦੀ ਨਾਗਰਿਕਤਾ ਰੱਦ ਕਰਕੇ ਦੇਸ਼ ਨਿਕਾਲਾ ਦੇ ਸਕਦੀ ਹੈ ਜਿਹੜੇ ਕਿ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਰੀਕ ਹਨ ਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਇਟਲੀ ਵਿੱਚ ਰਹਿਣ ਦੀ ਆਗਿਆ ਨਹੀਂ ਮਿਲ ਸਕੇਗੀ, ਜਿਹੜੇ ਕਿ ਕਿਸੇ ਜ਼ੁਰਮ ਵਿੱਚ ਸ਼ਾਮਲ ਹਨ। ਇਟਲੀ ਸਰਕਾਰ ਦੇ ਫੈਸਲਿਆਂ ਨਾਲ ਚਾਹੇ ਇਟਾਲੀਅਨ ਲੋਕ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ ਪਰ ਬਹੁਤੇ ਪ੍ਰਵਾਸੀਆਂ ਦੇ ਚਿਹਰਿਆਂ ਉੱਪਰ ਉਦਾਸੀ ਛਾਈ ਹੈ ਕਿਉਂਕਿ ਇਟਲੀ ਦੀ ਨਾਗਰਿਕਤਾ ਸਬੰਧੀ ਸਖ਼ਤ ਕੀਤੀਆਂ ਸ਼ਰਤਾਂ ਨੇ ਕਈਆਂ ਨੂੰ ਹੁਣ ਸੋਚਣ ‘ਤੇ ਮਜ਼ਬੂਰ ਕਰ ਦਿੱਤਾ ਹੈ ਕਿ ਉਹ 14 ਸਾਲਾਂ ਤਕ ਉਡੀਕ ਕਰਨ ਜਾਂ ਫਿਰ ਕੁਝ ਹੋਰ ਕਰਨ।

Facebook Comment
Project by : XtremeStudioz