Close
Menu

ਇਮੀਗ੍ਰੇਸ਼ਨ ਮੰਤਰੀ ਅਲੈਗਜ਼ੈਂਡਰ ਵਲੋਂ ਅਮੀਰ ਚੀਨੀਆਂ ਨੂੰ ਕੈਨੇਡਾ ਆਉਣ ਦਾ ਸੱਦਾ

-- 18 February,2014

ਟੋਰਾਂਟੋ – ਕੈਨੇਡਾ ਦੀ ਕੰਜ਼ਰਵੇਟਿਵ ਸਰਕਾਰ ਵੱਲੋਂ ਭਾਵੇਂ ਇਮੀਗ੍ਰੈਂਟ ਇਨਵੈਸਟਰ ਪ੍ਰੋਗਰਾਮ ਉੱਤੇ ਰੋਕ ਲਾਏ ਜਾਣ ਤੋਂ ਬਾਅਦ ਉਸ ਨੂੰ ਰੱਦ ਕੀਤਾ ਜਾ ਚੁੱਕਿਆ ਹੈ ਪਰ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਅਲੈਗਜੈਂ਼ਡਰ ਅਜੇ ਵੀ ਚੀਨ ਦੇ ਰਈਸਾਂ ਦੀ ਤਾਂਘ ਦਾ ਮੋਹ ਨਹੀਂ ਛੱਡ ਸਕੇ ਹਨ। ਇਸ ਹਫਤੇ ਦੇ ਸੁ਼ਰੂ ਵਿੱਚ ਹਾਂਗਕਾਂਗ ਵਿੱਚ ਸਾਊਥ ਚਾਈਨਾ ਮੌਰਨਿੰਗ ਪੋਸਟ (ਐਸਸੀਐਮਪੀ) ਨੂੰ ਦਿੱਤੀ ਇੰਟਰਵਿਊ ਵਿੱਚ ਅਲੈਗਜ਼ੈਂਡਰ ਨੇ ਇਸ ਪ੍ਰੋਗਰਾਮ ਦੇ ਰੱਦ ਹੋ ਜਾਣ ਮਗਰੋਂ ਕੈਨੇਡਾ ਵਿੱਚ ਦਾਖਲ ਹੋਣ ਦੇ ਦੂਜੇ ਰਾਹ ਤਲਾਸ਼ਣ ਦਾ ਇਨ੍ਹਾਂ ਅਮੀਰ ਚੀਨੀਆਂ ਨੂੰ ਸੱਦਾ ਦਿੱਤਾ। ਇਸ ਅੰਗਰੇਜ਼ੀ ਦੇ ਅਖਬਾਰ ਨੇ ਅਲੈਗਜੈ਼ਂਡਰ ਦੇ ਹਵਾਲੇ ਨਾਲ ਲਿਖਿਆ ਕਿ ਅਸੀਂ ਇਹ ਆਖ ਰਹੇ ਹਾਂ ਕਿ ਸਾਡੇ ਬਾਕੀ ਸਾਰੇ ਇਮੀਗ੍ਰੇਸ਼ਨ ਪ੍ਰੋਗਰਾਮ ਤੁਹਾਡੇ ਲਈ ਉਪਲਬਧ ਹਨ। ਆਪਣੇ ਲਈ ਉਸ ਪ੍ਰੋਗਰਾਮ ਦੀ ਚੋਣ ਕਰੋ ਜਿਹੜਾ ਤੁਹਾਡੇ ਲਈ ਸਹੀ ਬੈਠਦਾ ਹੋਵੇ। ਵਿਵਾਦਗ੍ਰਸਤ ਆਈਆਈਪੀ ਤਹਿਤ ਉਨ੍ਹਾਂ ਕਾਰੋਬਾਰੀ ਲੋਕਾਂ ਨੂੰ ਵੀਜੇ਼ ਦਿੱਤੇ ਜਾਂਦੇ ਸਨ ਜਿਨ੍ਹਾਂ ਕੋਲ 1.6 ਮਿਲੀਅਨ ਤੋਂ ਉੱਪਰ ਦੌਲਤ ਹੋਵੇ ਤੇ ਜਿਹੜੇ ਕੈਨੇਡੀਅਨ ਸਰਕਾਰ ਨੂੰ ਪੰਜ ਸਾਲਾਂ ਦੇ ਅਰਸੇ ਲਈ ਕੈਨੇਡਾ ਭਰ ਵਿੱਚ ਨਿਵੇਸ਼ ਕਰਨ ਲਈ 800,000 ਡਾਲਰ ਦੇਣ ਦੇ ਚਾਹਵਾਨ ਹੋਣ। ਅਲੈਗਜ਼ੈਂਡਰ ਨੇ ਆਖਿਆ ਕਿ ਇਸ ਵੰਨਗੀ ਵਿੱਚ ਵੀ ਅੱਠ ਜਾਂ ਨੌ ਸਾਲਾਂ ਤੋਂ ਅਰਜ਼ੀਆਂ ਦਾ ਬੈਕਲਾਗ ਇੱਕਠਾ ਹੋ ਗਿਆ ਸੀ ਤੇ ਫਿਰ 2012 ਵਿੱਚ ਸਰਕਾਰ ਨੂੰ ਇਸ ਪ੍ਰੋਗਰਾਮ ਉੱਤੇ ਰੋਕ ਲਾਉਣੀ ਪਈ। ਇਨ੍ਹਾਂ ਵਿੱਚੋਂ ਬਹੁਤੇ ਬਿਨੈਕਾਰ ਅਮੀਰ ਚੀਨੀ ਸਨ। ਪਰ ਅਲੈਗਜ਼ੈਂਡਰ ਦਾ ਕਹਿਣਾ ਹੈ ਕਿ ਉਹ ਇਹ ਨਹੀਂ ਚਾਹੁੰਦੇ ਕਿ ਅਮੀਰ ਚੀਨੀ ਸੋਚਣ ਕਿ ਕੈਨੇਡਾ ਵਿੱਚ ਉਨ੍ਹਾਂ ਦਾ ਕੋਈ ਸਤਿਕਾਰ ਨਹੀਂ ਹੋਵੇਗਾ ਤੇ ਉਨ੍ਹਾਂ ਦਾ ਕੋਈ ਸਵਾਗਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਜਿਹੇ ਅਮੀਰਾਂ ਨੂੰ ਆਖਿਆ ਕਿ ਉਹ ਨਵੇਂ ਇਮੀਗ੍ਰੈਂਟ ਇਨਵੈਸਟਰ ਵੈਂਚਰ ਕੈਪੀਟਲ ਫੰਡ ਪਲੈਨ ਜਾਂ ਕਾਰੋਬਾਰੀ ਸਕਿੱਲਜ਼ ਵੰਨਗੀ ਤਹਿਤ ਅਪਲਾਈ ਕਰਨ। ਇਹ ਸਕੀਮ ਇਸ ਸਾਲ ਦੇ ਅੰਤ ਤੱਕ ਲਾਂਚ ਹੋ ਰਹੀ ਹੈ।

Facebook Comment
Project by : XtremeStudioz