Close
Menu

ਇਰਬਿਲ ਸ਼ਹਿਰ ਦੀ ਸਰਕਾਰੀ ਇਮਾਰਤ ’ਚ ਦਹਿਸ਼ਤਗਰਦ ਦਾਖ਼ਲ, ਪੁਲੀਸ ਕਰਮੀ ਹਲਾਕ

-- 24 July,2018

ਇਰਬਿਲ (ਇਰਾਕ), 24 ਜੁਲਾਈ :ਇਰਾਕ ਦੇ ਉੱਤਰੀ ਕੁਰਦਿਸ਼ ਖਿੱਤੇ ਦੇ ਇਰਬਿਲ ਸ਼ਹਿਰ ਦੀ ਸਰਕਾਰੀ ਇਮਾਰਤ ’ਚ ਅੱਜ ਦਾਖ਼ਲ ਹੋਏ ਤਿੰਨ ਦਹਿਸ਼ਤਗਰਦਾਂ ਵੱਲੋਂ ਕੀਤੀ ਫਾਇਰਿੰਗ ’ਚ ਇਕ ਪੁਲੀਸ ਕਰਮੀ ਮਾਰਿਆ ਗਿਆ ਜਦੋਂਕਿ ਦੋ ਜਣੇ ਜ਼ਖ਼ਮੀ ਹੋ ਗਏ। ਦਹਿਸ਼ਤਗਰਦਾਂ ਵੱਲੋਂ ਕੁਝ ਲੋਕਾਂ ਨੂੰ ਬੰਧਕ ਬਣਾਏ ਜਾਣ ਦੀਆਂ ਵੀ ਖ਼ਬਰਾਂ ਹਨ। ਇਰਾਕੀ ਮੀਡੀਆ ਮੁਤਾਬਕ ਸਲਾਮਤੀ ਦਸਤਿਆਂ ਨੇ ਮਗਰੋਂ ੲਨ੍ਹਿ‌ਾਂ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਫ਼ਿਲਹਾਲ ਕਿਸੇ ਵੀ ਦਹਿਸ਼ਤੀ ਜੱਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸ ਪਿੱਛੇ ਇਸਲਾਮਿਕ ਸਟੇਟ ਦਾ ਹੱਥ ਹੋਣ ਦਾ ਸ਼ੱਕ ਹੈ।
ਰੁਦਾ ਟੈਲੀਵਿਜ਼ਨ ਤੇ ਰੇਡੀਓ ਨੇ ਸ਼ਹਿਰ ਦੇ ਗਵਰਨਰ ਤਾਹਿਰ ਅਬਦੁੱਲ੍ਹਾ ਦੇ ਹਵਾਲੇ ਨਾਲ ਕਿਹਾ ਕਿ ਹਮਲਾ ਸਵੇਰੇ ਕਰੀਬ ਸੱਤ ਵਜੇ ਸ਼ੁਰੂ ਹੋਇਆ। ਸ਼ੁਰੂਆਤੀ ਜਾਂਚ ਮੁਤਾਬਕ ਦਹਿਸ਼ਤਗਰਦ ਜੋ ਪਿਸਟਲਾਂ, ਏਕੇ 47 ਰਾਈਫਲਾਂ ਤੇ ਹੱਥਗੋਲਿਆਂ ਨਾਲ ਲੈਸ ਸਨ, ਇਮਾਰਤ ਵਿੱਚ ਮੁੱਖ ਗੇਟ ਤੇ ਸਾਈਡ ਐਂਟਰੈਂਸ ਰਾਹੀਂ ਦਾਖ਼ਲ ਹੋਏ। ਦਹਿਸ਼ਤਗਰਦਾਂ ਨੇ ਇਮਾਰਤ ਦੀ ਤੀਜ਼ੀ ਮੰਜ਼ਿਲ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਤੇ ਕੁਝ ਲੋਕਾਂ (ਜਨ੍ਹਿ‌ਾਂ ਦੀ ਗਿਣਤੀ ਬਾਰੇ ਸਪਸ਼ਟ ਨਹੀਂ) ਨੂੰ ਬੰਧਕ ਬਣਾ ਲਿਆ।
ਦਹਿਸ਼ਤਗਰਦਾਂ ਨੇ ‘ਅੱਲ੍ਹਾ ਹੂ ਅਕਬਰ’ ਦੇ ਨਾਅਰੇ ਵੀ ਲਾਏ। ਮੁਕਾਮੀ ਕੁਰਦਿਸ਼ ਸਲਾਮਤੀ ਦਸਤਿਆਂ ਮਗਰੋਂ ਇਮਾਰਤ ਵਿੱਚ ਦਾਖ਼ਲ ਹੋਣ ’ਚ ਸਫ਼ਲ ਰਹੇ।
ਰੁਦਾ ਨੇ ਕਿਹਾ ਕਿ ਸਲਾਮਤੀ ਦਸਤਿਆਂ ਵੱਲੋਂ ਦਿੱਤੀ ਰਿਪੋਰਟ ਮੁਤਾਬਕ ਇਮਾਰਤ ਵਿੱਚ ਮੌਜੂਦ ਦਹਿਸ਼ਤਗਰਦਾਂ ’ਚੋਂ ਇਕ ਨੂੰ ਮਾਰ ਦਿੱਤਾ ਗਿਆ ਹੈ।
ਇਰਾਕ ਦੇ ਸਰਕਾਰੀ ਟੀਵੀ ਨੇ ਮਗਰੋਂ ਕੁਰਦਿਸ਼ ਸਲਾਮਤੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਤਿੰਨੇ ਹਮਲਾਵਰ ਮਾਰੇ ਗਏ ਹਨ। ਅਬਦੁੱਲ੍ਹਾ ਨੇ ਰੁਦਾ ਨੂੰ ਦੱਸਿਆ, ‘ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਹਾਲਾਤ ਕਾਬੂ ਵਿੱਚ ਹਨ। ਕਮਰਾ ਦਰ ਕਮਰਾ ਦਹਿਸ਼ਤਗਰਦਾਂ ਦੀ ਭਾਲ ਕੀਤੀ ਜਾ ਰਹੀ ਹੈ।’ ਉਧਰ ਮੁਕਾਮੀ ਟੀਵੀ ਚੈਨਲ ਕੁਰਦਿਸਤਾਨ 24 ਨੇ ਸਲਾਮਤੀ ਦਸਤਿਆਂ ਵੱਲੋੋਂ ਇਮਾਰਤ ਨੂੰ ਘੇਰਾ ਪਾਉਂਦਿਆਂ ਤੇ ਅੰਦਰ ਦਾਖ਼ਲ ਹੋਣ ਦੇ ਯਤਨਾਂ ਦੀਆਂ ਤਸਵੀਰਾਂ ਪ੍ਰਸਾਰਿਤ ਕੀਤੀਆਂ ਹਨ। ਇਸ ਫੁਟੇਜ ਵਿੱਚ ਕਿਤੇ ਕਿਤੇ ਗੋਲੀਆਂ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਹਨ। 

Facebook Comment
Project by : XtremeStudioz