Close
Menu

ਇਰਾਕ ‘ਚ ਸਾਰੇ ਪੰਜਾਬੀ ਸੁਰੱਖਿਅਤ-ਸੁਸ਼ਮਾ

-- 01 June,2015
  • ਭਾਰਤ-ਪਾਕਿ ਵਿਚਾਲੇ ਗੱਲਬਾਤ ਲਈ ਸ਼ਾਂਤਮਈ ਮਾਹੌਲ ਦੀ ਲੋੜ
  • ਪਾਕਿਸਤਾਨ ਨਾਲ ਕ੍ਰਿਕਟ ਲੜੀ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ

ਨਵੀਂ ਦਿੱਲੀ, 31 ਮਈ (ਉਪਮਾ ਡਾਗਾ ਪਾਰਥ)-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਕ ਵਾਰ ਫਿਰ ਦੁਹਰਾਉਂਦਿਆਂ ਕਿਹਾ ਕਿ ਇਰਾਕ ‘ਚ ਫਸੇ 39 ਪੰਜਾਬੀ ਕਾਮੇ ਸੁਰੱਖਿਅਤ ਹਨ | ਉਨ੍ਹਾਂ ਇਸ ਗੱਲ ਨੂੰ ਵੀ ਸਵੀਕਾਰ ਕੀਤਾ ਕਿ ਭਾਵੇਂ ਉਨ੍ਹਾਂ ‘ਚੋਂ ਬਚ ਕੇ ਨਿਕਲੇ ਇਕ ਕਾਮੇ ਨੇ ਇਹ ਕਿਹਾ ਹੈ ਕਿ ਉਨ੍ਹਾਂ ਸਾਰਿਆਂ ਨੂੰ ਮਾਰ ਦਿੱਤਾ ਗਿਆ ਹੈ ਪਰ ਸਰਕਾਰ ਦੇ ਕਈ ਪੱਧਰੀ ਹਲਕਿਆਂ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਉਹ ਸਾਰੇ ਪੰਜਾਬੀ ਕਾਮੇ ਸੁਰੱਖਿਅਤ ਹਨ | ਆਪਣੀ ਸਰਕਾਰ ਦੇ ਇਕ ਸਾਲਾ ਕੰਮ-ਕਾਜ ਦੇ ਲੇਖੇ-ਜੋਖੇ ਲਈ ਸੱਦੀ ਗਈ ਪ੍ਰੈੱਸ ਕਾਨਫਰੰਸ ‘ਚ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਹ ਬਿਆਨ ਦਿੱਤਾ | ਸੁਸ਼ਮਾ ਸਵਰਾਜ ਨੇ ਭਾਵਨਾਤਮਕ ਪੱਧਰ ‘ਤੇ ਆਪਣ-ਆਪ ਨੂੰ ਇਸ ਮੁੱਦੇ ਨਾਲ ਜੋੜਦਿਆਂ ਕਿਹਾ ਕਿ ਉਹ ਇਹ ਤਲਾਸ਼ ਸਿਆਸੀ ਫਰਜ਼ ਵਜੋਂ ਨਹੀਂ ਕਰ ਰਹੀ | ਵਿਦੇਸ਼ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਬਹੁਤ ਸਰਗਰਮ ਹੋਣਾ ਉਨ੍ਹਾਂ ਲਈ ਕੋਈ ਚੁਣੌਤੀ ਨਹੀਂ ਹੈ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ‘ਤੇ ਕੋਈ ਪਾਬੰਦੀ ਨਹੀਂ ਲਾਈ ਹੈ ਬਲਕਿ ਉਹ ਖੁਦ ਸੁਰਖੀਆਂ ਤੋਂ ਦੂਰ ਰਹਿਣਾ ਚਾਹੁੰਦੀ ਹੈ |
ਭਾਰਤ-ਪਾਕਿ ਗੱਲਬਾਤ ਸੰਭਵ
ਵਿਦੇਸ਼ ਮੰਤਰੀ ਨੇ ਭਾਰਤ-ਪਾਕਿਸਤਾਨ ਦਰਮਿਆਨ ਗੱਲਬਾਤ ਲਈ ਸ਼ਾਂਤੀਪੂਰਨ ਮਾਹੌਲ ਨੂੰ ਪਹਿਲੀ ਸ਼ਰਤ ਦੱਸਿਆ | ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਮਾਹੌਲ ਉਸ ਵੇਲੇ ਹੀ ਉਸਾਰਿਆ ਜਾ ਸਕਦਾ ਹੈ ਜਦੋਂ ਗੁਆਂਢੀ ਦੇਸ਼ ਦਹਿਸ਼ਤਗਰਦਾਂ ਦੇ ਿਖ਼ਲਾਫ਼ ਕਾਰਵਾਈ ਕਰੇਗਾ | ਵਿਦੇਸ਼ ਮੰਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਭਾਰਤ-ਪਾਕਿ ਸੰਬੰਧਾਂ ‘ਤੇ ਤਫਸੀਲੀ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੱਲਬਾਤ 3 ਸਿਧਾਂਤਾਂ ‘ਤੇ ਆਧਾਰਿਤ ਹੋਏਗੀ | ਅਸੀਂ ਹਰ ਮੁੱਦਾ ਗੱਲਬਾਤ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਭਾਰਤ-ਪਾਕਿਸਤਾਨ ਗੱਲਬਾਤ ‘ਚ ਕੋਈ ਤੀਜੀ ਧਿਰ ਸ਼ਾਮਿਲ ਨਹੀਂ ਹੋਏਗੀ | ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸੰਬੰਧਾਂ ‘ਚ ਕੁੜੱਤਣ ਹੋਣ ਦੇ ਬਾਵਜੂਦ ਦੋਹਾਂ ਦੇਸ਼ਾਂ ਨੇ ਮੁਸ਼ਕਿਲ ਸਮੇਂ ‘ਚ ਇਕ-ਦੂਜੇ ਦਾ ਸਾਥ ਦਿੱਤਾ ਸੀ | ਪਰ ਨਾਲ ਹੀ ਸੁਸ਼ਮਾ ਸਵਰਾਜ ਨੇ ਦੁਹਰਾਉਂਦਿਆਂ ਕਿਹਾ ਕਿ ਗੱਲਬਾਤ ਦਾ ਸ਼ਾਂਤੀ ਭਰਿਆ ਮਾਹੌਲ ਤਦ ਹੀ ਕਾਇਮ ਹੋ ਸਕਦਾ ਹੈ ਜਦ ਪਾਕਿਸਤਾਨ ਸਰਕਾਰ ਲਖਵੀ ਸਮੇਤ ਹੋਰਨਾਂ ਦਹਿਸ਼ਤਗਰਦਾਂ ਦੇ ਿਖ਼ਲਾਫ਼ ਕਾਰਵਾਈ ਕਰੇ | ਹਾਲ ਹੀ ‘ਚ ਦੋਵਾਂ ਦੇਸ਼ਾਂ ਦਰਮਿਆਨ ਕ੍ਰਿਕਟ ਲੜੀ ਖੇਡੇ ਜਾਣ ਦੇ ਸੰਬੰਧ ‘ਚ ਵੀ ਕਈ ਨਕਰਾਤਮਿਕ ਵਿਚਾਰ ਪ੍ਰਗਟ ਕੀਤੇ ਗਏ ਅਤੇ ਅੱਜ ਵੀ ਵਿਦੇਸ਼ ਮੰਤਰੀ ਨੇ ਇਸ ਸਬੰਧ ‘ਚ ਚੁੱਪ ਧਾਰਦਿਆਂ ਸਿਰਫ ਇਹ ਹੀ ਕਿਹਾ ਕਿ ਇਸ ਬਾਰੇ ‘ਚ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ |
ਚੀਨ ਨਾਲ ਮੁੱਦੇ ਸੁਲਝਾਉਣ ਪ੍ਰਤੀ ਵਚਨਬੱਧ
ਭਾਰਤ-ਚੀਨ ਸੰਬੰਧਾਂ ਬਾਰੇ ਪੁੱਛੇ ਸੁਆਲਾਂ ‘ਤੇ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਨੇ ਦੋਹਾਂ ਦੇਸ਼ਾਂ ਵੱਲੋਂ ਬਕਾਇਆ ਮੁੱਦੇ ਸੁਲਝਾਉਣ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ ਹੈ | ਅਰੁਣਾਚਲ ਪ੍ਰਦੇਸ਼ ਦੇ ਵਸਨੀਕਾਂ ਦੇ ਨੱਥੀ ਵੀਜ਼ਾ ਅਤੇ ਦੱਖਣੀ ਚੀਨ ‘ਚ ਤੇਲ ਦੀ ਭਾਲ ਦਾ ਮੁੱਦਾ ਦੋਹਾਂ ਦੇਸ਼ਾਂ ਦਰਮਿਆਨ ਕਾਫੀ ਸਮੇਂ ਤੋਂ ਲਟਕਿਆ ਹੋਇਆ ਹੈ |

Facebook Comment
Project by : XtremeStudioz