Close
Menu

ਇਰਾਨ ਤੇ ਅਮਰੀਕਾ ਵਿੱਚ ਪਰਮਾਣੂ ਮੁੱਦੇ ਉਪਰ ਸਮਝੌਤੇ ਦੀ ਬੱਝੀ ਆਸ

-- 20 September,2013

Iranian President Hassan Rouhani smiles during an interview with U.S. television network NBC in Tehran

ਵਾਸ਼ਿੰਗਟਨ, 20 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਆਪਣੀ ਪਹਿਲੀ ਅਮਰੀਕੀ ਫੇਰੀ ਤੋਂ ਪਹਿਲਾਂ, ਇਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਉਨ੍ਹਾਂ ਨੂੰ ਲਿਖੇ ਪੱਤਰ ਨੂੰ ‘ਹਾਂਦਰੂ ਤੇ  ਉਸਾਰੂ’ ਕਹਿ ਕੇ ਸਰਾਹਿਆ ਅਤੇ ਕਿਹਾ ਕਿ ਉਹ ਪੱਛਮੀ ਦੇਸ਼ਾਂ ਨਾਲ ਪਰਮਾਣੂ ਸੰਧੀ ’ਤੇ ਵਿਚਾਰ-ਚਰਚਾ ਕਰਨ ਲਈ ਪੂਰਾ ਅਖਤਿਆਰ ਰੱਖਦੇ ਹਨ।
ਆਪਣੀ ਹਾਂਦਰੂ ਪਹੁੰਚ ਸਦਕਾ ‘ਕੂਟਨੀਤਕ ਸ਼ੇਖ’ ਵਜੋਂ ਜਾਣੇ ਜਾਂਦੇ ਸ੍ਰੀ ਰੂਹਾਨੀ ਨੇ ਵਚਨ ਦਿੱਤਾ ਕਿ ਇਰਾਨ ਕਿਸੇ ਵੀ ਹਾਲ ਵਿਚ ਪਰਮਾਣੂ ਹਥਿਆਰ ਨਹੀਂ ਬਣਾਵੇਗਾ। ਇਰਾਨ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਓਬਾਮਾ ਦਾ ਪੱਤਰ ਮਿਲਿਆ ਹੈ ਜਿਸ ਵਿਚ ਉਨ੍ਹਾਂ ਦੇ ਰਾਸ਼ਟਰਪਤੀ ਚੁਣੇ ਜਾਣ ’ਤੇ ਮੁਬਾਰਕਵਾਦ ਦਿੱਤੀ ਹੈ ਅਤੇ ਕੁਝ ਹੋਰ ਮੁੱਦਿਆਂ ਨੂੰ ਛੂਹਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪੱਤਰ ਦਾ ਹੁੰਗਾਰਾ ਭਰਿਆ ਹੈ ਅਤੇ ਅਮਰੀਕੀ ਰਾਸ਼ਟਰਪਤੀ ਅਤੇ ਹੋਰਨਾਂ ਲਈ ਕੁਝ ਮੁੱਦਿਆਂ ’ਤੇ ਇਰਾਨ ਦੇ ਸਟੈਂਡ ਦਾ ਖੁਲਾਸਾ ਕੀਤਾ ਹੈ।
ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ਵਿਚ ਸ਼ਾਮਲ ਹੋਣ ਲਈ ਜਾਣ ਤੋਂ ਪਹਿਲਾਂ ਅਮਰੀਕੀ ਟੀਵੀ ਚੈਨਲ ਐਨਬੀਸੀ ਨਿਊਜ਼ ਨਾਲ ਇਕ ਮੁਲਾਕਾਤ ਵਿਚ 64 ਸਾਲਾ ਰੂਹਾਨੀ ਨੇ ਕਿਹਾ ਕਿ ਸ੍ਰੀ ਓਬਾਮਾ ਦੇ ਖ਼ਤ ਦੀ ਸੁਰ ਬਹੁਤ ਹੀ ਹਾਂ-ਪੱਖੀ ਅਤੇ ਉਸਾਰੂ ਹੈ।
ਉਨ੍ਹਾਂ ਕਿਹਾ, ‘‘ਇਹ ਬਹੁਤ ਹੀ ਅਹਿਮ ਭਵਿੱਖ ਲਈ ਇਕ ਛੋਟਾ ਜਿਹਾ ਕਦਮ ਹੋ ਸਕਦਾ ਹੈ। ਮੇਰਾ ਵਿਸ਼ਵਾਸ ਹੈ ਕਿ ਸਾਰੇ ਦੇਸ਼ਾਂ ਦੇ ਆਗੂਆਂ ਨੂੰ ਆਪਣੇ ਕੌਮੀ ਹਿੱਤਾਂ ਦਾ ਫਿਕਰ ਹੁੰਦਾ ਹੈ ਅਤੇ ਇਹ ਇੰਤਹਾਪਸੰਦ ਦਬਾਓ ਗਰੁੱਪਾਂ ਦੇ ਹੱਥੇ ਨਹੀਂ ਚੜ੍ਹਨੇ ਚਾਹੀਦੇ। ਮੈਨੂੰ ਉਮੀਦ ਹੈ ਕਿ ਅਸੀਂ ਭਵਿੱਖ ਵਿਚ ਅਜਿਹਾ ਮਾਹੌਲ ਦੇਖਾਂਗੇ।’’ ਉਨ੍ਹਾਂ ਆਖਿਆ ਕਿ  ਇਰਾਨ ਦਾ ਪਰਮਾਣੂ ਪ੍ਰੋਗਰਾਮ ਐਟਮੀ ਊਰਜਾ ਦੀ ਸ਼ਾਂਤਮਈ ਵਰਤੋਂ ਲਈ ਹੈ ਅਤੇ ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਵਿਵਾਦਗ੍ਰਸਤ ਮੁੱਦੇ ’ਤੇ ਪੱਛਮੀ ਦੇਸ਼ਾਂ ਨਾਲ ਸਮਝੌਤਾ ਹੋ ਜਾਵੇਗਾ। ਉਨ੍ਹਾਂ ਕਿਹਾ, ‘‘ਕਿਸੇ ਵੀ ਸੂਰਤ ’ਚ ਅਸੀਂ ਜਨ ਤਬਾਹੀ ਦੇ ਹਥਿਆਰ ਜਿਨ੍ਹਾਂ ਵਿਚ ਪਰਮਾਣੂ ਹਥਿਆਰ ਵੀ ਸ਼ਾਮਲ ਹਨ, ਨਹੀਂ ਬਣਾਵਾਂਗੇ। ਅਸੀਂ ਅਜਿਹਾ ਕਦੇ ਵੀ ਨਹੀਂ ਕਰਾਂਗੇ। ਆਪਣੇ ਪਰਮਾਣੂ ਪ੍ਰੋਗਰਾਮ ਵਿਚ ਸਰਕਾਰ ਆਪਣੇ ਪੂਰੇ ਅਖ਼ਤਿਆਰ ਨਾਲ ਦਾਖ਼ਲ ਹੋਈ ਹੈ ਅਤੇ ਇਸ ਦਾ ਇਸ  ’ਤੇ ਮੁਕੰਮਲ ਅਖ਼ਤਿਆਰ ਹੈ।’’ ਉਨ੍ਹਾਂ ਕਿਹਾ, ‘‘ਸਾਡੀ ਤਰਫ਼ੋਂ ਕੋਈ ਸਮੱਸਿਆ ਨਹੀਂ ਆਵੇਗੀ। ਸਾਡੇ ਕੋਲ ਇਸ ਸਮੱਸਿਆ ਨੂੰ ਹੱਲ ਕਰਨ ਲਈ ਚੋਖੀ ਸਿਆਸੀ ਲਚਕ ਹੈ।’’
1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਅਮਰੀਕਾ ਅਤੇ ਇਰਾਨ ਵਿਚਕਾਰ ਕੋਈ ਕੂਟਨੀਤਕ ਸਬੰਧ ਨਹੀਂ ਹਨ।
ਇਸ ਦੌਰਾਨ, ਵ੍ਹਾਈਟ ਹਾਊਸ ਦੇ ਬੁਲਾਰੇ ਜੇਅ ਕਾਰਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਰਾਨ ਨਾਲ ਕੂਟਨੀਤੀ ਦਾ ਇਕ ਨਵਾਂ ਮੌਕਾ ਪੈਦਾ ਹੋਇਆ ਹੈ। ਉਨ੍ਹਾਂ ਕਿਹਾ, ‘‘ਇਹ ਗੱਲ ਕਹਿਣੀ ਬਣਦੀ ਹੈ ਕਿ ਰਾਸ਼ਟਰਪਤੀ ਦਾ ਇਹ ਵਿਸ਼ਵਾਸ ਹੈ ਕਿ ਇਰਾਨ ਦੇ ਮਾਮਲੇ ਵਿਚ ਅਮਰੀਕਾ ਅਤੇ ਸਾਡੇ ਸੰਗੀ ਦੇਸ਼ਾਂ ਲਈ ਚੁਣੌਤੀ ਬਣੇ ਮੁੱਦਿਆਂ ਬਾਰੇ ਕੂਟਨੀਤਕ ਮੌਕਾ ਪੈਦਾ ਹੋਇਆ ਹੈ।
ਇਸਰਾਇਲ ਨਾਲ ਸਬੰਧਾਂ ਬਾਰੇ ਪੁੱਛੇ ਜਾਣ ’ਤੇ ਇਰਾਨੀ ਰਾਸ਼ਟਰਪਤੀ ਨੇ ਕਿਹਾ, ‘‘ਅਸੀਂ ਕਿਸੇ ਵੀ ਮੁਲਕ ਨਾਲ ਜੰਗ ਨਹੀਂ ਚਾਹੁੰਦੇ। ਅਸੀਂ ਖਿੱਤੇ ਦੇ ਦੇਸ਼ਾਂ ਦਰਮਿਆਨ ਅਮਨ ਅਤੇ ਦੋਸਤੀ ਦੇ ਖ਼ੈਰਖਾਹ ਹਾਂ।’’

Facebook Comment
Project by : XtremeStudioz