Close
Menu

ਇਰਾਨ ਤੋਂ ਕੱਚੇ ਤੇਲ ਦੀ ਦਰਾਮਦ ਬੰਦ ਕਰੇਗਾ ਭਾਰਤ

-- 24 April,2019

ਨਵੀਂ ਦਿੱਲੀ, 24 ਅਪਰੈਲ
ਅਮਰੀਕੀ ਪਾਬੰਦੀ ਤੋਂ ਮਿਲੀ ਛੋਟ ਦੀ ਮਿਆਦ ਖ਼ਤਮ ਹੋਣ ਮਗਰੋਂ ਭਾਰਤ, ਇਰਾਨ ਤੋਂ ਕੱਚੇ ਤੇਲ ਦੀ ਦਰਾਮਦ ਬੰਦ ਕਰ ਦੇਵੇਗਾ। ਕੱਚੇ ਤੇਲ ਦੀ ਸਪਲਾਈ ਵਿੱਚ ਆਉਣ ਵਾਲੀ ਘਾਟ ਨੂੰ ਪੂਰਾ ਕਰਨ ਲਈ ਸਾਊਦੀ ਅਰਬ ਜਿਹੇ ਮੁਲਕਾਂ ਤੋਂ ਬਦਲਵੇਂ ਸਰੋਤਾਂ ਦੀ ਵਰਤੋਂ ਕੀਤੀ ਜਾਵੇਗੀ। ਇਹ ਜਾਣਕਾਰੀ ਸਿਖਰਲੇ ਅਧਿਕਾਰੀਆਂ ਤੇ ਸਨਅਤ ਨਾਲ ਜੁੜੇ ਸੂਤਰਾਂ ਨੇ ਅੱਜ ਦਿੱਤੀ। ਚੇਤੇ ਰਹੇ ਕਿ ਟਰੰਪ ਸਰਕਾਰ ਨੇ ਸੋਮਵਾਰ ਨੂੰ ਭਾਰਤ ਸਮੇਤ ਹੋਰਨਾਂ ਮੁਲਕਾਂ ਨੂੰ ਇਰਾਨ ਤੋਂ ਕੱਚਾ ਤੇਲ ਦਰਾਮਦ ਕਰਨ ਨੂੰ ਲੈ ਕੇ ਮਿਲੀ ਛੋਟ ਦੀ ਮਿਆਦ (2 ਮਈ ਤਕ) ਅੱਗੇ ਹੋਰ ਨਾ ਵਧਾਉਣ ਦਾ ਫੈਸਲਾ ਕੀਤਾ ਸੀ।
ਇਕ ਸਿਖਰਲੇ ਅਧਿਕਾਰੀ ਨੇ ਕਿਹਾ, ‘ਜਦੋਂ ਤਕ ਛੋਟ ਫਿਰ ਤੋਂ ਸ਼ੁਰੂ ਨਹੀਂ ਹੁੰਦੀ, ਮੈਨੂੰ ਨਹੀਂ ਲਗਦਾ ਕਿ ਭਾਰਤ, ਇਰਾਨ ਤੋਂ ਕੱਚੇ ਤੇਲ ਦੀ ਖਰੀਦਦਾਰੀ ਕਰੇਗਾ। ਅਸੀਂ ਇਰਾਨ ਤੋਂ ਕੱਚੇ ਤੇਲ ਦੀ ਦਰਾਮਦ ਬੰਦ ਕਰ ਦੇਵਾਂਗੇ।’ ਉਂਜ ਅਧਿਕਾਰੀ ਨੇ ਕਿਹਾ ਕਿ ਇਸ ਮਹੀਨੇ ਦੇ ਅਖੀਰ ’ਚ ਹੋਣ ਵਾਲੀ ਮੀਟਿੰਗ ਵਿੱਚ ਭਾਰਤ, ਅਮਰੀਕੀ ਸਰਕਾਰ ਤੋਂ ਛੋਟ ਦੀ ਮਿਆਦ ਨੂੰ 2 ਮਈ ਤੋਂ ਅੱਗੇ ਵਧਾਉਣ ਲਈ ਦਬਾਅ ਪਾ ਸਕਦਾ ਹੈ। ਹਾਲਾਂਕਿ ਸੰਭਾਵਨਾਵਾਂ ਦੇ ਆਧਾਰ ’ਤੇ ਖਰੀਦ ਨਹੀਂ ਕੀਤੀ ਜਾ ਸਕਦੀ, ਲਿਹਾਜ਼ਾ ਭਾਰਤ, ਇਰਾਨ ਤੋਂ ਤੇਲ ਦਰਾਮਦ ਨਹੀਂ ਕਰੇਗਾ। ਚੀਨ ਮਗਰੋਂ ਇਰਾਨ ਤੋਂ ਤੇਲ ਦਰਾਮਦ ਕਰਨ ਵਾਲਾ ਭਾਰਤ ਦੂਜਾ ਸਭ ਤੋਂ ਵੱਡਾ ਖਰੀਦਦਾਰ ਹੈ। ਇਰਾਨ ਤੋਂ ਤੇਲ ਦੀ ਸਪਲਾਈ ਬੰਦ ਹੋਣ ਮਗਰੋਂ ਇਸ ਘਾਟ ਨੂੰ ਸਾਊਦੀ ਅਰਬ, ਕੁਵੈਤ, ਯੂਏਈ ਤੇ ਮੈਕਸਿਕੋ ’ਚ ਮੌਜੂਦ ਬਦਲਵੇਂ ਸਰੋਤਾਂ ਤੋਂ ਪੂਰਾ ਕੀਤਾ ਜਾਵੇਗਾ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਕ ਟਵੀਟ ’ਚ ਕਿਹਾ, ‘ਭਾਰਤੀ ਰਿਫਾਈਨਰੀਆਂ ਲਈ ਕੱਚੇ ਤੇਲ ਦੀ ਸਪਲਾਈ ਨੂੰ ਪੂਰਾ ਕਰਨ ਲਈ ਇਕ ਯੋਜਨਾ ਤਿਆਰ ਕੀਤੀ ਗਈ ਹੈ।’ ਆਈਓਸੀ ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ ਕਿ ਭਾਰਤੀ ਰਿਫਾਈਨਰੀਆਂ ਪੈਟਰੋਲ, ਡੀਜ਼ਲ ਤੇ ਹੋਰਨਾਂ ਪੈਟਰੋਲੀਅਮ ਉਤਪਾਦਾਂ ਦੀ ਦੇਸ਼ ਵਿਆਪੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਹਨ।

Facebook Comment
Project by : XtremeStudioz