Close
Menu

ਇਰਾਨ ਦੇ ਪਰਮਾਣੂ ਮੁੱਦੇ ’ਤੇ ਅਗਲੇ ਹਫ਼ਤੇ ਹੋਵੇਗੀ ਗੱਲਬਾਤ

-- 23 March,2015

ਲੌਜ਼ੇਨ, ਇਰਾਨ ਦੇ ਪਰਮਾਣੂ ਬੰਬ ਸੁਰੱਖਿਅਤ ਰੱਖਣ ਦੇ ਮੁੱਦੇ ਉੱਤੇ ਕਾਫੀ ਲੰਮੀ ਚੱਲੀ ਗੱਲਬਾਤ ਅੱਜ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ। ਹੁਣ ਵਾਰਤਾਕਾਰ ਮੁੱਖ ਮਤਭੇਦਾਂ ਨੂੰ ਦੂਰ ਕਰਨ ਲਈ ਅਗਲੇ ਹਫ਼ਤੇ ਮੁੜ ਗੱਲਬਾਤ ਕਰਨਗੇ।
ਹੁਣ ਇਰਾਨ ਤੇ ਛੇ ਹੋਰ ਵੱਡੀਆਂ ਤਾਕਤਾਂ ਕੋਲ ਇਸ ਮੁੱਦੇ ਉੱਤੇ 12 ਸਾਲ ਲੰਮੀ ਖੜੋਤ ਤੋੜਨ ਲਈ ਕਿਸੇ ਸਮਝੌਤੇ ਬਾਰੇ ਸਹਿਮਤੀ ਵਾਸਤੇ ਸਿਰਫ ਇਕ ਹਫ਼ਤੇ ਦਾ ਸਮਾਂ ਹੈ। ਇਸ ਬਾਰੇ ਸਮਝੌਤੇ ਲਈ 31 ਮਾਰਚ ਦੀ ਸਮਾਂ ਹੱਦ ਤੈਅ ਹੈ। ਇਰਾਨ ਦੇ ਉਪ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਹੁਣ ਹੋਰ ਜ਼ਿਆਦਾ ਵਿਚਾਰ-ਵਟਾਂਦਰੇ ਅਤੇ ਤਾਲਮੇਲ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਅਗਲਾ ਗੇੜ ਬੁੱਧਵਾਰ ਨੂੰ ਸ਼ੁਰੂ ਹੋਵੇਗਾ ਪਰ ਗੱਲਬਾਤ ਕਿਹੜੀ ਥਾਂ ਹੋਵੇਗੀ, ਇਹ ਸਪੱਸ਼ਟ ਨਹੀਂ ਹੈ।
ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਪੰਜ ਦਿਨਾਂ ਦੇ ਗੰਭੀਰ ਵਿਚਾਰ-ਵਟਾਂਦਰੇ ਮਗਰੋਂ ਅਮਰੀਕਾ ਦੇ ਵਿਦੇਸ਼ ਮੰਤਰੀ ਜੌਹਨ ਕੈਰੀ ਭਲਕੇ ਸਵਿਟਜ਼ਰਲੈਂਡ ਤੋਂ ਲੰਡਨ ਲਈ ਰਵਾਨਾ ਹੋਣਗੇ, ਜਿੱਥੇ ਉਹ ਬਰਤਾਨੀਆ, ਫਰਾਂਸ ਅਤੇ ਜਰਮਨ ਦੇ ਵਿਦੇਸ਼ ਮੰਤਰੀਆਂ ਨਾਲ ਚਰਚਾ ਕਰਨਗੇ। ਲੌਜ਼ੇਨ ਵਿੱਚ ਤਰਜਮਾਨ ਮੈਰੀ ਹਾਫ ਨੇ ਕਿਹਾ ਕਿ ਆਪਣੇ ਭਾਈਵਾਲਾਂ ਨਾਲ ਉੱਚ ਪੱਧਰੀ ਗੱਲਬਾਤ ਦਾ ਇਹ ਅਹਿਮ ਸਮਾਂ ਹੈ। ਅੱਜ ਸ੍ਰੀ ਕੈਰੀ ਨੇ ਇਸ ਮੁੱਦੇ ਉੱਤੇ ਰੂਸ ਤੇ ਚੀਨ ਦੇ ਵਿਦੇਸ਼ ਮੰਤਰੀਆਂ ਨਾਲ ਫੋਨ ਉੱਤੇ ਗੱਲਬਾਤ ਕੀਤੀ।

Facebook Comment
Project by : XtremeStudioz