Close
Menu

ਇਸਤੰਬੁਲ ਦੇ ਸਾਊਦੀ ਦੂਤਾਵਾਸ ਵਿਚ ਹੀ ਹੋਈ ਪੱਤਰਕਾਰ ਖਸ਼ੋਗ਼ੀ ਦੀ ਮੌਤ

-- 22 October,2018

ਰਿਆਧ/ਵਾਸ਼ਿੰਗਟਨ, ਸਾਊਦੀ ਅਰਬ ਨੇ ਸ਼ਨਿਚਰਵਾਰ ਨੂੰ ਸਵੀਕਾਰ ਕਰ ਲਿਆ ਕਿ ਸਾਊਦੀ ਸ਼ਾਸਨ ਦੇ ਆਲੋਚਕ ਤੇ ਪੱਤਰਕਾਰ ਜਮਾਲ ਖਸ਼ੋਗ਼ੀ ਇਸਤੰਬੁਲ ਵਿਚ ਉਨ੍ਹਾਂ ਦੇ ਹੀ ਦੂਤਾਵਾਸ ਵਿਚ ਮਾਰਿਆ ਗਿਆ ਹੈ। ਸਾਊਦੀ ਅਰਬ ਨੇ ਇਹ ਮੰਨਣ ਵਿਚ ਦੋ ਹਫ਼ਤੇ ਤੋਂ ਵੀ ਜ਼ਿਆਦਾ ਸਮਾਂ ਲਿਆ ਕਿ ਪੱਤਰਕਾਰ ਸਾਊਦੀ ਅਧਿਕਾਰੀਆਂ ਹੱਥੋਂ ਹੀ ‘ਬਹਿਸ ਮਗਰੋਂ ਹੋਈ ਹੱਥੋਪਾਈ’ ਵਿਚ ਮਾਰਿਆ ਗਿਆ ਹੈ ਤੇ ਗਲਫ਼ ਅਥਾਰਿਟੀ ਨੇ 18 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਊਦੀ ਸ਼ਾਸਨ ਨੇ ਮੁਲਕ ਦੇ ਡਿਪਟੀ ਇੰਟੈਲੀਜੈਂਸ (ਖੁਫ਼ੀਆ) ਅਧਿਕਾਰੀ ਤੇ ਮੀਡੀਆ ਸਲਾਹਕਾਰ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਪੱਤਰਕਾਰ ਦੀ ਮੌਤ ਬਾਰੇ ਸਾਊਦੀ ਅਰਬ ਵਲੋਂ ਦਿੱਤੀ ਸਫ਼ਾਈ ’ਤੇ ਉਨ੍ਹਾਂ ਨੂੰ ਭਰੋਸਾ ਹੈ। ਜਦਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਪਾਬੰਦੀਆਂ ਲਾਉਣ ਬਾਰੇ ਕਿਹਾ ਸੀ। ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਤੁਰਕੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨਾਲ ਸਬੰਧਤ ਸਾਰੇ ਤੱਥ ਪੇਸ਼ ਕਰੇਗਾ।

ਸਾਊਦੀ ਅਰਬ ਨੂੰ ‘ਹੱਤਿਆ ਦੀ ਖੁੱਲ੍ਹ’ ਨਹੀਂ ਦਿੱਤੀ ਜਾ ਸਕਦੀ

ਪੈਰਿਸ: ਕੌਮਾਂਤਰੀ ਪੱਤਰਕਾਰ ਭਾਈਚਾਰੇ ਨੇ ਵੀ ਇਸ ਮੁੱਦੇ ’ਤੇ ਸਾਊਦੀ ਸ਼ਾਸਨ ਦੀ ਤਿੱਖੀ ਆਲੋਚਨਾ ਕੀਤੀ ਹੈ। ਪੱਤਰਕਾਰਾਂ ਦੀ ਜਥੇਬੰਦੀ ‘ਰਿਪੋਰਟਰਜ਼ ਵਿਦਾਊਟ ਬੌਰਡਰਜ਼’ ਨੇ ਕਿਹਾ ਕਿ ਸਾਊਦੀ ਅਰਬ ਨੂੰ ਇਸ ਹੱਤਿਆ ਤੇ ਹੋਰ ਪੱਤਰਕਾਰਾਂ ਨੂੰ ਬੰਦੀ ਬਣਾਉਣ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ। ਪੈਰਿਸ ਆਧਾਰਿਤ ਇਸ ਜਥੇਬੰਦੀ ਦੇ ਸਕੱਤਰ ਜਨਰਲ ਕ੍ਰਿਸਟੋਫ਼ ਡੇਲੋਅਰ ਨੇ ਕਿਹਾ ਕਿ ਸਾਊਦੀ ਅਰਬ ਨੂੰ ਕਿਸੇ ਦੀ ਵੀ ਹੱਤਿਆ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ।

Facebook Comment
Project by : XtremeStudioz