Close
Menu

ਇਸਰਾਈਲ ਚੋਣਾਂ ਵਿਚ ਨੇਤਨਯਾਹੂ ਦੀ ਪਾਰਟੀ ਨੂੰ ਮਿਲੀ ਜਿੱਤ

-- 20 March,2015

ਯੇਰੂਸ਼ਲਮ, ਪ੍ਰਧਾਨ ਮੰਤਰੀ ਬੈਂਜਮਿਨ ਨੇਤਨਯਾਹੂ ਚੌਥੀ ਵਾਰ ਦੇਸ਼ ਦੇ ਆਗੂ ਬਣ ਰਹੇ ਜਾਪਦੇ ਹਨ ਕਿਉਂਕਿ ਉਨ੍ਹਾਂ ਦੀ ਲਿਕੁਡ ਪਾਰਟੀ ਇਸਰਾਈਲ ਆਮ ਚੋਣਾਂ ਵਿਚ ਹੈਰਾਨੀਜਨਕ ਬਹੁਮਤ ਲੈ ਗਈ ਹੈ। ਉਨ੍ਹਾਂ ਦੀ ਚੋਣ ਮੁਹਿੰਮ ਫਲਸਤੀਨ ਨੂੰ ਰਾਜ ਦਾ ਰੁਤਬਾ ਦਿੱਤੇ ਜਾਣ ਬਾਰੇ ਕੋਈ ਵੀ ਸਮਝੌਤਾ ਨਾ ਕਰਨ ’ਤੇ ਕੇਂਦਰਤ ਸੀ।
ਸਾਰੀਆਂ ਵੋਟਾਂ ਦੀ ਗਿਣਤੀ ਹੋ ਜਾਣ ਮਗਰੋਂ ਨੇਤਨਯਾਹੂ ਦੀ ਪਾਰਟੀ 120 ਮੈਂਬਰੀ ਪਾਰਲੀਮੈਂਟ ਵਿਚ 29 ਸੀਟਾਂ ਲੈ ਕੇ ਇਕੋ-ਇਕ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਇਸ ਦੀ ਮੁੱਖ ਵਿਰੋਧੀ ਜ਼ਿਓਨਿਸਟ ਯੂਨੀਅਨ ਨੂੰ ਇਸਾਕ ਹਰਜ਼ੋਗ ਦੀ ਅਗਵਾਈ ’ਚ ਨੇਤਨਯਾਹੂ ਦੀ ਪਾਰਟੀ ਨਾਲੋਂ ਪੰਜ ਸੀਟਾਂ ਘੱਟ ਮਿਲੀਆਂ ਹਨ। ਨੇਤਨਯਾਹੂ ਦੀ ਚੋਣ ਮੁਹਿੰਮ ਯਹੂਦੀ ਦੇਸ਼ ਲਈ ਜ਼ੋਰਦਾਰ ਸੁਰੱਖਿਆ ਤੇ ਇਰਾਨ ਨੂੰ ਪਰਮਾਣੂ ਸਮਰੱਥਾ ਵਧਾਉਣ ਤੋਂ ਰੋਕਣ ਤੇ ਫਲਸਤੀਨ ਨਾਲ ਅਮਨ ਅਮਲਾਂ ਵਿਚ ਕਿਸੇ ਵੀ ਕਿਸਮ ਦਾ ਸਮਝੌਤਾ ਨਾ ਕਰਨ ’ਤੇ ਕੇਂਦਰਿਤ ਰਹੀ ਸੀ। ਸ਼ੁੱਕਰਵਾਰ ਨੂੰ ਛਪੇ ਚੋਣ ਸਰਵੇਖਣਾਂ ਵਿਚ ਜ਼ਿਓਨਿਸਟ ਯੂਨੀਅਨ ਨੂੰ 4-5 ਸੀਟਾਂ ’ਤੇ ਅੱਗੇ ਦਿਖਾਇਆ ਗਿਆ ਸੀ। ਜੁਆਇੰਟ ਲਿਸਟ ਆਫ ਅਰਬ ਪਾਰਟੀਆਂ ਨੇ ਵੀ 14 ਸੀਟਾਂ ਲੈ ਕੇ ਤੀਜੀ ਵੱਡੀ ਪਾਰਟੀ ਵਜੋਂ ਹਾਜ਼ਰੀ ਲੁਆਈ ਹੈ।
ਕੱਲ੍ਹ ਸਾਰੇ ਇਸਰਾਈਲ ਵਿਚ 10,372 ਪੋਲਿੰਗ ਸਟੇਸ਼ਨਾਂ ’ਤੇ 58.9 ਲੱਖ ਵੋਟਰਾਂ ਨੇ ਵੋਟਾਂ ਪਾਈਆਂ ਸਨ। ਇਹ ਪੋਲਿੰਗ 65.7 ਫੀਸਦੀ ਸੀ। 65 ਸਾਲਾ ਨੇਤਨਯਾਹੂ ਪਿਛਲੇ 9 ਸਾਲ ਤੋਂ ਸੱਤਾ ਵਿਚ ਹਨ ਤੇ ਵੱਡੀ ਜਿੱਤ ਮਗਰੋਂ ਉਨ੍ਹਾਂ ਨੇ ਸੰਭਾਵੀ ਕੁਲੀਸ਼ਨ ਭਾਈਵਾਲ ਨੂੰ ਫੌਰੀ ਸਰਕਾਰ ਬਣਾਉਣ ਲਈ ਗੱਲਬਾਤ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ। ਇਹ ਸਰਕਾਰ ਧਾਰਮਿਕ ਰਾਸ਼ਟਰਵਾਦੀ ਕਿਸਮ ਦੀ ਸਰਕਾਰ ਹੋਏਗੀ। ਉਨ੍ਹਾਂ ਕਿਹਾ ਕਿ ਇਸਰਾਈਲ ਦੇ ਲੋਕ ਚਾਹੁੰਦੇ ਹਨ ਕਿ ਛੇਤੀ ਸਰਕਾਰ ਬਣਾ ਕੇ ਦੇਸ਼ ਦੀ ਸੁਰੱਖਿਆ, ਅਰਥਿਕਤਾ ਤੇ ਸਮਾਜ ਲਈ ਵਾਅਦਿਆਂ ਮੁਤਾਬਕ ਕੰਮ ਸ਼ੁਰੂ ਕਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਕੁਲੀਸ਼ਨ ’ਚ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ ਹੈ। ਜ਼ਿਓਨਿਸਟ ਯੂਨੀਅਨ ਦੇ ਆਗੂ ਹਰਜ਼ੋਗ ਨੇ ਹਾਰ ਸਵੀਕਾਰ ਕਰਦਿਆਂ ਅਹਿਦ ਲਿਆ ਕਿ ਜਿਨ੍ਹਾਂ ਮੁੱਦਿਆਂ ’ਤੇ ਉਹ ਚੋਣ ਲੜਦੇ ਰਹੇ ਹਨ, ਉਨ੍ਹਾਂ ਲਈ ਲੜਾਈ ਜਾਰੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਸਰਾਈਲ ਦੇ ਨਾਗਰਿਕਾਂ ਲਈ ਸਮਾਜਿਕ ਨਿਆਂ, ਡਿਪਲੋਮੈਟਿਕ ਫਰੰਟ, ਬਰਾਬਰਤਾ ਤੇ ਜਮਹੂਰੀਅਤ ਲਈ ਲੜਦੇ ਰਹਿਣਗੇ। ਚੌਥੀ ਵਾਰ ਅਹੁਦੇ ’ਤੇ ਆਉਣ ਦੀ ਸੂਰਤ ਵਿਚ ਨੇਤਨਯਾਹੂ ਦੇਸ਼ ’ਤੇ ਸਭ ਤੋਂ ਲੰਮਾ ਸਮਾਂ ਕੰਮ ਕਰਨ ਵਾਲੇ ਹੋ ਸਕਦੇ ਹਨ। ਉਸ ਦੀ ਜਿੱਤ ਨਾਲ ਫਲਸਤੀਨ ਨਾਲ ਸਬੰਧ ਹੋਰ ਤਣਾਅ ਭਰੇ ਬਣਨਗੇ। ਫਲਸਤੀਨ ਅਥਾਰਟੀ ਦੇ ਮੁੱਖ ਵਾਰਤਾਕਾਰ ਸਾਇਬ ਇਰਿਕਟ ਨੇ ਕਿਹਾ ਕਿ ਕੌਮਾਂਤਰੀ ਅਪਰਾਧਿਕ ਅਦਾਲਤ (ਆਈਸੀਸੀ) ਹੇਗ ਵਿਚ ਉਹ ਆਪਣੇ ਯਤਨ ਤੇਜ਼ ਕਰਨਗੇ।

Facebook Comment
Project by : XtremeStudioz