Close
Menu

ਇਸਰੋ ਨੇ ਸੈਟੇਲਾਈਟ ਜੀਸੈਟ-7ਏ ਛੱਡਿਆ

-- 20 December,2018

ਸ੍ਰੀਹਰੀਕੋਟਾ –ਇਸਰੋ ਦੇ ਜੀਐਸਐਲਵੀ-ਐਫ11 ਨੇ ਬੁੱਧਵਾਰ ਨੂੰ ਮੁਲਕ ਦੇ ਆਧੁਨਿਕ ਉਪਗ੍ਰਹਿ ਜੀਸੈਟ-7ਏ ਨੂੰ ਗ੍ਰਹਿ ਪੰਧ ’ਤੇ ਸਫ਼ਲਤਾਪੂਰਬਕ ਪਾ ਦਿੱਤਾ। ਇਹ ਸੈਟੇਲਾਈਟ ਭਾਰਤੀ ਹਵਾਈ ਸੈਨਾ ਦੀ ਸੰਚਾਰ ਪ੍ਰਣਾਲੀ ਨੂੰ ਹੋਰ ਵਧਾਉਣ ’ਚ ਸਹਾਈ ਹੋਵੇਗਾ। 26 ਘੰਟਿਆਂ ਦੀ ਪੁੱਠੀ ਗਿਣਤੀ ਮਗਰੋਂ 2250 ਕਿਲੋਗ੍ਰਾਮ ਵਜ਼ਨੀ ਜੀਸੈਟ-7ਏ ਨੂੰ ਸ਼ਾਮ 4.10 ਵਜੇ ਸ੍ਰੀਹਰੀਕੋਟਾ ਦੇ ਦੂਜੇ ਲਾਂਚ ਪੈਡ ਤੋਂ ਛੱਡਿਆ ਗਿਆ। ਕਰੀਬ 19 ਮਿੰਟਾਂ ਮਗਰੋਂ ਜੀਐਸਐਲਵੀ-ਐਫ11 ਨੇ ਜੀਸੈਟ-7ਏ ਨੂੰ ਮਿੱਥੇ ਪੰਧ ’ਤੇ ਛੱਡ ਦਿੱਤਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਮੁਤਾਬਕ ਸੈਟੇਲਾਈਟ ਨੂੰ ਲਾਂਚਰ ਤੋਂ ਵੱਖ ਹੋਣ ਮਗਰੋਂ ਤੈਅ ਸਥਾਨ ’ਤੇ ਪੁੱਜਣ ’ਚ ਕੁਝ ਦਿਨ ਲੱਗਣਗੇ। ਜਿਵੇਂ ਹੀ ਸੈਟੇਲਾਈਟ ਨੂੰ ਗ੍ਰਹਿ ਪੰਧ ’ਤੇ ਪਾਇਆ ਗਿਆ ਤਾਂ ਇਸਰੋ ਦੇ ਵਿਗਿਆਨੀਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਮਿਸ਼ਨ ਕੰਟਰੋਲ ਕੇਂਦਰ ਤੋਂ ਇਸਰੋ ਦੇ ਚੇਅਰਮੈਨ ਕੇ ਸਿਵਾਨ ਨੇ ਕਿਹਾ ਕਿ ਬੁੱਧਵਾਰ ਨੂੰ 35 ਦਿਨਾਂ ਦੇ ਅੰਦਰ ਤੀਜੇ ਸੈਟੇਲਾਈਟ ਨੂੰ ਸਫ਼ਲਤਾਪੂਰਬਕ ਅਤੇ ਸੁਰੱਖਿਅਤ ਢੰਗ ਨਾਲ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੀਐਸਐਲਵੀ ਨੇ ਸਭ ਤੋਂ ਭਾਰੀ ਸੈਟੇਲਾਈਟ ਨੂੰ ਪੁਲਾੜ ’ਚ ਪਹੁੰਚਾਇਆ ਹੈ। ਸ੍ਰੀ ਸਿਵਾਨ ਨੇ ਕਿਹਾ ਕਿ ਹਫ਼ਤਾ ਕੁ ਪਹਿਲਾਂ ਮੌਸਮ ਠੀਕ ਨਾ ਰਹਿਣ ਕਰਕੇ ਮਿਸ਼ਨ ਦੀ ਸਫ਼ਲਤਾ ਪ੍ਰਤੀ ਵਿਗਿਆਨੀਆਂ ਦੇ ਮਨਾਂ ’ਚ ਸ਼ੰਕੇ ਸਨ ਪਰ ਮੌਸਮ ਵਿਭਾਗ ਦੀ ਪੇਸ਼ੀਨਗੋਈ ਨੇ ਉਨ੍ਹਾਂ ਨੂੰ ਹੁਲਾਰਾ ਦਿੱਤਾ ਸੀ।

Facebook Comment
Project by : XtremeStudioz