Close
Menu

ਇਸ ਹਫਤੇ ਮਾਲੀ ਤੇ ਸੈਨੇਗਲ ਦਾ ਦੌਰਾ ਕਰਨਗੇ ਰੱਖਿਆ ਮੰਤਰੀ

-- 03 November,2016

ਓਟਵਾ, ਰੱਖਿਆ ਮੰਤਰੀ ਹਰਜੀਤ ਸੱਜਣ ਇਸ ਹਫਤੇ ਦੇ ਅਖੀਰ ਵਿੱਚ ਮਾਲੀ ਤੇ ਸੈਨੇਗਲ ਦਾ ਦੌਰਾ ਕਰਨਗੇ। ਇਹ ਮੰਨਿਆ ਜਾ ਰਿਹਾ ਹੈ ਕਿ ਲਿਬਰਲ ਸਰਕਾਰ ਇਹ ਸੋਚ ਵਿਚਾਰ ਕਰ ਰਹੀ ਹੈ ਕਿ ਸੈਂਕੜੇ ਪੀਸਕੀਪਰਜ਼ ਨੂੰ ਕਿੱਥੇ ਭੇਜਿਆ ਜਾਵੇ।
ਮਾਲੀ ਵਿੱਚ ਸੱਜਣ ਦਾ ਪੜਾਅ ਕਾਫੀ ਅਹਿਮ ਹੋਵੇਗਾ ਕਿਉਂਕਿ ਇਸ ਪੱਛਮੀ ਅਫਰੀਕੀ ਮੁਲਕ ਨੂੰ ਕੈਨੇਡੀਅਨ ਮਿਸ਼ਨ ਲਈ ਸੱਭ ਤੋਂ ਉਮਦਾ ਮੰਨਿਆ ਜਾ ਰਿਹਾ ਹੈ। ਅਪਰੈਲ 2013 ਵਿੱਚ ਬਾਗੀਆਂ ਤੇ ਇਸਲਾਮਿਕ ਸੈਨਾਵਾਂ ਨੇ ਦੇਸ਼ ਦੇ ਉੱਤਰੀ ਹਿੱਸੇ ਉੱਤੇ ਨਿਯੰਤਰਣ ਕਰ ਲਿਆ ਸੀ ਤਾਂ ਉਨ੍ਹਾਂ ਨੂੰ ਖਦੇੜਨ ਲਈ ਸੰਯੁਕਤ ਰਾਸ਼ਟਰ ਨੇ ਮਿਨੁਸਮਾ ਨਾਂ ਦਾ ਆਪਰੇਸ਼ਨ ਚਲਾਇਆ ਸੀ।
ਇਸ ਸਮੇਂ ਸੰਯੁਕਤ ਰਾਸ਼ਟਰ ਸੈਨਾਵਾਂ ਵਜੋਂ 13000 ਫੌਜੀ ਟੁਕੜੀਆਂ ਤੇ 2,000 ਪੁਲਿਸ ਕਰਮਚਾਰੀ ਹਨ। ਇਨ੍ਹਾਂ ਵਿੱਚ ਜਰਮਨੀ, ਨੀਦਰਲੈਂਡਜ਼ ਤੇ ਸਵੀਡਨ ਆਦਿ ਦੀਆਂ ਫੌਜਾਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਅਫਰੀਕਾ ਤੇ ਦੱਖਣੀ ਏਸ਼ੀਆ ਦੇ ਵਫਦ ਵੀ ਸ਼ਾਮਲ ਹਨ। ਇਹ ਮਿਸ਼ਨ ਕਾਫੀ ਗੁੰਝਲਦਾਰ ਹੈ ਤੇ ਇਸ ਵਿੱਚ ਸਥਾਨਕ ਸੈਨਾਵਾਂ ਨੂੰ ਆਮ ਨਾਗਰਿਕਾਂ ਦੀ ਹਿਫਾਜ਼ਤ ਦੀ ਸਿਖਲਾਈ ਦੇਣ ਤੋਂ ਇਲਾਵਾ ਅੱਤਵਾਦੀਆਂ ਨਾਲ ਵੀ ਸਿੱਝਣਾ ਪੈਂਦਾ ਹੈ।
ਸੱਜਣ ਦੇ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਚਾਰ ਰੋਜ਼ਾ ਦੋ ਦੇਸ਼ਾਂ ਦਾ ਇਹ ਦੌਰਾ ਜਾਣਕਾਰੀ ਇੱਕਠੀ ਕਰਨ ਲਈ ਹੈ। ਇਸ ਨੂੰ ਮਾਲੀ ਮਿਸ਼ਨ ਵਿੱਚ ਕੈਨੇਡਾ ਦੀ ਸ਼ਮੂਲੀਅਤ ਦਾ ਸੰਕੇਤ ਨਹੀਂ ਮੰਨਿਆ ਜਾਣਾ ਚਾਹੀਦਾ। ਇਸ ਤੋਂ ਪਹਿਲਾਂ ਅਗਸਤ ਦੇ ਮਹੀਨੇ ਰੱਖਿਆ ਮੰਤਰੀ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਦਾ ਦੌਰਾ ਕਰ ਚੁੱਕੇ ਹਨ।

Facebook Comment
Project by : XtremeStudioz