Close
Menu

ਇੰਗਲੈਂਡ ਤੋਂ ਪਹਿਲਾਂ ਭਾਰਤ ਸਾਹਮਣੇ ਆਇਰਲੈਂਡ ਦੀ ਚੁਣੌਤੀ

-- 27 June,2018

ਡਬਲਿਨ, ਭਾਰਤੀ ਕ੍ਰਿਕਟ ਟੀਮ ਬਰਤਾਨੀਆ ਦੇ ਲੰਮੇ ਦੌਰੇ ਦੀ ਸ਼ੁਰੂਆਤ ਬੁੱਧਵਾਰ ਨੂੰ ਇੱਥੇ ਆਇਰਲੈਂਡ ਖ਼ਿਲਾਫ਼ ਦੋ ਟੀ-20 ਮੈਚਾਂ ਦੀ ਲੜੀ ਨਾਲ ਕਰੇਗੀ। ਇਸ ਮੈਚ ਨਾਲ ਟੀਮ ਇੰਗਲੈਂਡ ਦੌਰੇ ਦੀ ਤਿਆਰੀ ਵੀ ਕਰੇਗੀ, ਜੋ ਸੰਖੇਪ ਲੜੀ ਮਗਰੋਂ ਸ਼ੁਰੂ ਹੋਵੇਗਾ। ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਇੰਗਲੈਂਡ ਦੀ ਟੀਮ ਨੇ ਇੱਕ ਰੋਜ਼ਾ ਲੜੀ ਵਿੱਚ ਆਸਟਰੇਲੀਆ ’ਤੇ 5-0 ਮੈਚਾਂ ਨਾਲ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਇੰਗਲੈਂਡ ਦੀ ਸਖ਼ਤ ਚੁਣੌਤੀ ਨੂੰ ਵੇਖਦਿਆਂ ਭਾਰਤੀ ਟੀਮ ਆਇਰਲੈਂਡ ਖ਼ਿਲਾਫ਼ ਮੈਚ ਦੀ ਤਿਆਰੀ ਅਤੇ ਅਭਿਆਸ ਲਈ ਲੰਡਨ ਵਿੱਚ ਹੀ ਰੁਕੀ ਰਹੀ। ਟੀਮ ਨੇ ਸ਼ਨਿਚਰਵਾਰ ਨੂੰ ਇੱਥੇ ਪਹੁੰਚਣ ਮਗਰੋਂ ਮਰਚੈਂਟਜ਼ ਟ੍ਰੇਲਰ ਸਕੂਲ ਕ੍ਰਿਕਟ ਗਰਾਉਂਡ ਵਿੱਚ ਪਹਿਲੇ ਅਭਿਆਸ ਸੈਸ਼ਨ ਵਿੱਚ ਭਾਗ ਲਿਆ। ਸੂਤਰਾਂ ਮੁਤਾਬਕ ਟੀਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਉਮੇਸ਼ ਯਾਦਵ ਅਤੇ ਭੁਵਨੇਸ਼ਵਰ ਕੁਮਾਰ ਨੇ ਹਰਫ਼ਨਮੌਲਾ ਹਾਰਦਿਕ ਪਾਂਡੇ ਨਾਲ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕੀਤੀ, ਜਦਕਿ ਕੁੱਝ ਨੇ ਫੀਲਡਿੰਗ ਦਾ ਅਭਿਆਸ ਕੀਤਾ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਬੱਲੇਬਾਜ਼ੀ ਵਿੱਚ ਅਭਿਆਸ ਕੀਤਾ। ਕਪਤਾਨ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਨੇ ਨੈੱਟ ’ਤੇ ਫ਼ਿਰਕੀ ਅਤੇ ਤੇਜ਼ ਗੇਂਦਬਾਜ਼ਾਂ ਖ਼ਿਲਾਫ਼ ਇਕੱਠਿਆਂ ਬੱਲੇਬਾਜ਼ੀ ਕੀਤੀ। ਦੱਖਣੀ ਅਫਰੀਕਾ ਦੌਰੇ ਮਗਰੋਂ ਪਹਿਲੀ ਵਾਰ ਭਾਰਤ ਦੀ ਸਭ ਤੋਂ ਮਜ਼ਬੂਤ ਟੀਮ ਮੈਦਾਨ ’ਤੇ ਉਤਰੇਗੀ। ਇਸ ਦੌਰਾਨ ਪੰਜਾਬ ਵਿੱਚ ਜਨਮੇ ਆਇਰਲੈਂਡ ਦੇ 31 ਸਾਲਾ ਫ਼ਿਰਕੀ ਗੇਂਦਬਾਜ਼ ਸਿਮਰਨਜੀਤ ਸਿੰਘ ’ਤੇ ਵੀ ਸਭ ਦੀਆਂ ਨਜ਼ਰਾਂ ਹੋਣਗੀਆਂ।

Facebook Comment
Project by : XtremeStudioz