Close
Menu

ਇੰਟਰਪੋਲ ਨੇ ਮੁਸ਼ੱਰਫ਼ ਦੀ ਗਿ੍ਫ਼ਤਾਰੀ ਦੀ ਬੇਨਤੀ ਠੁਕਰਾਈ

-- 30 August,2018

ਇਸਲਾਮਾਬਾਦ, ਪਾਕਿਸਤਾਨ ਸਰਕਾਰ ਨੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਦੇ ਖ਼ਿਲਾਫ਼ ਦੇਸ਼ ਧਰੋਹ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਵਿਸ਼ੇਸ਼ ਅਦਾਲਤ ਨੂੰ ਅੱਜ ਦੱਸਿਆ ਕਿ ਮੁਸ਼ੱਰਫ਼ ਨੂੰ ਗਿ੍ਫ਼ਤਾਰ ਕਰਨ ਦੇ ਉਨ੍ਹਾਂ ਦੇ ਆਦੇਸ਼ ਨੂੰ ਇੰਟਰਪੋਲ ਨੇ ਇਹ ਕਹਿੰਦਿਆਂ ਠੁਕਰਾ ਦਿੱਤਾ ਹੈ ਕਿ ਉਹ ਰਾਜਨੀਤਕ ਮਾਮਲੇ ਵਿੱਚ ਦਖ਼ਲ ਨਹੀਂ ਦੇਣਾ ਚਾਹੁੰਦੀ ਹੈ।
ਦੁਬਈ ਵਿੱਚ ਰਹਿ ਰਹੇ ਪਰਵੇਜ਼ ਮੁਸ਼ੱਰਫ਼ ਦੇ ਖ਼ਿਲਾਫ਼ ਦੇਸ਼ ਧਰੋਹ ਦੇ ਮਾਮਲੇ ਦੀ ਸੁਣਵਾਈ ਟ੍ਰਿਬਿਊਨਲ ਵੱਲੋਂ ਫਿਰ ਤੋਂ ਸ਼ੁਰੂ ਕੀਤੇ ਜਾਣ ਤੋਂ ਬਾਅਦ ਸਰਕਾਰ ਦਾ ਇਹ ਜਵਾਬ ਆਇਆ ਹੈ। ਮੁਸ਼ੱਰਫ਼ ’ਤੇ ਦੇਸ਼ ਵਿੱਚ ਐਮਰਜੈਂਸੀ ਲਗਾ ਕੇ 2007 ਵਿੱਚ ਸੰਵਿਧਾਨ ਨੂੰ ਦਰਕਿਨਾਰ ਕਰਨ ਦਾ ਮਾਮਲਾ ਦਰਜ ਹੈ।
ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਮੁਸ਼ੱਰਫ਼ ਪਾਕਿਸਤਾਨ ਆਉਣ ਤੋਂ ਕਈ ਵਾਰ ਮਨ੍ਹਾ ਕਰ ਚੁੱਕੇ ਹਨ। ਗ੍ਰਹਿ ਮੰਤਰਾਲੇ ਨੇ ਮੁਸ਼ੱਰਫ਼ ਨੂੰ ਦੇਸ਼ ਵਾਪਸ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ ’ਤੇ ਜਵਾਬ ਦਿੰਦਿਆਂ ਅਦਾਲਤ ਨੂੰ ਦੱਸਿਆ ਇੰਟਰਪੋਲ ਨੂੰ ਰੈੱਡ ਵਾਰੰਟ ਜਾਰੀ ਕਰਨ ਲਈ ਪੱਤਰ ਲਿਖਿਆ ਗਿਆ ਸੀ ਪਰ ਇੰਟਰਪੋਲ ਨੇ ਇਹ ਕਹਿੰਦੇ ਹੋਏ ਪੱਤਰ ਵਾਪਸ ਕਰ ਦਿੱਤਾ ਕਿ ਉਹ ਰਾਜਨੀਤਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਨਹੀਂ ਕਰੇਗੀ। ਗ੍ਰਹਿ ਸਕੱਤਰ ਨੇ ਦੱਸਿਆ, ‘‘ਸਰਕਾਰ ਨੇ ਮੁਸ਼ੱਰਫ਼ ਨੂੰ ਵਾਪਸ ਲਿਆਉਣ ਲਈ ਇੰਟਰਪੋਲ ਨਾਲ ਸੰਪਰਕ ਕੀਤਾ ਸੀ ਪਰ ਉਨ੍ਹਾਂ ਨੇ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ।’’

Facebook Comment
Project by : XtremeStudioz