Close
Menu

ਇੰਡੀਅਨ ਅਸੇਸ ਨੇ ਜਿੱਤਿਆ ਆਈ. ਪੀ. ਟੀ. ਐੱਲ. ਖਿਤਾਬ

-- 15 December,2014

ਆਬੂਧਾਬੀ – ਇੰਡੀਅਨ ਅਸੇਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇੰਟਰਨੈਸ਼ਨਲ ਪ੍ਰੀਮੀਅਰ ਟੈਨਿਸ ਲੀਗ (ਆਈ. ਪੀ. ਟੀ. ਐੱਲ.) ਦਾ ਖਿਤਾਬ ਜਿੱਤ ਲਿਆ।
ਇਥੇ ਚੱਲ ਰਹੇ ਆਈ. ਪੀ. ਟੀ. ਐੱਲ. ਦੇ ਚੌਥੇ ਤੇ ਆਖਰੀ ਗੇੜ ਵਿਚ ਸ਼ਨੀਵਾਰ ਨੂੰ, ਹਾਲਾਂਕਿ ਇੰਡੀਅਨ ਅਸੇਸ ਨੂੰ ਯੂ. ਏ. ਈ. ਰਾਇਲਜ਼ ਤੋਂ 15-29 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਟੂਰਨਾਮੈਂਟ ਵਿਚ 12 ਮੁਕਾਬਲਿਆਂ ਵਿਚੋਂ 8 ਜਿੱਤਾਂ ਤੇ 4 ਹਾਰਾਂ ਨਾਲ ਸਭ ਤੋਂ ਵੱਧ 39 ਅੰਕ ਲੈ ਕੇ ਉਹ ਚੋਟੀ ‘ਤੇ ਰਹੀ ਤੇ ਆਈ. ਪੀ. ਟੀ. ਐੱਲ. ਦੇ ਉਦਘਾਟਨੀ ਸੈਸ਼ਨ ਦੀ ਚੈਂਪੀਅਨ ਬਣੀ।
ਯੂ. ਏ. ਈ. ਰਾਇਲਜ਼ ਦੀ ਟੀਮ 12 ਮੁਕਾਬਲਿਆਂ ਵਿਚੋਂ 37 ਅੰਕ ਲੈ ਕੇ ਦੂਜੇ ਸਥਾਨ ‘ਤੇ ਰਹੀ। ਉਸ ਨੇ ਸੱਤ ਮੈਚ ਜਿੱਤੇ ਤੇ ਪੰਜ ਹਾਰੇ। ਮਨੀਲਾ ਮੇਵਰਿਕਸ 6 ਜਿੱਤਾਂ ਤੇ ਇੰਨੀਆਂ ਹੀ ਹਾਰਾਂ ਨਾਲ 35 ਅੰਕ ਲੈ ਕੇ ਤੀਜੇ ਨੰਬਰ ‘ਤੇ ਰਹੀ, ਜਦਕਿ ਸਿੰਗਾਪੁਰ ਸਲੈਮਰਸ 12 ਮੁਕਾਬਲਿਆਂ ਵਿਚੋਂ 3 ਜਿੱਤਾਂ ਤੇ 9 ਹਾਰਾਂ ਨਾਲ 24 ਅੰਕ ਲੈ ਕੇ ਆਖਰੀ ਸਥਾਨ ‘ਤੇ ਰਿਹਾ।
17 ਗ੍ਰੈਂਡ ਸਲੈਮ ਖਿਤਾਬਾਂ ਦੇ ਬਾਦਸ਼ਾਹ ਤੇ ਦੁਨੀਆ ਦੇ ਨੰਬਰ ਦੋ ਖਿਡਾਰੀ ਰੋਜਰ ਫੈਡਰਰ, ਪੀਟਰ ਸੈਮਪ੍ਰਾਸ, ਏਨਾ ਇਵਾਨੋਵਿਕ, ਗਾਇਲ ਮੌਂਫਿਲਸ , ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਵਰਗੇ ਸਟਾਰ ਖਿਡਾਰੀਆਂ ਵਾਲੀ ਇੰਡੀਅਨ ਅਸੇਸ ਦੀ ਟੀਮ ਨੇ ਟੂਰਨਾਮੈਂਟ ਵਿਚ ਸ਼ੁਰੂ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਦਿੱਲੀ ਗੇੜ ਵਿਚ ਫੈਡਰਰ ਨੇ ਟੀਮ ਦੀ ਜਿੱਤ ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਖਿਤਾਬੀ ਮੰਜ਼ਿਲ ਤਕ ਪਹੁੰਚਾਉਣ ਵਿਚ ਮਦਦ ਕੀਤੀ।
ਹਾਲਾਂਕਿ ਆਈ. ਪੀ. ਟੀ. ਐੱਲ. ਦੇ ਆਖਰੀ ਮੁਕਾਬਲੇ ਵਿਚ ਇੰਡੀਅਨ ਅਸੇਸ ਨੂੰ ਯੂ. ਏ. ਈ. ਰਾਇਲਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਨਾਲ ਚੈਂਪੀਅਨ ਬਣਨ ਦੀ ਉਸ ਦੀ ਰਾਹ ਵਿਚ ਕੋਈ ਅੜਿੱਕਾ ਨਹੀਂ ਆਇਆ।

Facebook Comment
Project by : XtremeStudioz