Close
Menu

ਇੰਡੀਅਨ ਵੈੱਲਜ਼: ਜੋਕੋਵਿਚ ਤੇ ਹੈਲੇਪ ਬਣੇ ਚੈਂਪੀਅਨ

-- 24 March,2015

ਇੰਡੀਅਨ ਵੈੱਲਜ਼, ਵਿਸ਼ਵ ਦੇ ਅੱਵਲ ਨੰਬਰ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋੋਕੋਵਿਚ ਅਤੇ ਰੋਮਾਨੀਆ ਦੀ ਸਿਮੋਨਾ ਹੈਲੇਪ ਨੇ ਇਥੇ ਇੰਡੀਅਨ ਵੈੱਲਜ਼ ਟੈਨਿਸ ਟੂਰਨਾਮੈਂਟ ਵਿੱਚ ਕ੍ਰਮਵਾਰ ਪੁਰਸ਼ ਤੇ ਮਹਿਲਾ ਸਿੰਗਲਜ਼ ਵਰਗ ਦੇ ਖ਼ਿਤਾਬ ਜਿੱਤੇ ਹਨ। ਜੋਕੋਵਿਚ ਨੇ ਫਾਈਨਲ ਵਿੱਚ ਸਵਿਟਜ਼ਰਲੈਂਡ ਦੇ ਰੌਜਰ ਫੈਡਰਰ ਨੂੰ 6-3, 6-7, 6-2 ਨਾਲ ਹਰਾਇਆ।

ਸਰਬੀਅਨ ਖਿਡਾਰੀ ਨੇ ਚੌਥੀ ਵਾਰ ਇਹ ਖ਼ਿਤਾਬ ਜਿੱਤ ਕੇ ਫੈਡਰਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਜੋਕੋਵਿਚ ਦੀ 38 ਮੈਚਾਂ ਵਿੱਚ ਫੈਡਰਰ ਖ਼ਿਲਾਫ਼ ਇਹ 18ਵੀਂ ਜਿੱਤ ਸੀ ਜਦੋਂ ਕਿ ਫੈਡਰਰ ਨੇ 20 ਮੈਚ ਜਿੱਤੇ ਹਨ। ਜੋਕੋਵਿਚ ਨੇ ਪਿਛਲੇ ਸਾਲ ਵੀ ਫੈਡਰਰ ਨੂੰ ਹਰਾ ਕੇ ਇਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ ਸੀ। ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਹੈਲੇਪ ਨੇ ਸਾਬਕਾ ਚੈਂਪੀਅਨ ਯੇਲੇਨਾ ਯਾਂਕੋਵਿਚ ਨੂੰ 2-6, 7-5, 6-4 ਨਾਲ ਹਰਾ ਕੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਖ਼ਿਤਾਬੀ ਜਿੱਤ ਦਰਜ ਕੀਤੀ ਹੈ। ਰੋਮਾਨੀਆ ਦੀ 23 ਸਾਲਾ ਹੈਲੇਪ ਸਰਬੀਆ ਦੀ ਯਾਂਕੋਵਿਚ ਨੂੰ ਹਰਾ ਕੇ ਇਸ ਸਾਲ ਤਿੰਨ ਡਬਲਿਊਟੀਏ ਖ਼ਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਬਣ ਗਈ ਹੈ। ਹੈਲੇਪ ਨੇ ਦੋ ਘੰਟੇ ਤੇ 37 ਮਿੰਟ ਤਕ ਚੱਲੇ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ ਹੈ।

ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਫੈਡਰਰ ਨੇ ਦੂਜੇ ਸੈੱਟ ਵਿੱਚ ਵਾਪਸੀ ਕਰਦਿਆਂ 4-3 ਨਾਲ ਲੀਡ ਲਈ ਪਰ ਜੋਕੋਵਿਚ ਨੇ ਫਿਰ 504 ਦੀ ਲੀਡ ਹਾਸਲ ਕਰਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਪਰ ਕੁਝ ਗਲਤੀਆਂ ਕਾਰਨ ਫੈਡਰਰ ਨੇ ਟਾਈਬ੍ਰੇਕਰ ਵਿੱਚ ਇਹ ਸੈੱਟ ਜਿੱਤ ਲਿਆ। ਹਾਲਾਂਕਿ ਇਸ ਬਾਅਦ ਸਰਬੀਅਨ ਖਿਡਾਰੀ ਨੇ ਫੈਡਰਰ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਆਪਣੇ ਕਰੀਅਰ ਦਾ 50ਵਾਂ ਏਟੀਪੀ ਖ਼ਿਤਾਬ ਜਿੱਤ ਲਿਆ।ਖ਼ਿਤਾਬ ਜਿੱਤਣ ਬਾਅਦ ਜੋਕੋਵਿਚ ਨੇ ਕਿਹਾ, ‘ਮੈਂ ਆਪਣੇ ਕਰੀਅਰ ਦੇ ਸਿਖ਼ਰ ’ਤੇ ਹਾਂ। ਮੈਂ ਜ਼ਿਆਦਾ ਤੋਂ ਜ਼ਿਆਦਾ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਕਰੂੰਗਾ। ਜਦੋਂ ਮੈਂ ਫੈਡਰਰ ਖ਼ਿਲਾਫ਼ ਖੇਡਦਾ ਹਾਂ ਤਾਂ ਤੁਸੀਂ ਮੇਰੇ ਤੋਂ ਕੁੱਝ ਉਮੀਦ ਕਰਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਕੀ ਹੈ। ਮੈਂ ਜਿੱਤ ਬਾਅਦ ਰਾਹਤ ਮਹਿਸੂਸ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਇਸ ਖ਼ਿਤਾਬ ਦਾ ਹੱਕਦਾਰ ਹਾਂ ਕਿਉਂਕਿ ਮੈਂ ਅਸਲ ਵਿੱਚ ਕਰਡ਼ਾ ਸੰਘਰਸ਼ ਕੀਤਾ ਹੈ।

Facebook Comment
Project by : XtremeStudioz