Close
Menu

ਇੰਡੀਅਨ ਵੈੱਲਜ਼: ਸਾਨੀਆ-ਹਿੰਗਿਸ ਚੈਂਪੀਅਨ

-- 23 March,2015

ਇੰਡੀਅਨ ਵੈੱਲਜ਼,  ਭਾਰਤ ਦੀ ਟੈਨਿਸ ਸਨਸਨੀ  ਸਾਨੀਆ ਮਿਰਜ਼ਾ ਅਤੇ ਉਸ ਦੀ ਜੋਡ਼ੀਦਾਰ ਸਵਿਟਜ਼ਰਲੈਂਡ ਦੀ ਮਾਰਟੀਨਾ ਹਿੰਗਿਸ ਨੇ ਇੰਡੀਅਨ ਵੈੱਲਜ਼ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਇਸ ਜੋਡ਼ੀ ਨੇ ਫਾਈਨਲ ਵਿੱਚ ਰੂਸ ਦੀ ਇਕੇਤਰਿਨਾ ਮਾਕਾਰੋਵਾ ਅਤੇ ਇਲੀਨਾ ਵੈਸਨੀਨਾ ਦੀ ਜੋਡ਼ੀ ਨੂੰ ਲਗਾਤਾਰ ਸੈੱਟਾਂ ਵਿੱਚ 6-3, 6-4 ਨਾਲ ਹਰਾਇਆ। ਦੱਸਣਯੋਗ ਹੈ ਕਿ ਸਾਨੀਆ ਨੇ ਕੁਝ ਹਫ਼ਤੇ ਪਹਿਲਾਂ ਹੀ ਹਿੰਗਿਸ ਨਾਲ ਜੋਡ਼ੀ ਬਣਾਈ ਸੀ। ਇਸ ਜਿੱਤ ਦੇ ਨਾਲ ਹੀ ਸਾਨੀਆ ਭਲਕੇ ਜਾਰੀ ਹੋਣ ਵਾਲੀ ਡਬਲਿਊਟੀਏ ਰੈਂਕਿੰਗ ਵਿੱਚ ਆਪਣੇ ਕਰੀਅਰ ਦੀ ਸਰਵੋਤਮ ਤੀਜੀ ਰੈਂਕਿੰਗ ਹਾਸਲ ਕਰ ਲਵੇਗੀ।
ਦੱਸਣਯੋਗ ਹੈ ਕਿ ਸਾਨੀਆ ਦਾ ਸੀਜ਼ਨ ਦਾ ਇਹ ਦੂਜਾ ਅਤੇ ਕੁੱਲ 24ਵਾਂ ਖ਼ਿਤਾਬ ਹੈ। ਸਾਨੀਆ ਨੇ ਆਪਣੇ ਕਰੀਅਰ ਵਿੱਚ ਤਿੰਨੇ ਗਰੈਂਡ ਸਲੈਮ ਖ਼ਿਤਾਬ ਮਿਕਸਡ ਡਬਲਜ਼ ਵਿੱਚ ਜਿੱਤੇ ਹਨ। ਹਿੰਗਿਸ ਨੇ ਆਪਣੇ ਕਰੀਅਰ ’ਚ ਕੁੱਲ 11 ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ, ਜਿਨ੍ਹਾਂ ਵਿੱਚ ਨੌਂ ਡਬਲਜ਼ ਅਤੇ ਦੋ ਮਿਕਸਡ ਡਬਲਜ਼ ਖ਼ਿਤਾਬ ਸ਼ਾਮਲ ਹਨ। ਇਸ ਟੂਰਨਾਮੈਂਟ ਵਿੱਚ ਸਾਨੀਆ ਤੇ ਹਿੰਗਿਸ ਦੀ ਜੋਡ਼ੀ ਨੂੰ ਸਿਖ਼ਰਲੀ ਰੈਂਕਿੰਗ ਮਿਲੀ ਸੀ ਅਤੇ ਉਨ੍ਹਾਂ ਨੇ ਖਿਤਾਬੀ ਮੁਕਾਬਲੇ ਵਿੱਚ ਦੂਜੀ ਸੀਡ ਰੂਸੀ ਜੋਡ਼ੀ ਨੂੰ ਹਰਾਇਆ। ਸਾਨੀਆ ਤੇ ਹਿੰਗਿਸ ਦੀ ਜੋਡ਼ੀ ਦੂਜੇ ਸੈੱਟ ਵਿੱਚ 2-4 ਨਾਲ ਪਛਡ਼ ਗਈ ਸੀ ਪਰ ਉਸ ਨੇ ਜਬਰਦਸਤ ਵਾਪਸੀ ਕਰਦਿਆਂ ਲਗਾਤਾਰ ਚਾਰ ਗੇਮ ਜਿੱਤ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਇਸ ਜਿੱਤ ਬਾਅਦ ਸਾਨੀਆ ਨੇ ਕਿਹਾ, ‘ਕਾਗਜ਼ਾਂ ’ਤੇ ਬੇਸ਼ੱਕ ਸਾਡੀ ਟੀਮ ਮਜ਼ਬੂਤ ਹੈ ਪਰ ਕੋਰਟ ’ਤੇ ਉਤਰਨ ਬਾਅਦ ਬਹੁਤ ਕੁਝ ਬਦਲ ਜਾਂਦਾ ਹੈ। ਮੈਨੂੰ ਖੁਸ਼ੀ ਹੈ ਕਿ ਅਸੀਂ ਬਿਨਾਂ ਸੈੱਟ ਗੁਆਏ ਸ਼ਾਨਦਾਰ ਜਿੱਤ ਦਰਜ ਕੀਤੀ। ਹਿੰਗਿਸ ਦੁਨੀਆਂ ਦੀਆਂ ਬਿਹਤਰੀਨ ਖਿਡਾਰਨਾਂ ਵਿੱਚੋਂ ਇਕ ਹੈ ਅਤੇ ਉਸ ਨਾਲ ਜੋਡ਼ੀ ਬਣਾਉਣਾ ਸ਼ਾਨਦਾਰ ਅਨੁਭਵ ਹੈ।’ ਖ਼ਿਤਾਬ ਜਿੱਤਣ ਬਾਅਦ ਸਵਿੱਸ ਖਿਡਾਰਨ ਨੇ ਕਿਹਾ, ‘ਮੈਂ ਸਾਨੀਆ ਨਾਲ ਅਜਿਹੀ ਹੀ ਸ਼ੁਰੂਆਤ ਦੀ ਉਮੀਦ ਕਰ ਰਹੀ ਸੀ। ਸਾਨੀਆ ਕੋਲ ਜ਼ੋਰਦਾਰ ਫੋਰਹੈਂਡ ਹੈ ਅਤੇ ਉਹ ਬਹੁਤ ਚੰਗਾ ਖੇਡਦੀ ਹੈ। ਇਸ ਖ਼ਿਤਾਬੀ ਜਿੱਤ ਨਾਲ ਸਾਨੂੰ ਦੋਹਾਂ ਨੂੰ ਅੱਗੇ ਵਧਣ ਵਿੱਚ ਕਾਫ਼ੀ ਫਾਇਦਾ ਮਿਲੇਗਾ।’

Facebook Comment
Project by : XtremeStudioz