Close
Menu

ਇੰਡੀਅਨ ਵੈੱਲਜ਼: ਸੈਮੀ ਫਾਈਨਲ ’ਚ ਮੱਰੇ ਤੇ ਜੋਕੋਵਿਚ ਦੀ ਹੋਵੇਗੀ ਟੱਕਰ

-- 21 March,2015

ਇੰਡੀਅਨ ਵੈੱਲਜ਼,ਬ੍ਰਿਟੇਨ ਦੇ ਅੈਂਡੀ ਮੱਰੇ ਨੇ ਇੰਡੀਅਨ ਵੈੱਲਜ਼ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਦਾਖ਼ਲਾ ਹਾਸਲ ਕਰ ਲਿਆ ਹੈ। ਉਹ ਹੁਣ ਸਰਬੀਆ ਦੇ ਨੋਵਾਕ ਜੋਕੋਵਿਚ ਨਾਲ ਮੱਥਾ ਲਾਵੇਗਾ। ਮੱਰੇ ਨੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਸਪੇਨ ਦੇ ਫੇਲਿਸਿਆਨੋ ਲੋਪੇਜ਼ ਨੂੰ ਲਗਾਤਾਰ ਸੈੱਟਾਂ ਵਿੱਚ 6-3, 6-4 ਨਾਲ ਮਾਤ ਦਿੱਤੀ। ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਜੋਕੋਵਿਚ ਨੇ ਆਸਟਰੇਲੀਆ ਦੇ ਬੇਨਾਰਡ ਟਾਮਿਕ ਦੇ ਪਿੱਠ ਦਰਦ ਕਾਰਨ ਮੈਚ ਵਿੱਚੋਂ ਹਟਣ ਕਾਰਨ ਸੈਮੀ ਫਾਈਨਲ ਵਿੱਚ ਜਗ੍ਹਾ ਬਣਾ ਲਈ। ਮੱਰੇ ਨੇ ਇਸ ਮੈਚ ਵਿੱਚ ਜਿੱਤ ਦਰਜ ਕਰਨ ਦੇ ਨਾਲ ਹੀ ਬ੍ਰਿਟੇਨ ਦੇ ਸਭ ਤੋਂ ਸਫ਼ਲ ਟੈਨਿਸ ਖਿਡਾਰੀ ਟਿਮ ਹੈਨਮੈਨ ਨੂੰ ਪਛਾਡ਼ ਕੇ ਸਿੰਗਲਜ਼ ਵਿੱਚ ਸਭ ਤੋਂ ਵੱਧ 497 ਮੈਚ ਜਿੱਤਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਮਹਿਲਾਵਾਂ ਦੇ ਸਿੰਗਲਜ਼ ਵਰਗ ਵਿੱਚ ਜਰਮਨੀ ਦੀ ਸਬਾਇਨ ਲਿਸਿਕੀ ਨੇ ਸਾਬਕਾ ਚੈਂਪੀਅਨ ਇਟਲੀ ਦੀ ਫਲੈਵੀਆ ਪੈਨੇਟਾ ਨੂੰ 6-4, 6-7, 7-6 ਨਾਲ ਹਰਾ ਕੇ ਆਖਰੀ ਚੌਹਾਂ ਵਿੱਚ ਜਗ੍ਹਾ ਬਣਾ ਲਈ ਹੈ। 24ਵੀਂ ਸੀਡ ਲਿਸਿਕੀ ਦਾ ਸੈਮੀ ਫਾਈਨਲ ਵਿੱਚ ਯੇਲੇਨਾ ਯਾਂਕੋਵਿਚ ਨਾਲ ਮੁਕਾਬਲਾ ਹੋਵੇਗਾ। ਮਹਿਲਾਵਾਂ ਵਰਗ ਦਾ ਦੂਜਾ ਸੈਮੀ ਫਾਈਨਲ ਮੁਕਾਬਲਾ ਰੋਮਾਨੀਆ ਦੀ ਸਿਮੋਨਾ ਹੈਲੇਪ ਅਤੇ ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਵਿਚਾਲੇ ਖੇਡਿਆ ਜਾਵੇਗਾ।

Facebook Comment
Project by : XtremeStudioz