Close
Menu

‘ਇੱਕ ਥੱਪੜ ਦੀ ਮਾਰ ਹੈ ਮਸੂਦ ਅਜ਼ਹਰ’

-- 19 February,2019

ਨਵੀਂ ਦਿੱਲੀ, 19 ਫਰਵਰੀ
ਮੌਲਾਨਾ ਮਸੂਦ ਅਜ਼ਹਰ ਦੀ 1994 ਵਿਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਉਸ ਤੋਂ ਪੁੱਛ-ਪੜਤਾਲ ਕਰਨ ਵਾਲੇ ਇਕ ਸਾਬਕਾ ਪੁਲੀਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਦੁਨੀਆ ਦੇ ਸਭ ਤੋਂ ਖ਼ਤਰਨਾਕ ਅਤਿਵਾਦੀਆਂ ’ਚ ਸ਼ੁਮਾਰ ਅਜ਼ਹਰ ‘ਇਕ ਥੱਪੜ ਦੀ ਹੀ ਮਾਰ ਹੈ’ ਤੇ ਹਿਰਾਸਤ ਵਿਚ ਪੁੱਛਗਿੱਛ ਵੇਲੇ ਉਹ ‘ਕੰਬਣ’ ਲੱਗ ਜਾਂਦਾ ਸੀ। ਅਜ਼ਹਰ ਪੁਰਤਗਾਲ ਦੇ ਪਾਸਪੋਰਟ ’ਤੇ ਬੰਗਲਾਦੇਸ਼ ਰਾਹੀਂ ਭਾਰਤ ਦਾਖ਼ਲ ਹੋਇਆ ਸੀ ਤੇ ਉਸ ਤੋਂ ਬਾਅਦ ਕਸ਼ਮੀਰ ਪੁੱਜ ਗਿਆ। ਉਸ ਨੂੰ 1994 ਵਿਚ ਦੱਖਣੀ ਕਸ਼ਮੀਰ ਦੇ ਅਨੰਤਨਾਗ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇੰਟੈਲੀਜੈਂਸ ਬਿਊਰੋ ਵਿਚ ਕਰੀਬ ਦੋ ਦਹਾਕੇ ਸੇਵਾਵਾਂ ਦਿੰਦੇ ਰਹੇ ਤੇ ਸਿੱਕਿਮ ਪੁਲੀਸ ਦੇ ਸਾਬਕਾ ਡਾਇਰੈਕਟਰ ਜਨਰਲ ਅਵਿਨਾਸ਼ ਮੋਹਨਾਨੇ ਨੇ ਕਿਹਾ ਕਿ ਹਿਰਾਸਤ ਦੌਰਾਨ ਏਜੰਸੀਆਂ ਨੂੰ ਜ਼ਿਆਦਾ ਜੱਦੋਜਹਿਦ ਨਹੀਂ ਕਰਨੀ ਪਈ ਤੇ ਇੱਕੋ ਚਪੇੜ ਤੋਂ ਬਾਅਦ ਉਸ ਨੇ ਭੇਤ ਜ਼ਾਹਿਰ ਕਰਨੇ ਸ਼ੁਰੂ ਕਰ ਦਿੱਤੇ ਸਨ। ਉਸ ਨੇ ਪਾਕਿਸਤਾਨ ਵਿਚ ਜਾਰੀ ਅਤਿਵਾਦੀ ਟਿਕਾਣਿਆਂ ਬਾਰੇ ਜਾਣਕਾਰੀ ਦਿੱਤੀ। ਮਸੂਦ ਅਜ਼ਹਰ ਨੂੰ ਅਗਵਾ ਕੀਤੀ ਗਈ ਇੰਡੀਅਨ ਏਅਰਲਾਈਨਜ਼ ਦੀ ਉਡਾਨ ਬਦਲੇ 1999 ਵਿਚ ਤਤਕਾਲੀ ਭਾਜਪਾ ਸਰਕਾਰ ਨੇ ਰਿਹਾਅ ਕੀਤਾ ਸੀ।
ਇਸ ਤੋਂ ਬਾਅਦ ਅਜ਼ਹਰ ਨੇ ਜੈਸ਼-ਏ-ਮੁਹੰਮਦ ਕਾਇਮ ਕੀਤੀ ਤੇ ਭਾਰਤ ਖ਼ਿਲਾਫ਼ ਕਈ ਵੱਡੇ ਅਤਿਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ। ਇਨ੍ਹਾਂ ਵਿਚ ਸੰਸਦ, ਪਠਾਨਕੋਟ ਏਅਰਬੇਸ, ਉੜੀ ਫ਼ੌਜੀ ਕੈਂਪ ਤੇ 14 ਫਰਵਰੀ ਨੂੰ ਪੁਲਵਾਮਾ ਵਿਚ ਹੋਇਆ ਹਮਲਾ ਸ਼ਾਮਲ ਹੈ। ਅਧਿਕਾਰੀ ਨੇ ਦੱਸਿਆ ਕਿ ਅਜ਼ਹਰ ਨੇ ਅਤਿਵਾਦੀ ਸੰਗਠਨਾਂ ਲਈ ਹੁੰਦੀ ਭਰਤੀ ਤੇ ਇਨ੍ਹਾਂ ਦੀ ਕਾਰਜਪ੍ਰਣਾਲੀ, ਆਈਐੱਸਆਈ ਦੀ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ। ਸਾਬਕਾ ਆਈਪੀਐੱਸ ਅਧਿਕਾਰੀ ਅਵਿਨਾਸ਼ ਉਸ ਵੇਲੇ ਬਿਊਰੋ ਵਿਚ ਕਸ਼ਮੀਰ ਡੈਸਕ ਦੇਖ ਰਹੇ ਸਨ ਤੇ ਉਨ੍ਹਾਂ ਕੋਟ ਬਲਵਲ ਜੇਲ੍ਹ ਵਿਚ ਅਜ਼ਹਰ ਕੋਲੋਂ ਕਈ ਵਾਰ ਪੁੱਛ-ਪੜਤਾਲ ਕੀਤੀ ਸੀ।

Facebook Comment
Project by : XtremeStudioz