Close
Menu

ਇੱਲ ਦਾ ਪਰਛਾਵਾਂ

-- 06 March,2016

ਦੇਵ, ਜਿਸ ਫੈਕਟਰੀ ਵਿੱਚ ਕੰਮ ਕਰਦਾ ਸੀ, ਉਸ ਦੇ ਨੇਡ਼ੇ ਇੱਕ ਮਹੰਤ ਨੇ ਡੇਰਾ ਬਣਾਇਆ ਹੋਇਆ ਸੀ ਜੋ ਲੋਕਾਂ ਨੂੰ ਪੁੱਛਾਂ ਦਿੰਦਾ ਅਤੇ ਕਸਰਾਂ ਵੀ ਕੱਢਦਾ। ਦੇਵ ਦੀ ਫੈਕਟਰੀ ਦੇ ਕਈ ਕਾਮੇ ਮਹੰਤ ਦੇ ਸੇਵਕ ਹੋਣ ਕਰਕੇ ਉਹ ਵੀ ਉਸ ਦਾ ਸੇਵਕ ਬਣ ਗਿਆ ਸੀ। ਹੁਣ ਉਹ ਹਰ ਰੋਜ਼ ਸਵੇਰੇ ਕੰਮ ’ਤੇ ਜਾਣ ਤੋਂ ਪਹਿਲਾਂ ਪੰਜ-ਦਸ ਮਿੰਟ ਉੱਥੇ ਰੁਕ ਕੇ ਜਾਂਦਾ ਅਤੇ ਆਥਣੇ ਛੁੱਟੀ ਸਮੇਂ ਅੱਧਾ-ਪੌਣਾ ਘੰਟਾ ਸੇਵਾ ਕਰਵਾ ਕੇ ਘਰ ਨੂੰ ਆਉਂਦਾ। ਤਨਖ਼ਾਹ ਵਾਲੇ ਦਿਨ ਉਹ ਆਪਣੀ ਨੇਕ-ਕਮਾਈ ’ਚੋਂ ਬਾਬੇ ਨੂੰ ਭੇਟਾ ਵੀ ਚਡ਼੍ਹਾਉਂਦਾ। ਉਸ ਨੂੰ ਬਾਬੇ ਦੀਆਂ ਗੱਲਾਂ ਉੱਤੇ ਬਹੁਤ ਵਿਸ਼ਵਾਸ ਹੋਣ ਕਰਕੇ ਉਹ ਸਮਝਦਾ ਕਿ ਬਾਬੇ ਦੇ ਦੱਸੇ ਹੋਏ ਕਿਸੇ ਵੀ ‘ਮੰਤਰ’ ਨਾਲ ਉਹ ਰਾਤੋ-ਰਾਤ ਅਮੀਰ ਹੋ ਸਕਦੈ ਜਿਸ ਕਰਕੇ ਉਹ ਬਾਬੇ ’ਚ ਅੰਨ੍ਹੀ ਸ਼ਰਧਾ ਰੱਖਦਾ।
ਦਰਅਸਲ ਦੇਵ ਦੇ ਘਰੇ ਉਸ ਦੀ ਪਤਨੀ, ਦੋ ਬੱਚੇ ਅਤੇ ਬੁੱਢੇ ਮਾਤਾ-ਪਿਤਾ ਹੋਣ ਕਰਕੇ ਉਸ ਦੀ ਸਾਰੀ ਤਨਖ਼ਾਹ ਘਰ ਵਿੱਚ ਹੀ ਖਰਚ ਹੋ ਜਾਂਦੀ ਅਤੇ ਵਾਧੂ ਪੈਸੇ ਨਾ ਜੁਡ਼ਨ ਕਰਕੇ ਉਹ ਆਪਣੇ-ਆਪ ਉੱਤੇ ਹਮੇਸ਼ਾਂ ਗਰੀਬੀ ਦੇ ਬੱਦਲ ਛਾਏ ਹੋਏ ਹੀ ਸਮਝਦਾ। ਇਸੇ ਗ਼ਰੀਬੀ ਨੂੰ ਦੂਰ ਕਰਨ ਦੇ ਚੱਕਰ ’ਚ ਉਲਝਿਆ ਹੋਇਆ ਹੋਣ ਕਰਕੇ ਇੱਕ ਦਿਨ ਬਾਬੇ ਨੇ ਉਸ ਨੂੰ ਕਿਹਾ ਸੀ ਕਿ ਕੱਲ੍ਹ ਸਵੇਰੇ ਡੇਰੇ ਪੁੱਜ ਜਾਵੀਂ, ਤੈਨੂੰ ਗ਼ਰੀਬੀ ਦੂਰ ਕਰਨ ਦਾ ਕੋਈ ਮੰਤਰ ਦਿਆਂਗੇ।
ਅਗਲੇ ਦਿਨ ਛੁੱਟੀ ਹੋਣ ਕਾਰਨ ਵੀ ਦੇਵ ਡੇਰੇ ਜਾ ਪੁੱਜਿਆ। ਉੱਥੇ ਜਾ ਕੇ ਉਸ ਨੇ ਸਾਰਾ ਡੇਰਾ ਸਾਫ਼ ਕੀਤਾ ਅਤੇ ਫੇਰ ਹੱਥ ਪੈਰ ਧੋ ਕੇ ਅੰਦਰ ਬਾਬੇ ਮੂਹਰੇ ਜਾ ਕੇ ਬੈਠਦਾ ਹੀ ਬੋਲਿਆ, ‘‘ਬਾਬਾ ਜੀ, ਕੋਈ ਅਜਿਹੀ ਕਿਰਪਾ ਕਰੋ ਮਾਇਆ ਦੀ ਕਿ ਲੋਕ ਸਾਡੇ ਵੱਲ ਦੇਖਦੇ ਹੀ ਰਹਿ ਜਾਣ।’’
ਬਾਬਾ ਆਪਣੇ ਆਸਣ ’ਤੇ ਅੱਖਾਂ ਬੰਦ ਕਰੀ ਬੈਠਾ ਸੀ। ਫਿਰ ਅੱਖਾਂ ਖੋਲ੍ਹ ਕੇ ਦੇਵ ਨੂੰ ਪੁੱਛਣ ਲੱਗਿਆ, ‘‘ਬੇਟਾ, ਕਦੇ ਉੱਡਦੀ ਹੋਈ ਇੱਲ ਦੇਖੀ ਐ?’’
‘‘ਜੀ ਮਹਾਰਾਜ, ਦੇਖੀ ਐ ਜੀ’’, ਉਸ ਨੇ ਹੱਥ ਜੋਡ਼ ਕੇ ਕਿਹਾ।
ਬਾਬੇ ਨੇ ਇੱਕ ਚੁਟਕੀ ਵਜਾਈ, ‘‘ਬਸ, ਬਣ ਗਈ ਫਿਰ ਗੱਲ। ਕੱਲ੍ਹ ਬਡ਼ਾ ਸ਼ੁਭ ਦਿਨ ਐ। ਤੂੰ ਉੱਡੀ ਜਾਂਦੀ ਇੱਲ ਦੇ ਪਰਛਾਵੇ ਨੂੰ ਪੈਰ ਥੱਲੇ ਦੱਬਣੈ। ਕੇਰਾਂ ਤੇਰਾ ਪੈਰ ਪਰਛਾਵੇਂ ’ਤੇ ਧਰਿਆ ਗਿਆ ਨਾ ਤਾਂ ਤੂੰ ਸਮਝ ਲੈ ਤੇਰੇ ’ਤੇ ਮਾਇਆ ਦੇ ਖ਼ਜ਼ਾਨੇ ਦੀ ਕਿਰਪਾ ਹੋ ਗਈ।’’
ਇਹ ਗੱਲ ਸੁਣਦੇ ਹੀ ਦੇਵ ਨੇ ਜੇਬ ’ਚੋਂ ਸੌ ਦਾ ਨੋਟ ਕੱਢ ਕੇ ਬਾਬੇ ਨੂੰ ਮੱਥਾ ਟੇਕਿਆ ਅਤੇ ਇਜਾਜ਼ਤ ਲੈ ਕੇ ਖ਼ੁਸ਼ੀ-ਖ਼ੁਸ਼ੀ ਘਰ  ਵਾਪਸ ਆ ਗਿਆ। ਅਗਲੀ ਸਵੇਰ ਉਹ ਫੈਕਟਰੀ ਨਹੀਂ ਨਾ ਗਿਆ ਅਤੇ ਘਰੋਂ ਨਾਸ਼ਤਾ ਕਰਕੇ ਪਿੰਡ ਦੇ ਨਾਲ ਲੱਗਵੇਂ ਇੱਕ ਖਾਲੀ ਖੇਤ ਵਿੱਚ ਚਲਾ ਗਿਆ ਤੇ ਉੱਥੇ ਜਾ ਕੇ ਉਹ ਅਸਮਾਨ ਵੱਲ ਟਿਕਟਿਕੀ ਲਾ ਕੇ ਦੇਖਣ ਲੱਗ ਪਿਆ ਅਤੇ ਕਿਸੇ ਉੱਡਦੀ ਹੋਈ ਇੱਲ ਦੀ ਉਡੀਕ ਕਰਨ ਲੱਗਿਆ। ਕੋਈ ਅੱਧੇ ਘੰਟੇ ਬਾਅਦ ਜਦੋਂ ਉਸ ਨੂੰ ਇੱਕ ਇੱਲ ਉੱਡਦੀ ਨਜ਼ਰ ਪਈ ਤਾਂ ਉਸ ਨੇ ਸੋਚਿਆ ਕਿ ਇਹ ਵੀ ਬਾਬੇ ਦੀ ਕ੍ਰਿਪਾ ਨਾਲ ਹੀ ਆਈ ਹੈ, ਨਹੀਂ ਤਾਂ ਅੱਜ ਕੱਲ੍ਹ ਇੱਲਾਂ ਉਂਝ ਹੀ ਦਿਖਾਈ ਨਹੀਂ ਦਿੰਦੀਆਂ। ਇੱਲ ਵੀ ਉਸ ਵੱਲ ਨੂੰ ਹੀ ਆ ਰਹੀ ਸੀ, ਜਦੋਂ ਉਸ ਇੱਲ ਦਾ ਪਰਛਾਵਾਂ ਤੇਜ਼ੀ ਨਾਲ ਉਸ ਦੇ ਕੋਲੋਂ ਦੀ ਲੰਘਣ ਲੱਗਿਆ ਤਾਂ ਉਹ ਝੱਟ ਉਸ ਦੇ  ਪਿੱਛੇ ਭੱਜ ਲਿਆ। ਉਸ ਦਾ ਧਿਆਨ ਪਰਛਾਵੇਂ ਨੂੰ ਪੈਰ ਥੱਲੇ ਦੱਬਣ ਉੱਤੇ ਹੀ ਟਿਕਿਆ ਹੋਇਆ ਸੀ। ਉਹ ਪਰਛਾਵੇਂ ਪਿੱਛੇ ਦੌਡ਼ਦਾ ਹੋਇਆ ਅਚਾਨਕ ਨਾਲ ਵਾਲੇ ਖੇਤ ’ਚ ਪਹੁੰਚ ਗਿਆ ਜਿੱਥੇ ਖੇਤ ਦੇ ਮਾਲਕ ਨੇ ਆਵਾਰਾ-ਪਸ਼ੂਆਂ ਦੇ ਨੁਕਸਾਨ ਤੋਂ ਬਚਾਅ ਲਈ ਕੰਡੇਦਾਰ ਤਾਰ ਲਾਈ ਹੋਈ ਸੀ। ਉਹ ਤਾਰ ’ਚ ਉਲਝ ਗਿਆ। ਉਸ ਦੇ ਸਰੀਰ ਨੂੰ ਤਾਰਾਂ ਨੇ ਕਈ ਥਾਂਵਾਂ ਤੋਂ ਜ਼ਖ਼ਮੀ ਕਰ ਦਿੱਤਾ ਅਤੇ ਉਸ ਦੇ ਕੱਪਡ਼ੇ ਖ਼ੂਨ ਨਾਲ ਭਿੱਜਣੇ ਸ਼ੁਰੂ ਹੋ ਗਏ। ਜਦੋਂ ਤਕ ਉਹ ਸੰਭਲਿਆ, ਉਦੋਂ ਤਕ ਇੱਲ ਦੂਰ ਜਾ ਚੁੱਕੀ ਸੀ।
ਖ਼ੂਨ ਨਾਲ ਭਿੱਜੇ ਹੋਏ ਕੱਪਡ਼ੇ ਦੇਖ ਕੇ ਉਸ ਨੂੰ ਸ਼ਰਮ ਆਈ। ਉਹ ਮਨ ਹੀ ਮਨ ਪਛਤਾਉਣ ਲੱਗਿਆ ਕਿ ਮੈਂ ਤਾਂ ਇੱਥੇ ਅਮੀਰ ਬਣਨ ਦੇ ਚੱਕਰ ’ਚ ਆਇਆ ਸੀ, ਪਰ ਮੇਰੇ ਤਾਂ ਇਹ ਕੱਪਡ਼ੇ ਵੀ ਪਾਡ਼ੇ ਗਏ ਤੇ ਇਨ੍ਹਾਂ ਸੱਟਾਂ ਕਰਕੇ ਸ਼ਾਇਦ ਹਫ਼ਤਾ ਭਰ ਕੰਮ ’ਤੇ ਵੀ ਨਾ ਜਾ ਸਕਾਂ। ਅਜਿਹੀ ਹਾਲਤ ’ਚ ਜਦੋਂ ਉਹ ਆਪਣੇ ਘਰ ਪਹੁੰਚਿਆ ਤਾਂ ਘਰ ਦੇ ਸਾਰੇ ਮੈਂਬਰ ਉਸ ਨੂੰ ਦੇਖ ਕੇ ਡਰ ਗਏ, ਪਰ ਜਦੋਂ ਉਸ ਨੇ ਸਾਰੀ ਗੱਲ ਦੱਸੀ ਤਾਂ ਪਰਿਵਾਰ ਵਾਲਿਆਂ ਨੂੰ ਦੇਵ ’ਤੇ ਬਹੁਤ ਗੁੱਸਾ ਆਇਆ, ਜਿਸ ਨੇ ਬਾਬੇ ਦੀ ਝੂਠੀ ਗੱਲ ਮੰਨ ਕੇ ਆਪਣੇ ਸਰੀਰ, ਕੱਪਡ਼ਿਆਂ ਅਤੇ ਕੰਮ ਦਾ ਨੁਕਸਾਨ ਕੀਤਾ।
ਅਖੀਰ ਪਿਤਾ ਜੀ ਬੋਲੇ, ‘‘ਬੇਟਾ, ਤੂੰ ਜਿੰਨਾ ਸਮਾਂ ਉਸ ਬਾਬੇ ਦੀ ਸੇਵਾ ਕਰਨ ’ਚ ਖ਼ਰਾਬ ਕਰਦਾ ਰਿਹਾਂ, ਜੇ ਓਨਾ ਸਮਾਂ ਫੈਕਟਰੀ ’ਚ ਓਵਰ-ਟਾਈਮ ਲਾਉਂਦਾ ਤਾਂ ਘਰ ਦੇ ਖਰਚੇ ਨੂੰ ਸੁਖਾਲਾ ਵੀ ਕਰ ਸਕਦਾ ਸੀ ਤੇ ਕੁਝ ਪੈਸੇ ਵੀ ਜੋਡ਼ ਸਕਦਾ ਸੀ। ਹੁਣ ਤੂੰ ਜਾਣ ਗਿਆਂ ਨਾ ਬਿਨਾਂ ਮਿਹਨਤ ਕੀਤਿਆਂ ਅਮੀਰ ਬਣਨ ਦਾ ਹਾਲ?
ਦੇਵ ਆਪਣੇ ਪਿਤਾ ਤੋਂ ਮੁਆਫ਼ੀ ਮੰਗਦਾ ਹੋਇਆ ਬੋਲਿਆ ਕਿ ਮੇਰੀ ਅਕਲ ’ਤੇ ਪਰਦਾ ਪੈ ਗਿਆ ਸੀ, ਪਰ ਅੱਗੇ ਵਾਸਤੇ ਮੈਂ ਹਮੇਸ਼ਾਂ ਲਈ ਸਮਝ ਗਿਆ ਹਾਂ।
ਦੇਵ ਮੂੰਹੋਂ ਇਉਂ ਸੁਣਦੇ ਹੀ ਉਸ ਦਾ ਬੇਟਾ ਤੁਰੰਤ ਨਾਲ ਦੀ ਗਲੀ ’ਚੋਂ ਉਸ ਦੀ ਮੁਢਲੀ-ਸਹਾਇਤਾ ਲਈ ਡਾਕਟਰ ਨੂੰ ਬੁਲਾਉਣ ਦੌਡ਼ ਗਿਆ।

Facebook Comment
Project by : XtremeStudioz