Close
Menu

ਉਂਟੇਰੀਓ ਪ੍ਰੋਵਿੰਸ਼ਲ ਪੈਨਸ਼ਨ ਪਲਾਨ ਨੂੰ ਲੈ ਕੇ ਵਿਨ ਅਤੇ ਹਾਰਪਰ ਵਿਚ ਟਕਰਾਓ ਜਾਰੀ

-- 12 August,2015

ਟੋਰਾਂਟੋ- ਉਂਟੇਰੀਓ ਪ੍ਰੀਮੀਅਰ ਕੈਥਲਿਨ ਵਿਨ ਅਤੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦਰਮਿਆਨ ਉਂਟੇਰੀਓ ਪ੍ਰੋਵਿੰਸ਼ਲ ਪੈਨਸ਼ਨ ਪਲਾਨ ਨੂੰ ਲੈ ਸ਼ਾਬਦਿਕ ਟਕਰਾਓ ਜਾਰੀ ਹੈ।

ਜਿਉਂ ਹੀ ਵਿਨ ਉਂਟੇਰੀਓ ਪ੍ਰੋਵਿੰਸ਼ਲ ਪੈਨਸ਼ਨ ਪਲਾਨ ਬਾਰੇ ਵਿਸਤ੍ਰਿਤ ਖੁਲਾਸਾ ਕਰਨ ਜਾ ਰਹੀ ਹੈ ਤਿਉਂ ਹੀ ਹਾਰਪਰ ਨੇ ਮਾਰਖਮ ਵਿਚ ਇਸ ਪਲਾਨ ਨੂੰ ਆਮ ਲੋਕਾਂ ਤੇ ਵਾਧੂ ਟੈਕਸ ਸਕੀਮ ਕਹਿ ਕੇ ਨਾਕਾਰ ਦਿਤਾ ਹੈ।

ਮੀਡੀਆਂ ਕਾਨਫਰੰਸ ਵਿਚ ਹਾਰਪਰ ਨੂੰ ਇਸ ਯੋਜਨਾ ਬਾਰੇ ਕਿਸੇ ਨੇ ਕੋਈ ਵੀ ਪ੍ਰਸ਼ਨ ਨਹੀਂ ਕੀਤਾ ਪਰ ਸਟੀਫਨ ਹਾਰਪਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਫੈਡਰਲ ਸਰਕਾਰ ਦੀ ਸਹਿਮਤੀ ਤੋਂ ਬਗੈਰ ਇਸ ਯੋਜਨਾ ਦਾ ਲਾਗੂ ਕੀਤਾ ਜਾਣਾ ਬੇਹੱਦ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਆਰਥਿਕਤਾ, ਰੁਜ਼ਗਾਰ ਅਤੇ ਛੋਟੇ ਕਾਰੋਬਾਰਾਂ ਤੇ ਮਾੜਾ ਅਸਰ ਪਵੇਗਾ ਜਿਸ ਨਾਲ ਰੁਜ਼ਗਾਰਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ।

ਦੂਜੇ ਪਾਸੇ ਵਿਨ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਦੀ ਮਦਦ ਤੋਂ ਬਗੈਰ ਉਹ ਇਸ ਗੱਲ ਤੋਂ ਅਣਜਾਣ ਹਨ ਕਿ ਇਸ ਯੋਜਨਾ ਨੂੰ ਬਣਾਉਣ ਅਤੇ ਚਲਾਉਣ ਉੱਪਰ ਕਿੰਨਾਂ ਖਰਚ ਆਵੇਗਾ ਪਰ ਇਸ ਯੋਜਨਾ ਨੂੰ ਲਾਗੂ ਕਰਨ ਲਈ ਉਨ੍ਹਾਂ ਦੇ ਇਰਾਦੇ ਦ੍ਰਿੜ ਹਨ।

ਪ੍ਰੀਮੀਅਰ ਨੇ ਕਿਹਾ ਹੈ ਕਿ ਇਸ ਵਕਤ ਲੋਕ ਆਪਣੀ ਪੈਨਸ਼ਨ ਵਾਸਤੇ ਬਚਤ ਨਹੀਂ ਕਰ ਰਹੇ ਅਤੇ ਹਾਰਪਰ ਵਲੋਂ ਇਸ ਯੋਜਨਾ ਪ੍ਰਤੀ ਨਕਾਰਾਤਮਕ ਰਵੱਈਆ ਉਸ ਨੂੰ ਮਜ਼ਬੂਰ ਕਰ ਰਿਹਾ ਹੈ ਕਿ ਉਹ ਆਪਣੀ ਯੋਜਨਾ ਨੂੰ ਅਮਲ ਵਿਚ ਲਿਆਵੇ। ਉਂਟੇਰੀਓ ਸਕੀਮ ਅਧੀਨ ਕੰਪਨੀਆਂ ਨੂੰ ਮੁਲਾਜ਼ਮਾਂ ਦੀ ਤਨਖਾਹ ਦਾ 1.9 ਫੀਸਦੀ ਹਿੱਸਾ ਅਤੇ ਵੱਧ ਤੋਂ ਵੱਧ 1,643 ਡਾਲਰ ਸਲਾਨਾ ਇਸ ਵਿਚ ਪਾਉਣਾ ਪਵੇਗਾ ਅਤੇ ਇਸ ਦੇ ਬਰਾਬਰ ਹੀ ਵਰਕਰ ਵਲੋਂ ਹਿੱਸਾ ਪਾਇਆ ਜਾਵੇਗਾ।

ਪ੍ਰੋਵਿੰਸ਼ਲ ਪਲਾਨ 2017 ਵਿਚ ਵਡੇ ਕਾਰੋਬਾਰਾਂ ਲਈ ਸ਼ੁਰੂ ਕੀਤਾ ਜਾਵੇਗਾ ਜਿਥੇ 500 ਜਾਂ ਇਸ ਤੋਂ ਵੱਧ ਕਾਮੇਂ ਕੰਮ ਕਰਦੇ ਹੋਣਗੇ ਅਤੇ ਜਿਥੇ ਕਿਸੇ ਪੈਨਸ਼ਨ ਪਲਾਨ ਦਾ ਇੰਤਜ਼ਾਮ ਨਹੀਂ ਹੈ। 2018 ਵਿਚ ਮੱਧ ਅਕਾਰ ਦੇ ਕਾਰੋਬਾਰਾਂ ਲਈ ਇਹ ਸਕੀਮ ਲਾਗੂ ਕੀਤੀ ਜਾਣ ਵਾਲੀ ਹੈ। 1 ਜਨਵਰੀ 2019 ਤੋਂ ਛੋਟੇ ਕਾਰੋਬਾਰਾਂ ਲਈ ਅਤੇ ਜਿਨ੍ਹਾਂ ਵਿੱਚ ਕਾਮਿਆਂ ਦੀ ਗਿਣਤੀ 50 ਜਾਂ 50 ਤੋਂ ਘੱਟ ਹੋਵੇਗੀ ਉਨ੍ਹਾਂ ਵਾਸਤੇ ਲਾਗੂ ਕੀਤੀ ਜਾਣ ਵਾਲੀ ਹੈ।

ਕੰਪਨੀਆਂ ਜਿਨ੍ਹਾਂ ਦੀਆਂ ਪੈਨਸ਼ਨਾਂ ਵਰਕਰਾਂ ਦੀ ਤਨਖਾਹ ਦੇ 8 ਫੀਸਦੀ ਦੇ ਬਰਾਬਰ ਹੋਵੇਗੀ ਉਨ੍ਹਾਂ ਨੂੰ ਇਸ ਸਕੀਮ ਤੋਂ ਬਾਹਰ ਰਹਿਣ ਦੀ ਖੁਲ੍ਹ ਹੋਵੇਗੀ ਅਤੇ ਇਸ ਵਿਚ ਇੰਪਲੋਅਰ ਦਾ 4 ਫੀਸਦੀ ਹਿੱਸਾ ਹੋਣਾ ਜਰੂਰੀ ਹੈ।

ਜਿਹੜੇ ਕਾਰੋਬਾਰਾਂ ਵਿਚ ਵਰਕਪਲੇਸ ਪੈਨਸ਼ਨ ਪਲਾਨ ਹੈ ਅਤੇ ਇਹ ਸਰਕਾਰੀ ਅੰਕੜਿਆਂ ਦੇ ਅਨੁਸਾਰ ਨਹੀਂ ਹੈ ਅਤੇ ਜਿਹੜੇ ਮੁਲਾਜ਼ਮ ਇਸ ਪਲਾਨ ਦਾ ਹਿੱਸਾ ਨਹੀਂ ਹਨ ਉਨ੍ਹਾਂ ਨੂੰ ਇਸ ਯੋਜਨਾਂ ਵਿਚ ਜਨਵਰੀ 1, 2020 ਤੋਂ ਹਿੱਸੇਦਾਰੀ ਪਾਉਣੀ ਲਾਜ਼ਮੀ ਹੋਵੇਗੀ। ਜੋ ਕਿ ਪ੍ਰਧਾਨ ਮੰਤਰੀ ਸਟੀਫਨ ਹਾਰਪਨ ਅਨੁਸਾਰ ਕਾਰੋਬਾਰੀਆਂ ਅਤੇ ਵਰਕਰਾਂ ਤੇ ਵਾਧੂ ਭਾਰ ਹੈ।

ਅਗਰ ਪ੍ਰੀਮੀਅਰ ਵਿਨ ਵਲੋਂ ਇਸ ਮੁੱਦੇ ਤੇ ਸਿਆਸਤ ਕੀਤੀ ਜਾ ਰਹੀ ਹੈ ਤਾਂ ਕਿ ਫੈਡਰਲ ਲਿਬਰਲ ਆਗੂ ਜਸਟਿਨ ਟਰੂਡੋ ਇਸ ਗੱਲ ਦਾ ਵਾਅਦਾ ਕਰਦੇ ਹਨ ਕਿ ਇਸ ਤਰ੍ਹਾਂ ਦੀ ਪੈਨਸ਼ਨ ਪਲਾਨ ਇਕੱਲੇ ਉਂਟੇਰੀਓ ਵਿਚ ਹੀ ਨਹੀਂ ਬਲਕਿ ਸਾਰੇ ਪਰੌਵਿੰਸਾਂ ਵਿਚ ਲਾਗੂ ਹੋਣਾ ਚਾਹੀਦਾ ਹੈ?

Facebook Comment
Project by : XtremeStudioz