Close
Menu

ਉਮੀਦ ਕਾਇਮ ਰੱਖਣ ਲਈ ਭਿੜਨਗੇ ਪਾਕਿ ਤੇ ਵੈਸਟ ਇੰਡੀਜ਼

-- 21 February,2015

ਕਰਾਈਸਟਚਰਚ, ਆਪਣੇ ਸ਼ੁਰੂਆਤੀ ਮੈਚਾਂ ਵਿੱਚ ਹਾਰ ਦਾ ਮੂੰਹ ਦੇਖਣ ਬਾਅਦ ਪਾਕਿਸਤਾਨ ਤੇ ਵੈਸਟ ਇੰਡੀਜ਼ ਵਿਸ਼ਵ ਕੱਪ ’ਚ ਆਪਣੀਆਂ ਉਮੀਦਾਂ ਬਰਕਰਾਰ ਰੱਖਣ ਲਈ ਭਲਕੇ ਆਹਮੋ-ਸਾਹਮਣੇ ਹੋਣਗੇ। ਦੱਸਣਯੋਗ ਹੈ ਕਿ ਇਨ੍ਹਾਂ ਟੀਮਾਂ ਦੀ ਸ਼ੁਰੂਆਤ ਮਾੜੀ ਰਹੀ ਹੈ। ਪਾਕਿਸਤਾਨ ਨੂੰ ਪਹਿਲੇ ਮੈਚ ’ਚ ਭਾਰਤ ਨੇ ਹਰਾ ਦਿੱਤਾ ਸੀ। ਜਦੋਂ ਕਿ ਵੈਸਟ ਇੰਡੀਜ਼ ਨੂੰ ਕਮਜ਼ੋਰ ਮੰਨੀ ਜਾ ਰਹੀ ਆਇਰਲੈਂਡ ਦੀ ਟੀਮ ਨੇ ਧੂੜ ਚਟਾ ਦਿੱਤੀ ਸੀ। ਪਾਕਿਸਤਾਨ ਤੇ ਵੈਸਟ ਇੰਡੀਜ਼ ਪੂਲ ‘ਬੀ’ ਦੀ ਸੂਚੀ ’ਚ ਆਖਰੀ ਦੋ ਸਥਾਨਾਂ ’ਤੇ ਹਨ। ਇੱਥੋਂ ਤੱਕ ਕੇ ਚੌਥੇ ਸਥਾਨ ’ਤੇ ਕਾਬਜ਼ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਇਨ੍ਹਾਂ ਦੋਹਾਂ ਦਾ ਨੈੱਟ ਰਨ-ਰੇਟ ਕਾਫੀ ਘੱਟ ਹੈ। ਪਾਕਿਸਤਾਨ ਦਾ ਭਾਰਤ ਖ਼ਿਲਾਫ਼ ਯੂਨਿਸ ਖ਼ਾਨ ਨੂੰ ਪਾਰੀ ਦੇ ਆਗਾਜ਼ ਲਈ ਭੇਜਣਾ ਅਤੇ ਪਾਰਟਟਾਈਮ ਵਿਕਟ ਕੀਪਰ ਉਮਰ ਅਕਮਲ ਨੂੰ ਅਜ਼ਮਾਉਣ ਦਾ ਫੈਸਲਾ ਗਲਤ ਸਿੱਧ ਹੋਇਆ।
ਹੁਣ ਉਹ ਵੈਸਟ ਇੰਡੀਜ਼ ਖ਼ਿਲਾਫ਼ ਵਾਪਸੀ ਕਰਨ ਲਈ ਆਪਣੀ ਟੀਮ ’ਚ ਕਾਫੀ ਬਦਲਾਅ ਕਰ ਸਕਦਾ ਹੈ। ਭਾਰਤ ਖ਼ਿਲਾਫ਼ ਐਡੀਲੇਡ ’ਚ 301 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿ ਟੀਮ ਦਾ ਯੂਨਿਸ ਕੇਵਲ 6 ਦੌੜਾਂ ’ਤੇ ਹੀ ਆਊਟ ਹੋ ਗਿਆ ਸੀ ਜਦੋਂ ਕਿ ਅਕਮਲ ਖਾਤਾ ਵੀ ਨਹੀਂ ਖੋਲ੍ਹ ਸਕਿਆ ਸੀ। ਪਾਕਿ ਦੇ ਗੇਂਦਬਾਜ਼ ਵੀ ਪ੍ਰਭਾਵਿਤ ਨਹੀਂ ਕਰ ਸਕੇ ਸਨ ਅਤੇ ਟੀਮ ਨੂੰ ਆਫ ਸਪਿੰਨਰ ਸਈਦ ਅਜ਼ਮਲ ਦੀ ਕਮੀ ਰੜਕੀ ਸੀ। ਕੇਵਲ ਸੋਹੇਲ ਖ਼ਾਨ ਦਸ ਓਵਰਾਂ ’ਚ 55 ਦੌੜਾਂ ਦੇ ਕੇ ਚਾਰ ਵਿਕਟਾਂ ਝਟਕਾ ਸਕਿਆ ਸੀ। ਉੱਧਰ ਵੈਸਟ ਇੰਡੀਜ਼ ਨੂੰ ਆਇਰਲੈਂਡ ਹੱਥੋਂ ਮਿਲੀ ਚਾਰ ਵਿਕਟਾਂ ਦੀ ਹਾਰ ਬਾਅਦ ਕਰੜੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਲੈਂਡਲ ਸਿਮੋਨਜ਼ ਦੀਆਂ 102 ਦੌੜਾਂ ਬਦੌਲਤ ਕੈਰੇਬੀਅਨ ਟੀਮ ਨੇ 304 ਦੌੜਾਂ ਬਣਾਈਆਂ ਸਨ ਪਰ ਗੇਂਦਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਕਾਰਨ ਉਸ ਨੂੰ ਕਮਜ਼ੋਰ ਟੀਮ ਹੱਥੋਂ ਹਾਰ ਦੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਭਲਕੇ ਦੇ ਮੈਚ ਵਿੱਚ ਵੈਸਟ ਇੰਡੀਜ਼ ਨੂੰ ਕ੍ਰਿਸ ਗੇਲ ਤੋਂ ਵਿਸਫੋਟਕ ਪ੍ਰਦਰਸ਼ਨ ਦੀ ਉਮੀਦ ਰਹੇਗੀ। ਜੇਕਰ ਕੈਰੇਬੀਅਨ ਟੀਮ ਨੇ ਟੂਰਨਾਮੈਂਟ ਦੇ ਨਾਕਆਊਟ ਗੇੜ ’ਚ ਜਗ੍ਹਾ ਬਣਾਉਣੀ ਹੈ ਤਾਂ ਇਸ ਬੱਲੇਬਾਜ਼ ਨੂੰ ਵੱਡੀ ਪਾਰੀ ਖੇਡਣੀ ਪਵੇਗੀ। ਇਹ ਟੀਮ ਗੇਂਦਬਾਜ਼ ਸੁਨੀਲ ਨਾਰਾਇਣ ਬਿਨਾਂ ਉਤਰ ਰਹੀ ਹੈ। ਹੁਣ ਉਸ ਦੀਆਂ ਉਮੀਦਾਂ ਕਪਤਾਨ ਜੇਸਨ ਹੋਲਡਰ, ਆਂਦਰੇ ਰਸੇਲ, ਜੇਰੋਮ ਟੇਲਰ ’ਤੇ ਟਿਕੀਆਂ ਰਹਿਣਗੀਆਂ।

Facebook Comment
Project by : XtremeStudioz