Close
Menu

ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨੂੰ ਮਿਲੇ ਮੋਦੀ

-- 07 July,2015

ਤਾਸ਼ਕੰਦ, 7 ਜੁਲਾਈ-ਮੱਧ ਏਸ਼ੀਆ ਦੇ ਦੌਰੇ ‘ਤੇ ਇਥੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਇਸਲਾਮ ਕਾਰੀਮੋਵ ਨਾਲ ਮੁਲਾਕਾਤ ਕੀਤੀ ਤੇ ਪ੍ਰਮੁੱਖ ਦੁਵੱਲੇ ਅਤੇ ਖੇਤਰੀ ਮੁੱਦਿਆਂ ‘ਤੇ ਗੱਲਬਾਤ ਕੀਤੀ। ਇਸ ਦੇ ਇਲਾਵਾ ਉਨ੍ਹਾਂ ਨੇ ਅਫਗਾਨਿਸਤਾਨ ਦੀ ਸਥਿਤੀ ਬਾਰੇ ਵੀ ਚਰਚਾ ਕੀਤੀ। ਇਸੇ ਦੌਰਾਨ ਦੋਵੇਂ ਦੇਸ਼ਾਂ ਨੇ ਵਿਦੇਸ਼ੀ ਮਾਮਲੇ, ਸੱਭਿਆਚਾਰ ਅਤੇ ਸੈਰ-ਸਪਾਟਾ ਦੇ ਖੇਤਰ ‘ਚ ਤਿੰਨ ਸਮਝੌਤਿਆਂ ‘ਤੇ ਦਸਤਖ਼ਤ ਵੀ ਕੀਤੇ। ਗੱਲਬਾਤ ਦੌਰਾਨ ਮੋਦੀ ਅਤੇ ਕਾਰੀਮੋਵ ਨੇ ਰਣਨੀਤਕ, ਆਰਥਿਕ ਅਤੇ ਊਰਜਾ ਦੇ ਖੇਤਰ ‘ਚ ਸਬੰਧਾਂ ਨੂੰ ਮਜ਼ਬੂਤ ਬਣਾਉਣ ਸਬੰਧੀ ਚਰਚਾ ਕੀਤੀ ਤੇ ਅਫਗਾਨਿਸਤਾਨ ਦੇ ਹਾਲਾਤ ਸਮੇਤ ਪ੍ਰਮੁੱਖ ਖੇਤਰੀ ਮੁੱਦਿਆਂ ‘ਤੇ ਚਰਚਾ ਕੀਤੀ। ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਖੇਤਰ ‘ਚ ਹੀ ਨਹੀਂ ਸਗੋਂ ਏਸ਼ੀਆ ‘ਚ ਭਾਰਤ ਲਈ ਇਸ ਦੀ ਮਹੱਤਤਾ ਨੂੰ ਸਮਝਦਿਆਂ ਆਪਣੀ ਯਾਤਰਾ ਉਜ਼ਬੇਕਿਸਤਾਨ ਤੋਂ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਤੇ ਰਾਸ਼ਟਰਪਤੀ ਕਾਰੀਮੋਵ ਨੇ ਭਾਰਤ ਅਤੇ ਉਜ਼ਬੇਕਿਸਤਾਨ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਸਬੰਧੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ‘ਤੇ ਵੀ ਗੱਲਬਾਤ ਕੀਤੀ ਤੇ ਅਫਗਾਨਿਸਤਾਨ ‘ਚ ਸ਼ਾਂਤੀ ਅਤੇ ਸਥਿਤਰਾ ਦੀ ਮਹੱਤਤਾ ਨੂੰ ਮੁੜ ਦੁਹਰਾਇਆ। ਇਸੇ ਸਬੰਧੀ ਮੋਦੀ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਦੋਵੇਂ ਦੇਸ਼ਾਂ ਦੇ ਗੁਆਂਢ ‘ਚ ਵੱਧ ਰਹੇ ਅੱਤਵਾਦ ਅਤੇ ਵੱਖਵਾਦ ਬਾਰੇ ਚਿੰਤਾ ਪ੍ਰਗਟ ਕੀਤੀ। ਇਹ ਧਿਆਨ ਦਿਵਾਉਂਦਿਆਂ ਕਿ ਦੋਵੇਂ ਦੇਸ਼ਾਂ ਨੇ ਰਣਨੀਤਕ ਹਿੱਸੇਦਾਰੀ ਬਣਾਈ ਹੈ ਮੋਦੀ ਨੇ ਕਿਹਾ ਕਿ ਇਸ ਵਿਚ ਖੇਤਰ ‘ਚ ਆਰਥਿਕ ਸਹਿਯੋਗ, ਅੱਤਵਾਦ ਨਾਲ ਮੁਕਾਬਲਾ, ਸਥਿਰਤਾ ਅਤੇ ਖੇਤਰੀ ਭਾਈਚਾਰੇ ਨੂੰ ਉਤਸ਼ਾਹਿਤ ਕਰਨਾ ਸ਼ਾਮਿਲ ਹੈ। ਦੋਵੇਂ ਨੇਤਾ ਰੱਖਿਆ ਅਤੇ ਸਾਈਬਰ ਸੁਰੱਖਿਆ ਦੇ ਪ੍ਰਮੁੱਖ ਖੇਤਰਾਂ ‘ਚ ਸਹਿਯੋਗ ਨੂੰ ਤੇਜ਼ ਕਰਨ ਲਈ ਸਹਿਮਤ ਹੋਏ। ਇਸ ਸਬੰਧੀ ਇਸੇ ਸਾਲ ਦੁਵੱਲਾ ‘ਜੁਆਇੰਟ ਵਰਕਿੰਗ ਗਰੁੱਪ ਆਨ ਕਾਊਂਟਰ ਟੈਰਾਰਿਜ਼ਮ’ ਦੀ ਮੀਟਿੰਗ ਹੋਵੇਗੀ। ਮੋਦੀ ਤੇ ਕਾਰੀਮੋਵ ਨੇ ਯੂਰੇਨੀਅਮ ਆਯਾਤ ਸਬੰਧੀ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਸਮਝੌਤਾ ਹੋਇਆ ਹੈ ਜਿਸ ਤਹਿਤ ਉਜ਼ਬੇਕਿਸਤਾਨ ਸਾਨੂੰ ਯੂਰੇਨੀਅਮ ਆਯਾਤ ਕਰੇਗਾ। ਮੋਦੀ ਨੇ ਅਸ਼ਗਾਬਾਤ ਸਮਝੌਤੇ ‘ਚ ਸ਼ਾਮਿਲ ਹੋਣ ਸਬੰਧੀ ਭਾਰਤ ਲਈ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਦੇ ਸਮਰਥਨ ਦੀ ਮੰਗ ਵੀ ਕੀਤੀ।

Facebook Comment
Project by : XtremeStudioz