Close
Menu

ਉੱਤਰੀ ਕੋਰੀਆ ਨੇ ਰਸਾਇਣਕ ਪਦਾਰਥ ਨਾਲ ਕੀਤੀ ਸੀ ਕਿਮ ਜੌਂਗ-ਨਾਮ ਦੀ ਹੱਤਿਆ: ਅਮਰੀਕਾ

-- 08 March,2018

ਵਾਸ਼ਿੰਗਟਨ, ਉੱਤਰੀ ਕੋਰੀਆ ਨੇ ਪਿਛਲੇ ਸਾਲ ਮਲੇਸ਼ੀਆ ਵਿੱਚ ਆਪਣੇ ਆਗੂ ਕਿਮ ਜੋਂਗ ਉਨ ਦੇ ਮਤਰੇਏ ਭਰਾ ਦੀ ਹੱਤਿਆ ਕਰਨ ਵਾਸਤੇ ਰਸਾਇਣਕ ਪਦਾਰਥ ਦਾ ਇਸਤੇਮਾਲ ਕੀਤਾ ਸੀ। ਅਮਰੀਕਾ ਨੇ ਇਹ ਦਾਅਵਾ ਉੱਤਰੀ ਕੋਰੀਆ ਵੱਲੋਂ ਪਰਮਾਣੂ ਹਥਿਆਰ ਛੱਡਣ ਦਾ ਇੱਛੁਕ ਹੋਣ ਸਬੰਧੀ ਸੰਕੇਤ ਦਿੱਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 13 ਫਰਵਰੀ ਨੂੰ ਮਲੇਸ਼ੀਆ ਵਿੱਚ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ-ਉਨ ਦੇ ਮਤਰੇਏ ਭਰਾ ਕਿਮ ਜੋਂਗ-ਨਾਮ ਦੇ ਚਿਹਰੇ ’ਤੇ ਦਿਮਾਗ ਦੀਆਂ ਨਾੜੀਆਂ ਨੂੰ ਨਸ਼ਟ ਕਰ ਦੇਣ ਵਾਲਾ ਰਸਾਇਣ ਪਾ ਦਿੱਤਾ ਗਿਆ ਸੀ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੀਥਰ ਨੌਰਟ ਨੇ ਕਿਹਾ ਕਿ 22 ਫਰਵਰੀ ਨੂੰ ਅਮਰੀਕਾ ਨੇ 1991 ਦੇ ਰਸਾਇਣਕ ਤੇ ਜੈਵਿਕ ਹਥਿਆਰ ਕੰਟਰੋਲ ਤੇ ਜੰਗ ਰੋਕੂ ਕਾਨੂੰਨ (ਸੀਬੀਡਬਲਿਊ ਐਕਟ) ਤਹਿਤ ਇਹ ਮੰਨਿਆ ਕਿ ਉੱਤਰੀ ਕੋਰੀਆ ਦੀ ਸਰਕਾਰ ਨੇ ਕੁਆਲਾਲੰਪੁਰ ਹਵਾਈ ਅੱਡੇ ’ਤੇ ਕਿਮ ਜੋਂਗ-ਨਾਮ ਦੀ ਹੱਤਿਆ ਲਈ ਵੀਐਕਸ ਰਸਾਇਣ ਦਾ ਇਸਤੇਮਾਲ ਕੀਤਾ ਸੀ।
ਵੀਐਕਸ ਰਸਾਇਣਕ ਪਦਾਰਥ ਦਾ ਇਸਤੇਮਾਲ ਰਸਾਇਣਕ ਹਥਿਆਰ ਦੇ ਤੌਰ ’ਤੇ ਕੀਤਾ ਜਾਂਦਾ ਹੈ। ਇਸ ਦਾ ਪ੍ਰਭਾਵ ਐਨਾ ਖ਼ਤਰਨਾਕ ਹੁੰਦਾ ਹੈ ਕਿ ਇਸ ਨਾਲ ਵਿਅਕਤੀ ਦੀ ਉਸੇ ਵੇਲੇ ਮੌਤ ਹੋ ਜਾਂਦੀ ਹੈ। ਇਹ ਰਸਾਇਣਕ ਪਦਾਰਥ ਦਿਮਾਗ ਤੋਂ ਮਾਸ ਪੇਸ਼ੀਆਂ ਨੂੰ ਜਾਂਦੇ ਸਿਗਨਲ ਠੱਪ ਕਰ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਨੇ ਉੱਤਰੀ ਕੋਰੀਆ ’ਤੇ ਹੋਰ ਨਵੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ ਜੋ ਮੌਜੂਦਾ ਪਾਬੰਦੀਆਂ ਤੋਂ ਵੱਖ ਹਨ।

Facebook Comment
Project by : XtremeStudioz