Close
Menu

ਏਅਰ ਏਸ਼ੀਆ ਜਹਾਜ਼ ਦਾ ਮਲਬਾ ਜਾਵਾ ਸਾਗਰ ਵਿੱਚੋਂ ਲੱਭਾ

-- 04 January,2015

ਜਕਾਰਤਾ/ਸਿੰਗਾਪੁਰ, ਏਅਰ ਏਸ਼ੀਆ ਦੇ ਸਮੁੰਦਰ ਵਿੱਚ ਡਿੱਗੇ ਜੈੱਟ ਜਹਾਜ਼ ਦੇ ਦੋ ਵੱਡੇ ਟੁਕੜੇ ਅੱਜ ਜਾਵਾ ਸਮੁੰਦਰ ਵਿੱਚ ਲੱਭ ਲਏ ਗਏ ਹਨ। ਰਾਹਤ ਕਾਰਜਾਂ ਵਿੱਚ ਲੱਗੇ ਇੰਡੋਨੇਸ਼ੀਆ ਦੇ ਅਧਿਕਾਰੀਆਂ ਅਨੁਸਾਰ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਜਹਾਜ਼ ਅਣਅਧਿਕਾਰਤ ਉਡਾਣ ਉੱਤੇ ਸੀ ਤੇ ਇਸ ਵਿੱਚ 162 ਲੋਕ ਸਵਾਰ ਸਨ। ਲਾਪਤਾ ਜਹਾਜ਼ ਦੀ ਭਾਲ ਵਿੱਚ ਲੱਗੀ ਇੰਡੋਨੇਸ਼ੀਆ ਦੀ ਬਚਾਅ ਕਾਰਜਾਂ ਨਾਲ ਸਬੰਧਤ ਏਜੰਸੀ ਬਸਰਨਸ ਦੇ ਮੁਖੀ ਬਮਬਾਂਗ ਸੋਏਲਿਸਟੀਓ ਅਨੁਸਾਰ ਜਾਵਾ ਸਮੁੰਦਰ ਵਿੱਚ ਤੇਲ ਨਾਲ ਜੰਗੀ ਸਮੁੰਦਰੀ ਤਹਿ ਦੇ 30 ਮੀਟਰ ਹੇਠਾਂ ਦੋ ਆਕਾਰ ਨਜ਼ਰ ਆਏ ਹਨ। ਇਹ ਆਕਾਰ ਪਾਂਗਕਲਾਂ ਨੇੜੇ ਹਨ ਤੇ ਇਨ੍ਹਾਂ ਦੇ ਆਕਾਰ 9.4 ਮੀਟਰ ਤੇ 4.8 ਮੀਟਰ ਹਨ ਅਤੇ ਉਚਾਈ ਅੱਧਾ ਮੀਟਰ ਹੈ। ਇਕ ਉਹ ਆਕਾਰ 7.2 ਮੀਟਰ ਲੰਬਾ ਤੇ ਅੱਧਾ ਮੀਟਰ ਉੱਚਾ ਹੈ। ਸੋਏਲਿਸਟੀਓ ਨੇ ਕਿਹਾ ਕਿ ਤੇਲ ਦੀ ਤਹਿ ਮਿਲਣ ਨਾਲ ਅਤੇ ਹਵਾਈ ਜਹਾਜ਼ ਦੇ ਦੋ ਵੱਡੇ ਆਕਾਰ ਮਿਲਣ ਨਾਲ ਅਸੀਂ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹ ਏਅਰ ਏਸ਼ੀਆ ਦੇ ਜਹਾਜ਼ ਦੇ ਹੀ ਟੁਕੜੇ ਹਨ ਤੇ ਅਸੀਂ ਇਨ੍ਹਾਂ ਦੀ ਨਜ਼ਰਸਾਨੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਟੁਕੜਿਆਂ ਦੀਆਂ ਸਹੀ ਤਸਵੀਰਾਂ ਲੈਣ ਲਈ ਇਕ ਰੋਵ (ਰੀਮੋਟਲੀ ਅੰਡਰਵਾਟਰ ਵਹੀਕਲ) ਨੂੰ ਸਮੁੰਦਰ ਦੀ ਤਹਿ ’ਤੇ ਭੇਜਿਆ ਜਾ ਰਿਹਾ ਹੈ ਤੇ ਇਨ੍ਹਾਂ ਟੁਕੜਿਆਂ ਦੀ ਉਸ ਰਾਹੀਂ ਤਸਵੀਰਾਂ ਲਈਆਂ ਜਾਣਗੀਆ। ਉਨ੍ਹਾਂ ਦੱਸਿਆ ਕਿ ਤਿੰਨ ਸਮੁੰਦਰੀ ਜਹਾਜ਼ ਮਲਬੇ ਦੀ ਭਾਲ ਵਿੱਚ ਲੱਗੇ ਹਨ। -ਪੀ.ਟੀ.ਆਈ.

ਏਅਰ ਏਸ਼ੀਆ ਦੀ ਸੁਰਾਬਾਇਆ-ਸਿੰਗਾਪੁਰ ਉਡਾਣ ਰੱਦ
ਜਕਾਰਤਾਂ:ਇੰਡੋਨੇਸ਼ੀਆ ਦੇ ਟਰਾਂਸਪੋਰਟ ਮੰਤਰਾਲੇ ਨੇ ਅੱਜ ਕਿਹਾ ਕਿ ਜਾਵਾ ਸਮੁੰਦਰ ਵਿੱਚ ਹਾਦਸਾਗ੍ਰਸਤ ਹੋਇਆ ਏਅਰ-ਏਸ਼ੀਆ ਦਾ ਜਹਾਜ਼ ਗੈਰ-ਅਧਿਕਾਰਤ ਉਡਾਣ ਉੱਤੇ ਸੀ। ਮੰਤਰਾਲੇ ਨੇ ਕੰਮਕਾਜੀ ਘੰਟਿਆਂ ਦੀ ਉਲੰਘਣਾ ਦੇ ਦੋਸ਼ ਹੇਠ ਇਸ ਏਅਰਲਾਈਨ ਦਾ ਸੁਰਾਬਾਇਆ-ਸਿੰਗਾਪੁਰ ਰੂਟ ਬੰਦ ਕਰ ਦਿੱਤਾ ਹੈ। ਏਅਰ-ਏਸ਼ੀਆ ਇੰਡੋਨੇਸ਼ੀਆ ਨੂੰ ਇਸ ਰੂਟ ਉੱਤੇ ਸਿਰਫ ਸੋਮਵਾਰ, ਮੰਗਲਵਾਰ, ਵੀਰਵਾਰ ਤੇ ਸ਼ਨਿਚਰਵਾਰ ਨੂੰ ਉਡਾਣਾਂ ਦੀ ਇਜਾਜ਼ਤ ਸੀ ਪਰ ਏਅਰਲਾਈਨ ਨੇ ਪਰਮਿਟ ਦੀ ਉਲੰਘਣਾ ਕਰਦਿਆਂ ਇਸ ਰੂਟ ਉੱਤੇ ਐਤਵਾਰ 28 ਦਸੰਬਰ ਨੂੰ ਵੀ ਉਡਾਣ ਭੇਜੀ। ਇਹ ਉਡਾਣ ਕਯੂ ਜ਼ੈੱਡ 8501 ਹੀ ਉਸ ਦਿਨ ਹਾਦਸੇ ਦਾ ਸ਼ਿਕਾਰ ਹੋਈ, ਜਿਸ ਵਿੱਚ 162 ਯਾਤਰੀ ਸਵਾਰ ਸਨ। ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਏਅਰਲਾਈਨ ਦਾ ਸੁਰਾਬਾਇਆ-ਸਿੰਗਾਪੁਰ (ਵਾਪਸੀ) ਦਾ ਲਾਇਸੈਂਸ 2 ਜਨਵਰੀ ਤੋਂ ਆਰਜ਼ੀ ਤੌਰ ’ਤੇ ਰੱਦ ਕੀਤਾ ਗਿਆ ਹੈ। ਜਾਂਚ ਤੋਂ ਬਾਅਦ ਇਸ ਬਾਰੇ ਅਗਲਾ ਫੈਸਲਾ ਕੀਤਾ ਜਾਵੇਗਾ।

Facebook Comment
Project by : XtremeStudioz