Close
Menu

ਏਅਰ ਏਸ਼ੀਆ ਦਾ ਬਲੈਕ ਬਾਕਸ ਲੱਭਣ ਵਿੱਚ ਲੱਗ ਸਕਦੈ ਹਫ਼ਤਾ

-- 02 January,2015

ਜਕਾਰਤਾ/ਸਿੰਗਾਪੁਰ,  ਏਅਰ ਏਸ਼ੀਆ ਜਹਾਜ਼ ਨਾਲ ਵਾਪਰੇ ਹਾਦਸੇ ਦੇ ਕਾਰਨਾਂ ਤੋਂ ਪਰਦਾ ਉਠਾਉਣ ਲਈ ਬਲੈਕ ਬਾਕਸ ਮਿਲਣ ਵਿੱਚ ਅਜੇ ਹਫ਼ਤਾ ਲੱਗ ਸਕਦਾ ਹੈ। ਇੰਡੋਨੇਸ਼ੀਆ ਦੇ ਇੱਕ ਅਫਸਰ ਨੇ ਅੱਜ ਇੱਥੇ ਇਹ ਗੱਲ ਦੱਸੀ ਜਦਕਿ ਜਾਵਾ ਸਮੁੰਦਰ ਵਿੱਚ ਜਹਾਜ਼ ਦਾ ਮਲਬਾ ਅਤੇ ਲਾਸ਼ਾਂ ਬਰਾਮਦ ਕਰਨ ਲਈ ਖੋਜੀਆਂ ਨੂੰ ਖਰਾਬ ਮੌਸਮ ਤੋਂ ਵੀ ਵੱਡੀ ਮੁਸ਼ਕਿਲ ਪੇਸ਼ ਆ ਰਹੀ ਹੈ।
ਇੰਡੋਨੇਸ਼ੀਆ ਦੀ ਟਰਾਂਸਪੋਰਟ ਸੁਰੱਖਿਆ ਕਮੇਟੀ ਦੇ ਮੈਂਬਰ ਐਂਟੋਨੀਅਸ ਟੂਜ਼ ਸੈਨੀਟਿਓਸੋ ਨੇ ਕਿਹਾ ਕਿ ਜੇ  ਪੰਗਕਾਲਨ ਬੰਨ ਲਾਗੇ ਮੌਸਮ ਸਾਫ਼ ਨਾ ਹੋਇਆ ਤਾਂ ਏਅਰ ਬੱਸ ਏ 320-200 ਦਾ ਮਲਬਾ ਮਿਲਣਾ ਸੌਖਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਫਲਾਈਟ ਰਿਕਾਰਡਰ ਮਿਲਣ ’ਚ ਇੱਕ ਹਫਤਾ ਹੋਰ ਲੱਗ ਸਕਦਾ ਹੈ ਬਸ਼ਅਤੇ ਸਮੁੰਦਰ ਸ਼ਾਂਤ ਰਹੇ ਅਤੇ ਹੋਰ ਕੋਈ ਅੜਿੱਕਾ ਨਾ ਪਵੇ। ਫਲਾਈਟ ਰਿਕਾਰਡ ਲੱਭਣ ਲਈ ਪਹਿਲਾਂ ਜਹਾਜ਼ ਦਾ ਮਲਬਾ ਮਿਲਣਾ ਜ਼ਰੂਰੀ ਹੈ ਅਤੇ ਸਮੁੰਦਰ ਵਿੱਚ ਜਹਾਜ਼ ਦਾ ਅਸਲ ਥਾਂ ਬਾਰੇ ਅਜੇ ਕਾਫੀ ਭੰਬਲਭੂਸਾ ਹੈ। ਜਾਵਾ ਵਿੱਚ ਅੱਜ ਮੌਸਮ ਸਾਫ਼ ਰਹਿਣ ਕਰਕੇ ਮਲਬਾ ਤਲਾਸ਼ ਕਰ ਰਹੇ ਕਰਮੀਆਂ ਦੀਆਂ ਆਸਾਂ ਵਧ ਗਈਆਂ। ਏਅਰ ਏਸ਼ੀਆ ਦੀ ਇਸ ਉਡਾਣ ਵਿੱਚ  162 ਵਿਅਕਤੀ ਸਵਾਰ ਸਨ ਅਤੇ ਇਹ ਇੰਡੋਨੇਸ਼ੀਆ ਦੇ ਸੁਰਬਾਇਆ ਤੋਂ ਸਿੰਗਾਪੁਰ ਜਾ ਰਹੀ ਸੀ। ਬਚਾਓ-ਦਸਤੇ ਦੇ ਇੱਕ ਹੋਰ ਅਫਸਰ ਐਸ.ਬੀ. ਸੁਪ੍ਰਿਆਦੀ ਨੇ ਕਿਹਾ ਕਿ ਬਾਅਦ ਦੁਪਹਿਰ ਮੌਸਮ ਬਦਲ ਗਿਆ ਅਤੇ ਭਾਰੀ ਮੀਂਹ ਪੈਣ ਕਾਰਨ ਹੈਲੀਕਾਪਟਰ ਉਤਾਰਨੇ ਪਏ ਪਰ ਸਮੁੰਦਰੀ ਜਹਾਜ਼ ਤਲਾਸ਼ ਵਿੱਚ ਲੱਗੇ  ਹੋਏ ਸਨ। ਤਲਾਸ਼ ਅਤੇ ਬਚਾਓ ਦਸਤੇ ਦੇ ਕੋਆਰਡੀਨੇਟਰ ਸ਼ਕਾਰਬਾਓ  ਸੈਂਡੀ ਨੇ ਕਿਹਾ ਕਿ ਉਸ ਨੂੰ ਮਲਬੇ ਵਾਲੀ ਜਗ੍ਹਾ ਲੱਭ ਪੈਣ ਦੀ ਉਮੀਦ ਹੈ।

Facebook Comment
Project by : XtremeStudioz